
ਮੈਂ ਆਪ ਜੀ ਨੂੰ ਬਹੁਤ ਹੀ ਦੁਖੀ ਹਿਰਦੇ ਨਾਲ ਅਪਣੇ ਨਾਲ ਵਾਪਰੀ ਸੱਚੀ ਘਟਨਾ ਬਾਰੇ ਜ਼ਿਕਰ ਕਰ ਰਿਹਾ ਹਾਂ ਤਾਕਿ ਅਪਣੀ ਪੀੜ ਨੂੰ ਕੁੱਝ ਹਲਕਾ ਕਰ ਸਕਾਂ। ਸੰਨ 1972 ਵਿਚ ਗਗੜੇਵਾਲ ਪਿੰਡ ਵਿਚੋਂ ਰਿਹਾਇਸ਼ ਬਦਲ ਕੇ ਬਾਹਰ ਖੇਤਾਂ ਵਿਚ ਲੈ ਆਏ ਕਿਉਂਕਿ ਪਿੰਡ ਦੇ ਬਹੁਗਿਣਤੀ ਬਾਸ਼ਿੰਦੇ ਆਪੋ-ਅਪਣੇ ਖੇਤਾਂ ਵਿਚ ਮਕਾਨ ਬਣਾ ਚੁੱਕੇ ਸਨ। ਸਾਡੇ ਪਿਤਾ ਜੀ ਬਹੁਤ ਹੀ ਧਾਰਮਕ ਬਿਰਤੀ ਵਾਲੇ ਮਨੁੱਖ ਸਨ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਉਨ੍ਹਾਂ ਦਾ ਸਾਰਾ ਜੀਵਨ ਹੀ ਸਮਰਪਿਤ ਸੀ। ਉਹ ਗੁਰਬਾਣੀ ਦੇ ਧਾਰਨੀ ਸਨ ਅਤੇ ਪੰਜਾਬੀ, ਉਰਦੂ, ਹਿੰਦੀ, ਫਾਰਸੀ ਅਤੇ ਅੰਗਰੇਜ਼ੀ ਦੇ ਬਹੁਤ ਹੀ ਵਿਦਵਾਨ ਸਨ। ਪਿੰਡ ਰਹਿੰਦਿਆਂ ਲਗਾਤਾਰ 12 ਸਾਲ ਦਰਿਆ ਬਿਆਸ ਵਿਚ ਸਵੇਰੇ 4 ਵਜੇ ਬਗ਼ੈਰ ਨਾਗੇ ਤੋਂ ਕੇਸੀ ਇਸ਼ਨਾਨ ਕਰ ਕੇ ਨਿਤਨੇਮ ਕਰਨ ਤੋਂ ਬਗ਼ੈਰ ਉਹ ਕੋਈ ਚੀਜ਼ ਨਹੀਂ ਸਨ ਖਾਂਦੇ।
ਨਵੇਂ ਬਣੇ ਘਰ ਵਿਚ ਪਿਤਾ ਜੀ ਨੇ ਸਾਨੂੰ ਤਿੰਨਾਂ ਭਰਾਵਾਂ ਨੂੰ ਪ੍ਰੇਰਨਾ ਦੇ ਕੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅੰਮ੍ਰਿਤਸਰ ਤੋਂ ਲਿਆ ਕੇ ਅੱਡ ਬਣੇ ਕਮਰੇ ਵਿਚ ਸ਼ੁਸ਼ੋਭਿਤ ਕਰ ਦਿਤੇ ਅਤੇ ਉਨ੍ਹਾਂ ਦੀ ਸੇਵਾ ਸੰਭਾਲ ਮੇਰੇ ਜ਼ਿੰਮੇ ਲਾਈ ਗਈ। ਉਹ ਖ਼ੁਦ ਵੀ ਗੁਰਬਾਣੀ ਦਾ ਜਾਪ ਕਰਦੇ ਰਹੇ। ਦੋਵੇਂ ਭਰਾ ਸਰਵਿਸ ਕਰਦੇ ਸਨ। ਇਕ ਪ੍ਰਿੰਸੀਪਲ ਗੁਰੂ ਨਾਨਕ ਖ਼ਾਲਸਾ ਕਾਲਜ ਸੁਲਤਾਨਪੁਰ ਲੋਧੀ ਅਤੇ ਦੂਜੇ ਹੈੱਡਮਾਸਟਰ ਸੇਵਾਮੁਕਤ ਹੋਏ ਸਨ। 1980 ਤੋਂ ਘਰ ਵਿਚ ਹਰ ਸਾਲ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਸਹਿਤ ਗੁਰੂ ਗ੍ਰੰਥ ਸਾਹਿਬ ਜੀ ਦੀ ਕ੍ਰਿਪਾ ਨਾਲ ਮਨਾਇਆ ਜਾਂਦਾ ਹੈ। ਸ੍ਰੀ ਅਖੰਡ ਪਾਠ ਸਾਹਿਬ ਤੋਂ ਬਾਅਦ ਕੀਰਤਨ, ਕਥਾ ਅਤੇ ਕਵੀਸ਼ਰੀ ਜਥੇ ਗੁਰੂ ਜੱਸ ਗਾਇਨ ਕਰ ਕੇ ਸੰਗਤਾਂ ਨੂੰ ਨਿਹਾਲ ਕਰ ਕੇ ਗੁਰੂ ਚਰਨਾਂ ਨਾਲ ਜੋੜਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਸਰੂਪ ਬਿਰਧ ਹੋ ਗਏ ਸਨ ਤਾਂ ਮੈਂ ਕੁੱਝ ਸਿੰਘਾਂ ਨਾਲ ਸਲਾਹ ਕਰ ਕੇ ਨਵੇਂ ਸਰੂਪ ਲਿਆ ਕੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪ੍ਰਕਾਸ਼ ਕਰਨ ਦਾ ਦਿਹਾੜਾ ਚੁਣਿਆ।
ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਭਲਾਈਪੁਰ ਪਾਸੋਂ ਪ੍ਰੋਫ਼ਾਰਮੇ ਤੇ ਦਸਤਖ਼ਤ ਕਰਵਾ ਕੇ ਪੀਹੜਾ, ਚੌਰ ਸਾਹਿਬ, ਰੁਮਾਲੇ ਅਤੇ ਪੰਜ ਤਿਆਰ ਬਰ ਤਿਆਰ ਸਿੰਘ, ਹੀਰਾ ਸਿੰਘ ਗਗੜੇਵਾਲ, ਮੰਗਾ ਸਿੰਘ ਮੀਆਵਿੰਡ, ਰਜਿੰਦਰ ਸਿੰਘ, ਮਲਕੀਤ ਸਿੰਘ, ਸਮਿੰਦਰ ਸਿੰਘ (ਦਾਸ) ਖ਼ੁਦ 10 ਵਜੇ ਰਾਮਸਰ ਸਾਹਿਬ ਪੁੱਜ ਗਏ। ਦਫ਼ਤਰ ਵਿਚ ਬੈਠੇ ਸੇਵਾਦਾਰ ਨੂੰ ਸਿਫ਼ਾਰਸ਼ੀ ਪੱਤਰਿਕਾ ਵਿਖਾਈ। ਉਸ ਨੇ ਜਾਣਕਾਰੀ ਲੈਣ ਉਪਰੰਤ ਕਿਹਾ ਕਿ ਇਸ ਤੇ ਡਾ: ਰੂਪ ਸਿੰਘ ਸਕੱਤਰ ਸਾਹਿਬ ਤੋਂ ਮਨਜ਼ੂਰੀ ਲੈ ਕੇ ਆਵੋ। ਅਸੀ ਪੰਜੇ ਸਿੰਘ ਪੈਦਲ ਰਾਮਸਰ ਸਾਹਿਬ ਤੋਂ ਤੇਜਾ ਸਿੰਘ ਸਮੁੰਦਰੀ ਹਾਲ ਦਫ਼ਤਰ ਸ਼੍ਰੋਮਣੀ ਕਮੇਟੀ ਪਹੁੰਚੇ। ਪਰ ਡਾ: ਰੂਪ ਸਿੰਘ ਜੀ ਦਫ਼ਤਰ ਵਿਚ ਹਾਜ਼ਰ ਨਹੀਂ ਸਨ। ਉਨ੍ਹਾਂ ਦੀ ਗ਼ੈਰਮੌਜੂਦਗੀ ਵਿਚ ਅਸੀ ਮੀਤ ਸਕੱਤਰ ਅਵਤਾਰ ਸਿੰਘ ਨੂੰ ਉਨ੍ਹਾਂ ਦੇ ਦਫ਼ਤਰ ਵਿਚ ਮਿਲੇ। ਬੜੀ ਮੁਸ਼ਕਲ ਨਾਲ ਸਾਨੂੰ ਉਨ੍ਹਾਂ ਨਾਲ ਮਿਲਣ ਦਿਤਾ ਗਿਆ। ਸ਼ਿਫਾਰਸ਼ੀ ਪੱਤਰ ਵੇਖਣ ਉਪਰੰਤ ਜਿਸ ਤਰ੍ਹਾਂ ਉਨ੍ਹਾਂ ਨੇ ਸਾਨੂੰ ਜਵਾਬ ਦਿਤਾ ਉਹ ਦਿਲ ਨੂੰ ਵਲੂੰਧਰਨ ਵਾਲਾ ਸੀ। ਕਿਹਾ ਗਿਆ ਇਹ ਕੰਮ ਧਰਮ ਪ੍ਰਚਾਰ ਕਮੇਟੀ ਕੋਲੋਂ ਮਨਜ਼ੂਰ ਕਰਵਾ ਕੇ ਲਿਆਉ, ਫਿਰ ਮੇਰੇ ਕੋਲ ਆਉਣਾ।
ਅਸੀ ਉਥੋਂ ਦਫ਼ਤਰ ਧਰਮ ਪ੍ਰਚਾਰ ਕਮੇਟੀ ਵਿਚ ਮਨਜੀਤ ਸਿੰਘ ਪਾਸ ਗਏ। ਉਥੇ ਵੀ ਉਨ੍ਹਾਂ ਨੇ ਸਾਨੂੰ ਤੀਜੀ ਮੰਜ਼ਿਲ ਤੇ ਭੇਜ ਦਿਤਾ ਅਤੇ ਕਿਹਾ ਕਿ ਕੁਲਵੰਤ ਸਿੰਘ ਇਸ ਤੇ ਸ਼ਿਫਾਰਿਸ਼ ਕਰਨਗੇ। ਉਨ੍ਹਾਂ ਕੋਲ ਜਾ ਕੇ ਬੇਨਤੀ ਕੀਤੀ ਤਾਂ ਉਨ੍ਹਾਂ ਦਾ ਜਵਾਬ ਸੀ 'ਬਾਬਾ ਜੀ, ਇਸ ਸ਼ਿਫਾਰਸ਼ੀ 'ਪੱਤਰਿਕਾ' ਤੇ ਪ੍ਰਚਾਰਕ ਦੀ ਸ਼ਿਫ਼ਾਰਸ਼ ਨਹੀਂ ਹੈ, ਸਾਹਮਣੇ ਦਫ਼ਤਰ ਵਿਚ ਜਾ ਕੇ ਪ੍ਰਚਾਰਕ ਪਾਸੋਂ ਸ਼ਿਫ਼ਾਰਸ਼ ਕਰਵਾ ਕੇ ਲਿਆਉ। ਉਨ੍ਹਾਂ ਦੇ ਦਫ਼ਤਰ ਦਸ ਪੰਦਰਾਂ ਆਦਮੀ ਬੈਠੇ ਸਨ ਅਤੇ ਉਹ ਸਾਰੇ ਆਦਮੀ ਚਾਹ ਛਕ ਰਹੇ ਸਨ। ਮੈਂ ਬੇਨਤੀ ਭਰੇ ਲਹਿਜੇ ਵਿਚ ਕਿਹਾ ਕਿ ਇਸ ਪੱਤਰ ਤੇ ਸਤਿਕਾਰਯੋਗ ਸ਼੍ਰੋਮਣੀ ਕਮੇਟੀ ਮੈਂਬਰ ਨੇ ਸ਼ਿਫ਼ਾਰਸ਼ ਕੀਤੀ ਹੈ ਅਤੇ ਉਨ੍ਹਾਂ ਨੇ ਮੈਨੂੰ ਕਿਹਾ ਕਿ ਪ੍ਰਚਾਰਕ ਦੇ ਦਸਤਖ਼ਤਾਂ ਦੀ ਜ਼ਰੂਰਤ ਨਹੀਂ। ਮੈਂ ਪ੍ਰਚਾਰਕ ਦੀ ਥਾਂ ਤੇ ਵੀ ਦਸਤਖ਼ਤ ਕਰ ਦਿਤੇ ਹਨ ਪਰ ਉਨ੍ਹਾਂ ਨੇ ਮੈਨੂੰ ਫਿਰ ਕਿਹਾ ਕਿ ਪ੍ਰਧਾਨ ਸਾਹਿਬ ਦਾ ਹੁਕਮ ਹੈ ਕਿ ਪ੍ਰਚਾਰਕ ਦੇ ਦਸਤਖ਼ਤਾਂ ਤੋਂ ਬਿਨਾਂ ਗੁਰੂ ਸਾਹਿਬ ਦੇ ਸਰੂਪ ਨਹੀਂ ਦਿੰਦੇ। ਅਸੀ ਪੰਜੇ ਸਿੰਘ ਮਾਯੂਸ ਹੋ ਕੇ ਦੱਸੇ ਗਏ ਦਫ਼ਤਰ ਵਿਚ ਗਏ। ਪੱਤਰ ਵੇਖਣ ਤੋਂ ਬਾਅਦ ਫਿਰ ਉਹੀ ਪ੍ਰਚਾਰਕ ਦੀ ਸ਼ਿਫ਼ਾਰਸ਼ ਵਾਲਾ ਰੱਟਾ।
ਮੈਂ ਕਿਹਾ ਕਿ ਮੈਂ ਅੱਜ ਤਕ ਪ੍ਰਚਾਰਕ ਨੂੰ ਵੇਖਿਆ ਤਕ ਨਹੀਂ ਨਾ ਹੀ ਉਹ ਕਦੇ ਸਾਡੇ ਪਿੰਡ ਆਇਆ ਹੈ, ਉਸ ਦੀ ਰੀਪੋਰਟ ਅਸੀ ਕਿਥੋਂ ਕਰਵਾ ਸਕਦੇ ਹਾਂ? ਸਬੰਧਤ ਅਧਿਕਾਰੀ ਨੇ ਅਪਣੇ ਫ਼ੋਨ ਤੋਂ ਪ੍ਰਚਾਰਕ ਨੂੰ ਫ਼ੋਨ ਕੀਤਾ ਅਤੇ ਉਸ ਨੂੰ ਦਸਿਆ ਕਿ ਇਹ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲੈਣ ਆਏ ਹਨ। ਤੁਸੀ ਇਨ੍ਹਾਂ ਦੀ ਰੀਪੋਰਟ ਬਾਜ਼ਰੀਆ ਫ਼ੋਨ ਭੇਜ ਦਿਉ। ਇਹ ਕਹਿ ਕੇ ਉਹ ਫ਼ੋਨ ਮੈਨੂੰ ਫੜਾ ਕੇ ਕਹਿਣ ਲੱਗੇ ਕਿ ਖ਼ੁਦ ਗੱਲ ਕਰ ਲਵੋ। ਗੁਰੂ ਫ਼ਤਹਿ ਸਾਂਝੀ ਕਰਨ ਤੋਂ ਬਾਅਦ ਮੈਂ ਨਿਮਰਤਾ ਸਹਿਤ ਬੇਨਤੀ ਕੀਤੀ ਕਿ ਅਸੀ ਗੁਰੂ ਮਹਾਰਾਜ ਜੀ ਦਾ ਨਵਾਂ ਸਰੂਪ ਲੈਣ ਆਏ ਹਾਂ ਅਤੇ ਮੇਰੀ ਨਿਸ਼ਠਾ ਹੈ ਕਿ ਮੈਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਮੌਕੇ ਗੁਰੂ ਘਰ ਵਿਚ ਨਵੇਂ ਸਰੂਪ ਦਾ ਪ੍ਰਕਾਸ਼ ਕਰ ਸਕਾਂ। ਉਨ੍ਹਾਂ ਨੇ ਮੇਰੇ ਕੋਲੋਂ ਪੂਰੀ ਜਾਣਕਾਰੀ ਲੈਣ ਤੋਂ ਪਿਛੋਂ ਕਿਹਾ, ''ਮੈਂ ਦੋ-ਤਿੰਨਾਂ ਦਿਨਾਂ ਵਿਚ ਤੁਹਾਡੇ ਘਰ ਆਵਾਂਗਾ ਅਤੇ ਆ ਕੇ ਮੈਂ ਸਾਰੀ ਮਰਿਆਦਾ ਚੈੱਕ ਕਰਾਂਗਾ। ਬਾਕੀ ਜੇ ਘਰ ਵਿਚ ਤੁਸਾਂ ਸਰੂਪ ਰਖਣਾ ਹੈ ਤਾਂ ਮੈਂ ਸ਼ਿਫ਼ਾਰਸ਼ ਨਹੀਂ ਕਰ ਸਕਦਾ।'' ਉਸ ਪ੍ਰਚਾਰਕ ਦੀ ਅਜਿਹੀ ਰੁੱਖੀ ਭਾਸ਼ਾ ਸੁਣ ਕੇ ਮੈਂ ਇਕਦਮ ਸੁੰਨ ਜਿਹਾ ਹੋ ਗਿਆ ਅਤੇ ਸਾਥੀ ਸਿੰਘ ਵੀ ਬਹੁਤ ਮਾਯੂਸ ਹੋਏ।
ਫ਼ੋਨ ਚੱਲ ਰਿਹਾ ਸੀ ਮੈਂ ਦਫ਼ਤਰ ਵਿਚ ਉਸ ਪ੍ਰਚਾਰਕ ਨੂੰ ਕਿਹਾ ਕਿ 'ਤੁਸੀ ਲੋਕਾਂ ਨੇ ਮਰਿਆਦਾ ਕੀ ਚੈੱਕ ਕਰਨੀ ਹੈ? ਕੀ ਸਾਡੇ ਘਰ ਵਿਚ ਸ਼ਰਾਬ ਦੀਆਂ ਭੱਠੀਆਂ ਲੱਗੀਆਂ ਹਨ? 1972 ਤੋਂ ਘਰ ਵਿਚ ਬਾਣੀ ਦਾ ਪ੍ਰਵਾਹ ਚਲ ਰਿਹਾ ਹੈ। ਸਹਿਜ ਪਾਠ 1972 ਤੋਂ ਚਲ ਰਹੇ ਹਨ। ਸਾਰਾ ਪ੍ਰਵਾਰ ਨਿਤਨੇਮੀ ਅਤੇ ਗੁਰੂ ਦੇ ਹੁਕਮ ਵਿਚ ਹੈ। ਤੁਸਾਂ ਲੋਕਾਂ ਨੇ ਮਰਿਆਦਾ ਦੇ ਨਾਂ ਤੇ ਸਿੱਖਾਂ ਨੂੰ ਗੁਰੂ ਤੋਂ ਬੇਮੁਖ ਕਰ ਦਿਤਾ ਹੈ ਅਤੇ ਬਹੁਤੇ ਸਿੱਖ ਤੁਹਾਡੇ ਸਤਾਏ ਹੋਏ ਡੇਰਿਆਂ ਵਾਲੇ ਅਤੇ ਈਸਾਈ ਹੋ ਰਹੇ ਹਨ। ਤੁਸਾਂ ਮੇਰੀ ਸ਼ਰਧਾ ਅਤੇ ਅਕੀਦੇ ਨੂੰ ਤਾਰ ਤਾਰ ਕਰ ਦਿਤਾ ਹੈ।' ਸਾਥੀ ਸਿੰਘਾਂ ਨੇ ਕਿਹਾ ਕਿ ਆਉ ਆਪਾਂ ਚਲੀਏ ਇਨ੍ਹਾਂ ਨੇ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਹੀਂ ਦੇਣਾ। ਬਲਵਿੰਦਰ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਅਮਰਜੀਤ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਉਪਰੋਕਤ ਆਦਮੀਆਂ ਨੂੰ ਫ਼ੋਨ ਕਾਲ ਕਰਦੇ ਰਹੇ ਪਰ ਇਨ੍ਹਾਂ ਨੇ ਫ਼ੋਨ ਸੁਣਨਾ ਵੀ ਠੀਕ ਨਾ ਸਮਝਿਆ। ਸੋ ਇਸ ਤਰ੍ਹਾਂ ਅਸੀ ਨਿਰਾਸ਼ ਅਤੇ ਬੇਵੱਸ ਹੋਏ ਸ਼ਾਮ ਪੰਜ ਵਜੇ ਘਰ ਵਾਪਸ ਪਰਤੇ।
ਇਥੇ ਮੈਂ ਰਸਤੇ ਵਿਚ ਵਾਪਰੀ ਇਕ ਘਟਨਾ ਬਿਆਨ ਕਰਨੀ ਚਾਹੁੰਦਾ ਹਾਂ। ਜਦੋਂ ਅਸੀ ਜੰਡਿਆਲਾ ਟੋਲ ਪਲਾਜ਼ਾ ਤੇ ਗਏ ਤਾਂ ਪਹਿਲੀ ਸੀਟ ਨੂੰ ਸ਼ਿੰਗਾਰ ਕੇ ਉਪਰ ਪੀਹੜਾ ਸਾਹਿਬ ਸ਼ੁਸ਼ੋਭਤ ਸੀ। ਟੋਲ ਪਲਾਜ਼ਾ ਵਾਲਿਆਂ ਨੇ ਬਗ਼ੈਰ ਗੱਡੀ ਰੋਕੇ ਗੱਡੀ ਨੂੰ ਨਮਸਕਾਰ ਕੀਤੀ ਅਤੇ ਬਗ਼ੈਰ ਪਰਚੀ ਕੱਟੇ ਗੱਡੀ ਨੂੰ ਜਾਣ ਦਿਤਾ। ਹਾਲਾਂਕਿ ਗੱਡੀ ਵਿਚ ਗੁਰੂ ਗ੍ਰੰਥ ਜੀ ਬਿਰਾਜਮਾਨ ਨਹੀਂ ਸਨ। ਏਦਾਂ ਹੀ ਵਾਪਸੀ ਤੇ ਵੀ ਹੋਇਆ। ਮਨ ਵਿਚ ਇਹ ਸਵਾਲ ਵਾਰ-ਵਾਰ ਸਾਨੂੰ ਪੁੱਛ ਰਿਹਾ ਸੀ ਕਿ ਇਨ੍ਹਾਂ ਨੂੰ ਗੁਰੂ ਦਾ ਭੈਅ ਹੈ ਕਿ ਅੰਮ੍ਰਿਤਸਰ ਵਾਲਿਆਂ ਨੂੰ?