ਸੀਸ ਤਲੀ 'ਤੇ ਟਿਕਾ ਕੇ ਲੜਨ ਵਾਲੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ
Published : Nov 15, 2017, 12:40 pm IST
Updated : Nov 15, 2017, 7:10 am IST
SHARE ARTICLE

ਸੂਰਾ ਸੌ ਪਹਿਚਾਨਿਐ ਜੂ ਲਰੇ ਦੀਨ ਦੇ ਹੇਤ।
ਪੁਰਜਾ ਪੁਰਜਾ ਕਟਿ ਮਰੇ ਕਬਹੁ ਨਾ ਛਾਡੇ ਖੇਤ॥

ਇਹਨਾਂ ਤੁਕਾਂ ਨੂੰ ਜੀਵਨ ਵਿੱਚ ਅਮਲੀ ਜਾਮਾ ਪਹਿਨਾ ਕੇ ਪੂਰਾ ਉੱਤਰਨ ਦੀ ਗੱਲ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਜੋ ਨਾਂਅ ਸਾਡੇ ਜ਼ਹਿਨ ਵਿੱਚ ਆਉਂਦਾ ਹੈ ਉਹ ਨਾਂਅ ਹੈ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ। ਜਿਹਨਾਂ ਨੇ ਬਹਾਦਰੀ ਦੀ ਐਸੀ ਪਰਿਭਾਸ਼ਾ ਲਿਖੀ ਜਿਸ ਅੱਗੇ ਆਪ ਮੁਹਾਰੇ ਸੀਸ ਝੁਕ ਜਾਂਦਾ ਹੈ।  


ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ 1682 ਈ. ਨੂੰ ਜ਼ਿਲ੍ਹਾ ਅੰਮ੍ਰਿਤਸਰ (ਹੁਣ ਤਰਨਤਾਰਨ) ਦੀ ਤਹਿਸੀਲ ਪੱਟੀ ਦੇ ਪਿੰਡ ਪਹੂਵਿੰਡ ਵਿਖੇ ਰਹਿਣ ਵਾਲੇ ਇੱਕ ਪਰਿਵਾਰ ਵਿੱਚ ਭਾਈ ਭਗਤੂ ਅਤੇ ਮਾਤਾ ਜਿਉਣੀ ਦੇ ਘਰ ਹੋਇਆ। ਜਦੋਂ ਬਾਬਾ ਜੀ ਦੀ ਉਮਰ 18 ਸਾਲ ਦੀ ਹੋਈ ਤਾਂ ਇੱਕ ਵਾਰ ਮਾਤਾ ਪਿਤਾ ਨਾਲ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਲਈ ਗਏ। ਕੁੱਝ ਦਿਨ ਰਹਿ ਕੇ ਮਾਤਾ ਪਿਤਾ ਤਾਂ ਵਾਪਸ ਪਿੰਡ ਪਹੂਵਿੰਡ ਚਲੇ ਗਏ, ਪਰ ਬਾਬਾ ਜੀ ਇੱਥੇ ਹੀ ਰਹਿ ਗਏ। ਕਲਗੀਧਰ ਪਾਤਸ਼ਾਹ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਉਹਨਾਂ ਦੇ ਜੀਵਨ ਵਿੱਚ ਮਹੱਤਵਪੂਰਨ ਮੋੜ ਆਇਆ ਅਤੇ ਉਹ ਦੀਪੇ ਤੋਂ ਦੀਪ ਸਿੰਘ ਬਣ ਗਏ।


ਸ਼੍ਰੀ ਅਨੰਦਪੁਰ ਸਾਹਿਬ ਵਿੱਚ ਰਹਿ ਕੇ ਬਾਬਾ ਜੀ ਨੇ ਸ਼ਸਤਰ ਤੇ ਸ਼ਾਸਤਰ ਵਿੱਦਿਆ ਵਿਚ ਬਰਾਬਰੀ ਨਾਲ ਮੁਹਾਰਤ ਹਾਸਲ ਕਰ ਲਈ। 20-22 ਸਾਲ ਦੀ ਉਮਰ ਤੱਕ ਜਿੱਥੇ ਭਾਈ ਮਨੀ ਸਿੰਘ ਵਰਗੇ ਉਸਤਾਦ ਕੋਲੋਂ ਗੁਰਬਾਣੀ ਦਾ ਚੋਖਾ ਗਿਆਨ ਹਾਸਲ ਕੀਤਾ, ਉੱਥੇ ਹੀ ਨਿਪੁੰਨ ਸਿਪਾਹੀ ਵੀ ਬਣ ਗਏ। ਕੁੱਝ ਸਮੇਂ ਬਾਅਦ ਬਾਬਾ ਜੀ ਆਪਣੇ ਪਿੰਡ ਪਹੂਵਿੰਡ ਆ ਗਏ ਜਿੱਥੇ ਉਹਨ੍ਹਾਂ ਨੇ ਧਰਮ ਪ੍ਰਚਾਰ ਦਾ ਕਾਰਜ ਬੜੀ ਹੀ ਲਗਨ ਅਤੇ ਸ਼ਰਧਾ ਨਾਲ ਨਿਭਾਇਆ।  


ਜਦੋਂ ਦਸਵੇਂ ਪਾਤਸ਼ਾਹ ਨੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਨ ਦੀ ਵਿਉਂਤਬੰਦੀ ਕੀਤੀ ਤਾਂ ਭਾਈ ਮਨੀ ਸਿੰਘ ਜੀ ਦੇ ਨਾਲ ਬਾਬਾ ਦੀਪ ਸਿੰਘ ਜੀ ਨੇ ਵੀ ਭਰਪੂਰ ਸਹਿਯੋਗ ਦਿੱਤਾ। ਬਾਬਾ ਜੀ ਤੋਂ ਕਲਮਾਂ, ਸਿਆਹੀ ਅਤੇ ਕਾਗਜ਼ ਆਦਿ ਤਿਆਰ ਕਰਵਾਉਣ ਦੀ ਸੇਵਾ ਲਈ ਗਈ। ਬਾਬਾ ਦੀਪ ਸਿੰਘ ਨੇ ਸ਼੍ਰੀ ਗ੍ਰੰਥ ਸਾਹਿਬ ਦੇ ਚਾਰ ਉਤਾਰੇ ਕਰਕੇ ਚਾਰੇ ਤਖਤਾਂ ਨੂੰ ਭੇਜੇ।

ਦੱਖਣ ਵੱਲ ਰਵਾਨਾ ਹੋਣ ਤੋਂ ਪਹਿਲਾਂ ਸ਼੍ਰੀ ਗੁਰੂ ਗੋਬਿੰਦ ਜੀ ਨੇ ਸ਼੍ਰੀ ਦਮਦਮਾ ਸਾਹਿਬ ਦੀ ਸੇਵਾ-ਸੰਭਾਲ ਦੀ ਜ਼ਿੰਮੇਵਾਰੀ ਬਾਬਾ ਜੀ ਨੂੰ ਸੋਂਪ ਦਿੱਤੀ। ਇਸ ਜ਼ਿੰਮੇਵਾਰੀ ਨੂੰ ਬਾਬਾ ਦੀਪ ਸਿੰਘ ਬੜੀ ਹੀ ਤਨਦੇਹੀ ਨਾਲ ਨਿਭਾਉਂਦੇ ਰਹੇ।  


1709 ਈ. ਵਿਚ ਜਦੋਂ ਬੰਦਾ ਸਿੰਘ ਬਹਾਦਰ ਨੇ ਜ਼ਾਲਮਾਂ ਦੀਆਂ ਧੱਕੇਸ਼ਾਹੀਆਂ ਨੂੰ ਨੇਸਤਨਾਬੂਦ ਕਰਨ ਲਈ ਪੰਜਾਬ ਨੂੰ ਮੁਹਾਰਾਂ ਮੋੜੀਆਂ ਤਾਂ ਬਾਬਾ ਦੀਪ ਸਿੰਘ ਨੇ ਸੈਂਕੜੇ ਮਰਜੀਵੜਿਆਂ ਦੀ ਫ਼ੌਜ ਲੈ ਕੇ ਉਹਨਾਂ ਦਾ ਡੱਟਵਾਂ ਸਾਥ ਦਿੱਤਾ। ਇਸ ਸਾਥ ਸਦਕਾ ਹੀ ਸਿੰਘਾਂ ਨੇ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਸੀ। ਦੱਸਣਯੋਗ ਹੈ ਕਿ ਬਾਬਾ ਦੀਪ ਸਿੰਘ ਸ਼ਹੀਦ ਮਿਸਲ ਦੇ ਜੱਥੇਦਾਰ ਵੀ ਸਨ।


ਅਹਿਮਦ ਸ਼ਾਹ ਅਬਦਾਲੀ ਨੇ ਹਿੰਦੋਸਤਾਨ 'ਤੇ ਕਈ ਹਮਲੇ ਕੀਤੇ। ਇਨ੍ਹਾਂ ਹਮਲਿਆਂ ਦੌਰਾਨ ਉਸ ਦੀਆਂ ਫ਼ੌਜਾਂ ਦਾ ਜੇਕਰ ਕੋਈ ਰਾਹ ਰੋਕਦਾ ਸੀ ਤਾਂ ਉਹ ਸੀ ਗੁਰੂ ਦੇ ਸਿੱਖ। ਸਿੱਖੀ ਦਾ ਖੁਰਾ ਖੋਜ ਮਿਟਾਉਣ ਲਈ ਉਸ ਨੇ ਆਪਣੇ ਪੁੱਤਰ ਤੈਮੂਰ ਨੂੰ ਪੰਜਾਬ ਦਾ ਗਵਰਨਰ ਥਾਪ ਦਿੱਤਾ ਅਤੇ ਉਸ ਦੇ ਸਹਿਯੋਗ ਲਈ ਇਕ ਜ਼ਾਲਮ ਸੁਭਾਅ ਦੇ ਸੈਨਾਪਤੀ ਜਹਾਨ ਖਾਂ ਨੂੰ ਨਿਯੁਕਤ ਕਰ ਦਿੱਤਾ।
ਜਹਾਨ ਖਾਂ ਨੂੰ ਕਿਸੇ ਨੇ ਦੱਸਿਆ ਕਿ ਜਦ ਤੱਕ ਅਮ੍ਰਿਤਸਰ ਵਿੱਚ ਪਵਿੱਤਰ ਸਰੋਵਰ ਅਤੇ ਸ਼੍ਰੀ ਦਰਬਾਰ ਸਾਹਿਬ ਮੌਜੂਦ ਹਨ, ਉਦੋਂ ਤੱਕ ਸਿੱਖਾਂ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਕਿਉਂਕਿ ਇਨ੍ਹਾਂ ਦੋਹਾਂ ਸੋਮਿਆਂ ਤੋਂ ਉਹਨਾਂ ਨੂੰ ਨਵਾਂ ਜੀਵਨ ਅਤੇ ਉਤਸ਼ਾਹ ਮਿਲਦਾ ਹੈ। 1760 ਈ. ਵਿਚ ਜਹਾਨ ਖਾਂ ਅਮ੍ਰਿਤਸਰ ਨੂੰ ਸਦਰ ਮੁਕਾਮ ਬਣਾ ਕੇ ਪਵਿੱਤਰ ਸਰੋਵਰ ਨੂੰ ਪੂਰਨ ਲੱਗ ਪਿਆ।  

ਜਹਾਨ ਖਾਂ ਦੀ ਇਸ ਵਧੀਕੀ ਦੀ ਖਬਰ ਜੱਥੇਦਾਰ ਭਾਗ ਸਿੰਘ ਨੇ ਜਦੋਂ ਤਲਵੰਡੀ ਸਾਬੋ ਬਾਬਾ ਦੀਪ ਸਿੰਘ ਨੂੰ ਦਿੱਤੀ ਤਾਂ ਉਨ੍ਹਾਂ ਦਾ ਖੂਨ ਉਬਾਲੇ ਖਾਣ ਲੱਗਾ। ਅਰਦਾਸਾਂ ਸੋਧ ਕੇ ਬਾਬਾ ਜੀ ਨੇ 18 ਸੇਰ ਦਾ ਖੰਡਾ ਚੁੱਕ ਲਿਆ ਅਤੇ ਸ਼੍ਰੀ ਅਮ੍ਰਿਤਸਰ ਸਾਹਿਬ ਨੂੰ ਚਾਲੇ ਪਾ ਦਿੱਤੇ।


ਦਮਦਮਾ ਸਾਹਿਬ ਤੋਂ ਚੱਲਣ ਸਮੇਂ ਉਨ੍ਹਾਂ ਨਾਲ ਗਿਣਤੀ ਦੇ ਹੀ ਸਿੰਘ ਸਨ, ਪਰ ਚੱਲਦਿਆਂ-ਚੱਲਦਿਆਂ ਕਾਫ਼ਲਾ ਵਧਦਾ ਗਿਆ। ਬਾਬਾ ਜੀ ਨੇ ਸਿੰਘਾਂ ਨੂੰ ਇਸ ਢੰਗ ਨਾਲ ਪ੍ਰੇਰਿਆ ਕਿ ਤਰਨਤਾਰਨ ਤੱਕ ਪਹੁੰਚਦੇ ਪਹੁੰਚਦੇ ਗਿਣਤੀ ਸੈਂਕੜਿਆਂ ਤੋਂ ਹਜ਼ਾਰਾਂ ਤੱਕ ਪਹੁੰਚ ਗਈ। ਇੱਥੇ ਆ ਕੇ ਬਾਬਾ ਜੀ ਨੇ ਆਪਣੇ ਪਿੰਡ ਖੰਡੇ ਨਾਲ ਇਕ ਲਕੀਰ ਵਾਹੀ ਅਤੇ ਕਿਹਾ ਕਿ ਜੋ ਸ਼ਹੀਦੀ ਪਾਉਣ ਲਈ ਤਿਆਰ ਹੈ, ਉਹੀ ਇਸ ਲਕੀਰ ਨੂੰ ਪਾਰ ਕਰੇ ਅਤੇ ਜਿਹੜਾ ਸ਼ਹੀਦ ਨਹੀਂ ਹੋਣਾ ਚਾਹੁੰਦਾ ਉਹ ਵਾਪਸ ਚਲਿਆ ਜਾਵੇ। ਸਾਰੇ ਸਿੰਘ ਜੈਕਾਰੇ ਗਜਾਉਂਦੇ ਹੋਏ ਲਕੀਰ ਪਾਰ ਕਰਕੇ ਅੰਮ੍ਰਿਤਸਰ ਵੱਲ ਵਧਣ ਲੱਗੇ।


ਦੂਜੇ ਪਾਸੇ ਜਹਾਨ ਖਾਂ ਨੂੰ ਜਦੋਂ ਬਾਬਾ ਜੀ ਦੀ ਅਮ੍ਰਿਤਸਰ ਵੱਲ ਆਉਣ ਦੀ ਖਬਰ ਮਿਲੀ ਤਾਂ ਉਸ ਨੇ ਆਪਣੇ ਇਕ ਜਰਨੈਲ ਅਤਾਈ ਖਾਂ ਦੀ ਅਗਵਾਈ ਵਿੱਚ ਫੌਜ ਦੀ ਵੱਡੀ ਟੁਕੜੀ ਸਿੰਘਾਂ ਦਾ ਰਾਹ ਰੋਕਣ ਲਈ ਭੇਜ ਦਿੱਤੀ। ਗੋਹਲਵੜ ਦੇ ਸਥਾਨ ‘ਤੇ ਲਹੂ ਡੋਲ੍ਹਵੀਂ ਲੜਾਈ ਹੋਈ। ਸਿੰਘਾਂ ਦੇ ਜੈਕਾਰਿਆਂ ਨਾਲ ਆਸਮਾਨ ਗੂੰਜ ਉੱਠਿਆ ਅਤੇ ਸਿੰਘਾਂ ਦੇ ਜ਼ੋਰ ਅੱਗੇ ਅਫ਼ਗਾਨੀ ਫ਼ੌਜਾਂ ਦੇ ਹੌਸਲੇ ਪਸਤ ਹੋ ਗਏ ਅਤੇ ਉਹ ਪਿੱਛੇ ਹੱਟਣ ਲੱਗੀਆਂ।

ਯਾਕੂਬ ਖਾਂ ਅਤੇ ਸਾਬਕ ਅਲੀ ਖਾਂ ਬਾਬਾ ਜੀ ਨਾਲ ਮੁਕਾਬਲੇ ‘ਤੇ ਆ ਗਏ। ਯਕੂਬ ਖਾਂ ਤੇ ਬਾਬਾ ਜੀ ਵਿਚਕਾਰ ਦੁਵੱਲੀ ਜੰਗ ਪੂਰੇ ਜੋਸ਼-ਓ-ਖਰੋਸ਼ ਨਾਲ ਹੋਈ ਪਰ ਯਕੂਬ ਖਾਂ ਬਾਬਾ ਜੀ ਦੇ ਵਾਰ ਦੀ ਤਾਬ ਨਾ ਸਹਿ ਸਕਿਆ। ਯਕੂਬ ਖਾਂ ਨੂੰ ਡਿੱਗਦਾ ਵੇਖ ਕੇ ਅਮਾਨ ਖਾਂ ਮੈਦਾਨ ਵਿਚ ਆ ਡੱਟਿਆ। ਦੋਹਾਂ ਦੇ ਸਾਂਝੇ ਵਾਰ ਨਾਲ ਅਮਾਨ ਖਾਂ ਥਾਏਂ ਢੇਰੀ ਹੋ ਗਿਆ ਅਤੇ ਬਾਬਾ ਜੀ ਦਾ ਸੀਸ ਵੀ ਧੜ ਨਾਲੋਂ ਵੱਖ ਹੋ ਗਿਆ।  


ਬਾਬਾ ਜੀ ਨਾਲ ਜੂਝਦੇ ਇਕ ਸਿੰਘ ਨੇ ਜਦੋਂ ਬਾਬਾ ਜੀ ਨੂੰ ਆਪਣਾ ਕੀਤਾ ਹੋਇਆ ਪ੍ਰਣ ਯਾਦ ਕਰਵਾਇਆ ਤਾਂ ਬਾਬਾ ਦੀਪ ਸਿੰਘ ਨੇ ਆਪਣੇ ਸੀਸ ਨੂੰ ਖੱਬੇ ਹੱਥ ਦਾ ਸਹਾਰਾ ਦੇ ਕੇ ਦੁਸ਼ਮਣ ਦੀ ਫ਼ੌਜ ਤੇ ਆਹੂ ਲਾਹ ਦਿੱਤੇ। ਆਪਣਾ ਸੀਸ ਹਰਿੰਮਦਰ ਸਾਹਿਬ ਦੀ ਪਰਿਕਰਮਾ ਵਿੱਚ ਭੇਟ ਕਰਕੇ ਆਪਣਾ ਪ੍ਰਣ ਨਿਭਾਇਆ ਅਤੇ 11 ਨਵੰਬਰ 1760 ਈ. ਨੂੰ ਸ਼ਹੀਦੀ ਪਾ ਕੇ ਪੰਜ-ਭੂਤਕ ਸਰੀਰ ਤਿਆਗ ਦਿੱਤਾ।

SHARE ARTICLE
Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:48 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM
Advertisement