
ਅੰਮ੍ਰਿਤਸਰ,
9 ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਇਕ
ਉੱਚ ਪਧਰੀ ਵਫ਼ਦ ਨੇ ਅੱਜ ਪੰਜਾਬ ਦੇ ਰਾਜਪਾਲ ਸ੍ਰੀ ਵੀ. ਪੀ. ਸਿੰਘ ਬਦਨੌਰ ਨਾਲ ਮੁਲਾਕਾਤ
ਕਰ ਕੇ ਸਿੱਕਮ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇਤਿਹਾਸਕ ਗੁਰਦਵਾਰੇ ਦੀ
ਹੋਂਦ ਬਰਕਰਾਰ ਰੱਖਣ ਸਮੇਤ ਹੋਰ ਅਹਿਮ ਸਿੱਖ ਮਸਲਿਆਂ ਸਬੰਧੀ ਉਨ੍ਹਾਂ ਨੂੰ ਦੋ ਯਾਦ ਪੱਤਰ
ਸੌਂਪ ਕੇ ਇਨ੍ਹਾਂ ਦਾ ਹੱਲ ਕਰਵਾਉਣ ਦੀ ਮੰਗ ਕੀਤੀ।
ਰਾਜਪਾਲ ਨੂੰ ਦਿਤੇ ਗਏ ਯਾਦ
ਪੱਤਰ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਗੁਰਦਵਾਰਾ ਗੁਰੂ
ਡਾਂਗਮਾਰ ਅਤੇ ਗੁਰਦਵਾਰਾ ਚੁੰਗਥਾਂਗ ਦੀ ਹੋਂਦ ਖ਼ਤਮ ਕਰਨ ਦੀ ਕੋਝੀ ਹਰਕਤ 'ਤੇ ਰੋਸ
ਪ੍ਰਗਟ ਕਰਦਿਆਂ ਇਸ ਨੂੰ ਸੁਰੱਖਿਅਤ ਰੱਖਣ ਦਾ ਮਾਮਲਾ ਉਠਾਇਆ। ਯਾਦ ਪੱਤਰ ਰਾਹੀਂ ਉਨ੍ਹਾਂ
ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ 1516ਈ: ਵਿਚ ਅਪਣੀ ਤੀਜੀ ਪ੍ਰਚਾਰ ਯਾਤਰਾ ਦੌਰਾਨ
ਸਿੱਕਮ ਵਿਖੇ ਚਰਨ ਪਾਏ ਸਨ ਜਿਸ ਦੀ ਯਾਦ ਵਿਚ ਇਹ ਗੁਰਦਵਾਰੇ ਬਣੇ ਹੋਏ ਹਨ ਪਰ ਸਥਾਨਕ
ਪ੍ਰਸ਼ਾਸਨ ਵਲੋਂ ਪੱਖਪਾਤ ਕਰਦਿਆਂ ਉਥੋਂ ਦੇ ਲਾਮਿਆਂ ਰਾਹੀਂ ਇਸ ਦੀ ਇਤਿਹਾਸਿਕਤਾ ਨੂੰ
ਚੁਨੌਤੀ ਦਿਤੀ ਜਾ ਰਹੀ ਹੈ ਜੋ ਕਿ ਠੀਕ ਨਹੀਂ ਹੈ।
ਪਿਛਲੇ ਦਿਨੀਂ ਉਥੋਂ ਦੇ ਲਾਮਿਆਂ ਵਲੋਂ
ਸਥਾਨਕ ਪ੍ਰਸ਼ਾਸਨ ਦੀ ਸ਼ਹਿ 'ਤੇ ਗੁਰਦਵਾਰੇ ਵਿਚੋਂ ਸ੍ਰੀ ਗੁਰੂ ਗ੍ਰੰਥ ਸਹਿਬ ਸਮੇਤ ਹੋਰ
ਪਵਿੱਤਰ ਵਸਤੂਆਂ ਨੂੰ ਵੀ ਬਾਹਰ ਰੱਖ ਦਿਤਾ ਗਿਆ। ਉਨ੍ਹਾਂ ਪੰਜਾਬ ਦੇ ਰਾਜਪਾਲ ਤੋਂ ਇਹ
ਮਾਮਲਾ ਸਿੱਕਮ ਦੇ ਰਾਜਪਾਲ ਸ੍ਰੀਨਿਵਾਸ ਪਾਟਿਲ ਕੋਲ ਉਠਾ ਕੇ ਸਥਾਨਕ ਪ੍ਰਸ਼ਾਸਨ ਨੂੰ ਮਸਲਾ
ਤੁਰਤ ਹੱਲ ਕਰਨ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ। ਇਕ ਵਖਰੇ ਯਾਦ ਪੱਤਰ ਰਾਹੀਂ ਪ੍ਰੋ.
ਬਡੂੰਗਰ ਵਲੋਂ ਸ਼੍ਰੋਮਣੀ ਕਮੇਟੀ ਦੇ ਇਸ ਵਫ਼ਦ ਨੇ ਰਾਜਪਾਲ ਪਾਸ ਕੁੱਝ ਹੋਰ ਅਹਿਮ ਮਸਲੇ
ਉਠਾਏ।
ਇਸ ਵਿਚ ਚੰਡੀਗੜ੍ਹ ਸਥਿਤ ਗੁਰਦਵਾਰਾ ਸ੍ਰੀ ਕਲਗੀਧਰ ਨਿਵਾਸ ਨੂੰ ਲਗਾਏ
ਗਏ ਜੁਰਮਾਨੇ ਤੇ ਪ੍ਰਾਪਰਟੀ ਟੈਕਸ ਦੀ ਰਕਮ ਵਾਪਸ ਕਰਨ ਦੀ ਮੰਗ ਕੀਤੀ ਗਈ। ਕਲਗੀਧਰ ਨਿਵਾਸ
ਦੀ ਇਮਾਰਤ ਦੀ ਗੁਰਦਵਾਰਾ ਸਾਹਿਬ, ਫਰੀ ਸਰਾਂ, ਲੰਗਰ ਅਤੇ ਲਾਇਬ੍ਰੇਰੀ ਲਈ ਵਰਤੋਂ ਕੀਤੀ
ਜਾਂਦੀ ਹੈ, ਇਸ ਲਈ ਇਸ ਨੂੰ ਟੈਕਸ ਮੁਕਤ ਕੀਤਾ ਜਾਵੇ।