
ਅਖੰਡ ਪਾਠ ਨੂੰ ਗੋਦ ਲੈਣ ਦੀ ਨਵੀਂ ਅਨੋਖੀ ਪ੍ਰਥਾ ਸ਼ੁਰੂ : ਬੀਰ ਦਵਿੰਦਰ
ਪਟਿਆਲਾ, 1 ਜਨਵਰੀ (ਬਲਵਿੰਦਰ ਸਿੰਘ ਭੁੱਲਰ): ਗੁਰੂ ਘਰ ਦਾ ਇਕ ਸ਼ਰਧਾਵਾਨ ਸੇਵਕ ਹੋਣ ਦੇ ਨਾਤੇ ਮੈਂ ਇਕ ਹੋਰ ਵਿਡੰਬਣਾ ਤੇ ਗੰਭੀਰ ਮਰਿਆਦਾਹੀਣਤਾ ਦਾ ਮਾਮਲਾ ਸਿੱਖ ਸੰਗਤ, ਸਿੱਖ ਤਖ਼ਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦੇ ਜਾਗਦੀ ਜ਼ਮੀਰ ਵਾਲੇ ਮੈਂਬਰਾਂ ਦੇ ਦ੍ਰਿਸ਼ਟੀ ਗੋਚਰ ਕਰਨਾ ਚਾਹੁੰਦਾ ਹਾਂ ਜੋ ਫ਼ਤਿਹਗੜ੍ਹ ਸਾਹਿਬ ਦੇ ਗਿਰਦੋਨਵਾਹ ਦੀ ਸਿੱਖ ਸੰਗਤ ਇਹ ਸਵਾਲ ਕਰ ਰਹੀਆਂ ਹਨ ਕਿ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਅਤੇ ਜਗਤ ਮਾਤਾ, ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿਚ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ, ਹਰ ਵਰ੍ਹੇ 11 ਪੋਹ ਨੂੰ, ਗੁਰਦਵਾਰਾ ਸ੍ਰੀ ਜੋਤੀ ਸਰੂਪ ਵਿਖੇ ਪ੍ਰਕਾਸ਼ ਕਰਵਾਇਆਂ ਜਾਂਦੇ ਸਨ ਤੇ ਜਿਸ ਦੇ ਭੋਗ ਮਰਿਆਦਾ ਪੂਰਵਕ 13 ਪੋਹ ਨੂੰ ਪਾਏ ਜਾਂਦੇ ਸਨ, ਜੋ ਇਸ ਵਾਰ ਨਹੀਂ ਪਾਏ ਗਏ।ਇਹ ਵਿਚਾਰ ਸਾਬਕਾ ਸਪੀਕਰ ਬੀਰਦਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਉਨਾਂ ਕਿਹਾ ਕਿ ਮੈਂ ਗਰਦਵਾਰਾ ਫ਼ਤਿਹਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿ. ਹਰਪਾਲ ਸਿੰਘ, ਮੈਨੇਜਰ ਗੁਰਦਵਾਰਾ ਫ਼ਤਿਹਗੜ੍ਹ ਸਾਹਿਬ ਜਸਬੀਰ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਸਥਾਨਕ ਪ੍ਰਬੰਧਕ ਇਸ ਬਾਰ ਫ਼ਤਿਹਗੜ੍ਹ ਸਾਹਿਬ ਦੀ ਸ਼ਹੀਦੀ ਸਿੰਘ ਸਭਾ ਮੌਕੇ ਇਹ ਅਖੰਡ ਪਾਠ ਪ੍ਰਕਾਸ਼ ਕਰਵਾਊਣਾ ਹੀ ਭੁੱਲ ਗਏ ਤੇ ਫੇਰ ਇਸ ਵੱਡੀ ਭੁੱਲ ਦੀ ਖਾਨਾਪੂਰਤੀ ਲਈ ਦਿੱਲੀ ਦੇ ਇਕ ਸ਼ਰਧਾਲੂ ਸਿੱਖ ਦਲਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਜਿਸ ਨੇ 23 ਅਪ੍ਰੈਲ 2017 ਨੂੰ ਰਸੀਦ ਨੰਬਰ 13282 ਅਨੁਸਾਰ 25 ਦਸੰਬਰ 2017 ਨੂੰ ਗੁਰਦਵਾਰਾ ਸ੍ਰੀ ਜੋਤੀ ਸਰੂਪ (ਫਤਿਹਗੜ੍ਹ ਸਾਹਿਬ) ਵਿਖੇ ਅਖੰਡ ਪਾਠ ਦਾ ਆਰੰਭ ਕਰਵਾਇਆ ਸੀ ਜਿਸ ਦੇ ਭੋਗ ਸ੍ਰੀ ਆਖੰਡ ਪਾਠ ਦੀ ਮਰਿਆਦਾ ਅਨੁਸਾਰ 27 ਦਸੰਬਰ 2017 ਨੂੰ ਪਾਏ ਜਾਣੇ ਸਨ, ਇਸ ਅਖੰਡ ਪਾਠ ਨੂੰ ਹੀ ਪ੍ਰਬੰਧਕਾਂ ਨੇ ਅਪਣੀ ਗੋਦ ਲੈ ਕੇ ਅਰਦਾਸ ਕਰ ਦਿੱਤੀ ਤੇ ਸਿੱਖ ਸੰਗਤ ਦੀ ਅੱਖੀਂ ਘੱਟਾ ਪਾਉਣ 'ਤੇ ਗੰਭੀਰ ਮਰਿਆਦਾਹੀਣਤਾ ਦਾ ਇਕ ਹੋਰ ਭਾਣਾ ਵਰਤਾ ਦਿਤਾ। ਦੁਖ ਦੀ ਗੱਲ ਹੈ ਕਿ ਫ਼ਤਿਹਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ,
ਮੈਨੇਜਰ ਤੇ ਸ਼੍ਰੋਮਣੀ ਕਮੇਟੀ ਦੇ ਸਥਾਨਕ ਪ੍ਰਬੰਧਕ ਕਰਨੈਲ ਸਿੰਘ ਪੰਜੋਲੀ ਨੂੰ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਦਰਬਾਰ ਸਾਹਿਬ ਦੇ ਅੰਦਰ ਮੰਗ-ਪੱਤਰ ਦੇਣ ਦੇ ਫ਼ਿਕਰ ਤੋਂ ਹੀ ਵਿਹਲ ਨਹੀਂ ਸੀ, ਫੇਰ ਮਰਿਆਦਾ ਦੀ ਘੋਰ ਅਵੱਗਿਆ ਦਾ ਫਿਕਰ ਕਿਸ ਨੇ ਕਰਨਾ ਸੀ। ਸ਼੍ਰੋਮਣੀ ਕਮੇਟੀ ਵਲੋਂ ਇਹ ਪੜਤਾਲ ਕਰਨੀ ਬਣਦੀ ਹੈ ਕਿ ਕੀ ਸਥਾਨਕ ਪ੍ਰਬੰਧਕਾਂ ਨੇ ਸ੍ਰੀ ਅਖੰਡ ਪਾਠ ਨੂੰ ਗੋਦ ਲੈਣ ਤੋਂ ਪਹਿਲਾਂ, ਅਜਿਹਾ ਕਰਨ ਲਈ ਅਕਾਲ ਤਖ਼ਤ ਜਾਂ ਸ਼੍ਰੋਮਣੀ ਕਮੇਟੀ ਨਾਲ ਸਲਾਹ ਮਸ਼ਵਰਾ ਕਰ ਕੇ ਇਹ ਭਾਣਾ ਵਰਤਾਇਆ ਗਿਆ ਹੈ ਜਾਂ ਅਪਹੁਦਰੇ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠਾਂ ਦੀ ਮਰਿਆਦਤ ਪ੍ਰੀਕਿਰਆ ਨੂੰ ਬਦਲ ਦਿਤਾ ਹੈ ਜਿਸ ਵਿਚ ਸ੍ਰੀ ਅਖੰਡ ਪਾਠ ਦੇ ਆਰੰਭ ਅਤੇ ਮੱਧ ਦੀ ਅਰਦਾਸ ਕਿਸੇ ਹੋਰ ਵਿਅਕਤੀ ਦੇ ਨਾਂਅ ਤੇ ਕੀਤੀ ਗਈ ਹੈ ਤੇ ਸਮਾਪਤੀ ਦੇ ਭੋਗ ਦੀ ਅਰਦਾਸ ਸਮੇਂ, ਗੁਰਦਵਾਰਾ ਜੋਤੀ ਸਰੂਪ ਦੇ ਪ੍ਰਬੰਧਕਾਂ ਨੇ ਇਸ ਅਖੰਡ ਪਾਠ ਦਾ ਉਤਾਰਾ ਚਲਾਕੀ ਨਾਲ ਅਪਣੇ ਨਾਂਅ ਤੇ ਮੁੰਤਕਲ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਦੀ ਮਰਿਆਦਾ ਨੂੰ ਨਾਂ ਸਿਰਫ਼ ਬਦਲਿਆ ਹੀ ਹੈ, ਸਗੋਂ ਇਕ ਘੋਰ ਧਾਰਮਕ ਅਪਰਾਧ ਕਰ ਕੇ ਸਮੁੱਚੀ ਮਰਿਆਦਾ ਨੂੰ ਨੀਵਾਂ ਵਿਖਾਇਆ ਹੈ ਅਤੇ ਸਿੱਖ ਸੰਗਤ ਦੇ ਅੱਖੀ ਘੱਟਾ ਪਾਇਆ ਹੈ। ਇਥੇ ਇਹ ਵੀ ਵਰਨਣਯੋਗ ਹੈ ਕਿ ਇਹ ਸਾਰਾ ਮਾਮਲਾ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿ. ਜਗਤਾਰ ਸਿੰਘ ਦੇ ਧਿਆਨ ਵਿਚ ਸੰਗਤ ਨੇ ਲਿਆ ਦਿਤਾ ਸੀ, ਉਨ੍ਹਾਂ ਨੇ ਹੁਣ ਤਕ ਚੁੱਪੀ ਕਿਉਂ ਸਾਧ ਰੱਖੀ ਹੈ, ਇਹ ਤਾਂ ਉਹ ਹੀ ਦੱਸ ਸਕਦੇ ਹਨ। ਉਪਰੋਕਤ ਮਾਮਲਾ ਸਿੱਖ ਸੰਗਤ ਦੇ ਧਾਰਮਕ ਜਜ਼ਬਾਤ ਦੀ ਦ੍ਰਿਸ਼ਟੀ ਵਿਚ ਅਤੀ ਗੰਭੀਰ ਹੈ। ਸਿੱਖ ਸੰਗਤ ਫੌਰੀ ਤੌਰ ਤੇ ਵੱਡੀ ਅਨੁਸਾਸ਼ਨੀ ਕਾਰਵਾਈ ਦੀ ਉਡੀਕ ਕਰ ਰਹੀਆਂ ਹਨ ਤਾਕਿ ਅੱਗੇ ਵਾਸਤੇ ਕੋਈ ਵੀ ਵਿਅਕਤੀ ਅਜਿਹਾ ਆਪਹੁਦਰਾਪਣ ਕਰਕੇ, ਕਿਸੇ ਵੀ ਧਾਰਮਕ ਮਰਿਆਦਾ ਦਾ ਗੁਰਦਵਾਰਾ ਸਾਹਿਬਾਨ ਦੇ ਅੰਦਰ ਉਲੰਘਣ ਨਾ ਕਰ ਸਕੇ। ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਕਾਰਵਾਈ ਕਰਨ, ਨਹੀਂ ਤਾਂ ਜੇ ਇਸ ਘੋਰ ਮਰਿਆਦਾਹੀਣਤਾ ਦੇ ਮਾਮਲੇ ਨੂੰ ਵੱਟੇ-ਖਾਤੇ ਪਾਉਂਣ ਦੀ ਕੋਈ ਕੋਝੀ ਕੋਸ਼ਿਸ਼ ਕਿਸੇ ਵੀ ਪੱਧਰ ਤੇ ਕੀਤੀ ਗਈ ਤਾਂ ਸਿੱਖ ਸੰਗਤਾਂ ਦੇ ਪ੍ਰਚੰਡ ਰੋਹ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।ਤਦ ਫੇਰ ਉਸਦੀ ਸਾਰੀ ਜ਼ਿੰਮੇਵਾਰੀ ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਨਿਜ਼ਾਮ ਦੀ ਹੀ ਹੋਵੇਗੀ।