
ਫ਼ਤਿਹਗੜ੍ਹ ਸਾਹਿਬ 16 ਅਕਤੂਬਰ (ਸੁਰਜੀਤ ਸਿੰਘ ਖਮਾਣੋਂ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਮ ਚੋਣ ਨੂੰ ਲੈ ਕੇ ਸ਼ਕਤੀ ਪ੍ਰਦਰਸ਼ਨ ਸ਼ੁਰੂ ਹੋ ਚੁੱਕਾ ਹੈ ਜਿਸ ਦੀ ਮਿਸਾਲ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਵੱਡੀ ਗਿਣਤੀ ਵਿਚ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਨਾਲ ਲੈ ਕੇ ਮੁਤਵਾਜ਼ੀ ਜਥੇਦਾਰਾਂ ਵਿਰੁਧ ਅਕਾਲ ਤਖ਼ਤ ਵਲੋਂ ਸਖ਼ਤ ਕਾਰਵਾਈ ਕੀਤੇ ਜਾਣ ਦੀ ਜਥੇਦਾਰ ਨੂੰ ਬੇਨਤੀ ਕੀਤੀ ਗਈ ਹੈ। ਨਵੰਬਰ ਦੇ ਮਹੀਨੇ ਵਿਚ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਵਿਚ ਪ੍ਰਧਾਨਗੀ ਅਹੁਦੇ ਲਈ ਬੀਬੀ ਜਗੀਰ ਕੌਰ ਨਿਤਰ ਕੇ ਸਾਹਮਣੇ ਆ ਗਈ ਹੈ। ਬੀਬੀ ਜਗੀਰ ਕੌਰ ਨੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸ਼ਿਕਾਇਤ ਪੱਤਰ ਦੇਣ ਦੇ ਬਹਾਨੇ 65 ਮੈਂਬਰਾਂ ਦੇ ਕਾਫ਼ਲੇ ਨੂੰ ਲੈ ਕੇ ਅਪਣੀ ਤਾਕਤ ਸਾਬਤ ਕਰ ਦਿਤੀ ਹੈ। ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਅਕਾਲ ਚਲਾਣੇ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਕਿ ਜਦ ਕਿਸੇ ਮੈਂਬਰ ਨੇ ਪ੍ਰਧਾਨਗੀ ਅਹੁਦੇ ਲਈ ਅਪਣੀ ਤਾਕਤ ਦਾ ਮੁਜ਼ਾਹਰਾ ਕੀਤਾ ਹੋਵੇ। ਸ਼੍ਰੋਮਣੀ ਕਮੇਟੀ ਦੇ ਅੰਦਰੂਨੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ
ਕਿ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਧਾਨ ਜਥੇਦਾਰ ਕ੍ਰਿਪਾਲ ਸਿੰਘ ਬੰਡੂਗਰ ਜਿਥੇ ਸਿਹਤ ਪੱਖੋਂ ਅਕਸਰ ਹੀ ਪ੍ਰੇਸ਼ਾਨ ਰਹਿੰਦੇ ਹਨ, ਉਥੇ ਇਹ ਵੀ ਚਰਚਾ ਹੈ ਕਿ ਉਹ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਅਪਣੇ ਨਾਲ ਜੋੜਨ ਵਿਚ ਅਸਫ਼ਲ ਰਹੇ ਹਨ ਅਤੇ ਇਹ ਵੀ ਚਰਚਾ ਹੈ ਕਿ ਦੂਜੀ ਵਾਰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੇ ਅਹੁਦੇ ਤੇ ਕਾਬਜ਼ ਹੋਣ ਦੇ ਬਾਵਜੂਦ ਉਹ ਅਪਣਾ ਗਰੁਪ ਨਹੀਂ ਬਣਾ ਸਕੇ। ਆਮ ਹੀ ਵੇਖਿਆ ਗਿਆ ਹੈ ਕਿ ਜਿਨ੍ਹਾਂ ਸਮਾਗਮਾਂ ਵਿਚ ਪ੍ਰੋ. ਕ੍ਰਿਪਾਲ ਸਿੰਘ ਬੰਡੂਗਰ ਸ਼ਾਮਲ ਹੁੰਦੇ ਹਨ, ਉਥੇ ਸ਼੍ਰੁਮਣੀ ਕਮੇਟੀ ਦੇ ਉਚ ਅਧਿਕਾਰੀਆਂ ਤੋਂ ਬਿਨਾਂ ਮੈਂਬਰ ਘੱਟ ਹੀ ਸ਼ਮੂਲੀਅਤ ਕਰਦੇ ਹਨ ਜਿਸ ਦੀ ਮਿਸਾਲ ਫ਼ਤਿਹਗੜ੍ਹ ਸਾਹਿਬ ਵਿਖੇ ਖ਼ਾਲਸਾਈ ਖੇਡਾਂ ਦੌਰਾਨ ਵੇਖਣ ਨੂੰ ਮਿਲੀ, ਜਿਥੇ ਪਹਿਲੇ ਦਿਨ ਸ਼ੋਮਣੀ ਕਮੇਟੀ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਚਾਵਲਾ ਅਤੇ ਕਰਨੈਲ ਸਿੰਘ ਪੰਜੋਲੀ ਤੋਂ ਬਿਨਾਂ ਕੋਈ ਸ਼੍ਰੋਮਣੀ ਕਮੇਟੀ ਮੈਂਬਰ ਹਾਜ਼ਰ ਨਹੀਂ ਦਿਸਿਆ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਬਹੁਤ ਸਾਰੇ ਮੈਂਬਰ ਅਕਾਲੀ ਸੁਪਰੀਮੋ ਸੁਖਬੀਰ ਸਿੰਘ ਬਾਦਲ ਨੂੰ ਮਿਲ ਕੇ ਅਪਣਾ ਰੋਸ ਦਰਜ ਕਰਵਾ ਚੁੱਕੇ ਹਨ ਕਿ ਉਨ੍ਹਾਂ ਦੀ ਕੋਈ ਪੁੱਛ ਪਰਤੀਤ ਨਹੀਂ ਹੈ।