
ਚੰਡੀਗੜ੍ਹ, 23 ਨਵੰਬਰ (ਜੀ.ਸੀ. ਭਾਰਦਵਾਜ): ਅਗਲੇ ਹਫ਼ਤੇ ਵੀਰਵਾਰ 29 ਨਵੰਬਰ ਦੀ ਤੈਅਸ਼ੁਦਾ ਬੈਠਕ ਵਿਚ ਮੌਜੂਦਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਅਗਲੇ ਸਾਲ ਲਈ ਬਦਲਣ ਦੀ ਕਵਾਇਦ ਸ਼ੁਰੂ ਹੋ ਚੁੱਕੀ ਹੈ। ਅੱਜ ਇਥੇ ਸੈਕਟਰ-2 ਦੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫ਼ਤਰ ਵਿਚ ਦਲ ਨਾਲ ਸਬੰਧਤ ਸ਼੍ਰੋ੍ਰਮਣੀ ਕਮੇਟੀ ਮੈਂਬਰਾਂ ਨੂੰ ਅਪਣੀ ਰਾਏ ਜਾਂ ਵਿਚਾਰ ਦੇਣ ਲਈ ਬੁਲਾਇਆ ਗਿਆ ਸੀ। 'ਰੋਜ਼ਾਨਾ ਸਪੋਕਸਮੈਨ' ਵਲੋਂ ਮੌਕੇ 'ਤੇ ਜਾ ਕੇ ਕਈ ਮੈਂਬਰਾਂ ਨਾਲ ਗੱਲਬਾਤ ਕਰਨ ਨਾਲ ਜਾਣਕਾਰੀ ਮਿਲੀ ਗਈ ਇਸ ਵਾਰ ਵੱਡੇ ਬਾਦਲ ਸਾਬਕਾ ਮੁੰਖ ਮੰਤਰੀ ਅਤੇ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੋਹਾਂ ਨੇ ਮੈਂਬਰਾਂ ਦੇ ਵਿਚਾਰ ਲਏ। ਅੱਜ ਅੰਮ੍ਰਿਤਸਰ ਜ਼ਿਲ੍ਹੇ ਦੇ 15 ਮੈਂਬਰਾਂ, ਤਰਨਤਾਰਨ ਦੇ ਅੱਠ, ਗੁਰਦਾਸਪੁਰ ਦੇ ਛੇ, ਕਪੂਰਥਲਾ ਦੇ ਚਾਰ, ਜਲੰਧਰ ਤੋਂ ਸੱਤ, ਹੁਸ਼ਿਆਰਪੁਰ ਤੋਂ ਛੇ, ਲੁਧਿਆਣਾ ਜ਼ਿਲ੍ਹੇ ਤੋਂ 14, ਪਟਿਆਲਾ ਤੋਂ ਸੱਤ, ਫ਼ਤਿਹਗੜ੍ਹ ਸਾਹਿਬ ਤੋਂ ਤਿੰਨ, ਮੁਹਾਲੀ ਜ਼ਿਲ੍ਹੇ ਤੋਂ ਦੋ ਅਤੇ ਚੰਡੀਗੜ੍ਹ ਤੇ ਹਿਮਾਚਲ ਪ੍ਰਦੇਸ਼ ਦੇ ਇਕ-ਇਕ ਮੈਂਬਰ ਨੂੰ ਬੁਲਾਇਆ ਗਿਆ ਸੀ। ਬਾਕੀ ਰਹਿੰਦੇ 66 ਮੈਂਬਰਾਂ, ਹਰਿਆਣਾ ਤੋਂ ਕੁਲ 11 ਵਿਚੋਂ ਅੱਠ ਅਤੇ ਬਠਿੰਡਾ ਤੋਂ ਵੀ ਅੱਠ, ਫ਼ਾਜ਼ਿਲਕਾ, ਮੁਕਤਸਰ, ਫ਼ਿਰੋਜ਼ਪੁਰ, ਫ਼ਰੀਦਕੋਟ, ਮਾਨਸਾ, ਮੋਗਾ, ਬਰਨਾਲਾ, ਸੰਗਰੂਰ, ਨਵਾਂਸ਼ਹਿਰ ਅਤੇ ਰੋਪੜ ਜ਼ਿਲ੍ਹਿਆਂ ਤੋਂ ਭਲਕੇ ਸੱਦੇ ਗਏ ਹਨ।
ਇਸ ਵਾਰ ਇਹ ਪਹਿਲੀ ਵਾਰ ਹੋਇਆ ਹੈ ਕਿ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਫ਼ਤਾ ਪਹਿਲਾਂ ਹੀ ਅਪਣੀ ਪਾਰਟੀ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਵਿਚਾਰ ਜਾਣਨ ਲਈ ਇਕੱਲੇ-ਇਕੱਲੇ ਜ਼ਿਲ੍ਹਾਵਾਰ ਸੱਦਿਆ ਹੈ। ਪਹਿਲਾਂ ਇਹ ਪਿਰਤ ਰਹੀ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਚੋਣ ਨਵੰਬਰ ਦੇ ਆਖ਼ਰੀ ਦਿਨਾਂ ਵਿਚੋਂ ਹੋਣ ਤੋਂ ਇਕ ਦਿਨ ਪਹਿਲਾਂ ਅੰਮ੍ਰਿਤਸਰ ਵਿਚ ਹੀ ਇਕੱਠੇ ਕਰ ਕੇ ਰਾਏ ਲੈ ਲਈ ਜਾਂਦੀ ਸੀ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪ੍ਰੋ. ਬਡੂੰਡਰ ਵਲੋਂ ਪਿਛਲੇ ਕੁੱਝ ਸਮੇਂ ਦਿਤੇ ਬਿਆਨਾਂ ਅਤੇ ਕੀਤੀ ਕਾਰਗੁਜ਼ਾਰੀ ਤੋਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ, ਸਰਪ੍ਰਸਤ, ਕਮੇਟੀ ਸਟਾਫ਼ ਅਤੇ ਹੋਰ ਵਿਰੋਧੀ ਮੈਂਬਰ ਨਾਰਾਜ਼ ਹਨ ਅਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਨਵਾਂ ਪ੍ਰਧਾਨ ਲਿਆਂਦਾ ਜਾਵੇ। ਸਤੰਬਰ 2011 ਵਿਚ 170 ਮੈਂਬਰੀ ਹਾਊਸ ਦੀ ਚੋਣ ਹੋਈ ਸੀ, ਬਹੁਮਤ ਯਾਨੀ 140 ਤੋਂ 150 ਮੈਂਬਰ ਬਾਦਲ ਅਕਾਲੀ ਦਲ ਦੇ ਹੀ ਹਨ, ਵਿਰੋਧੀ ਧਿਰ ਵਲੋਂ ਸਿਰਫ਼ 20 ਤੋਂ 25 ਮੈਂਬਰ ਹਨ। ਮੈਂਬਰ ਸ. ਸੁਖਦੇਵ ਸਿੰਘ ਭੌਰ ਦੀ ਅਗਵਾਹੀ ਵਿਚ ਕੁੱਝ ਦਿਨ ਪਹਿਲਾਂ ਇਕ ਪੰਥਕ ਫ਼ਰੰਟ ਬਣਾਇਆ ਗਿਆ ਸੀ। ਇਸ ਫ਼ਰੰਟ ਨੇ ਪ੍ਰਧਾਨ ਦੇ ਅਹੁਦੇ ਲਈ ਅਪਣਾ ਵਖਰਾ ਉਮੀਦਵਾਰ ਖੜਾ ਕਰਨ ਦਾ ਐਲਾਨ ਕੀਤਾ ਸੀ। ਸੂਤਰਾਂ ਦਾ ਕਹਿਣਾ ਹੈ ਕਿ ਅਜਿਹੇ ਫ਼ਰੰਟ ਸਿਰਫ਼ ਇਹ ਜ਼ੋਰ ਪਾਉਣ ਲਈ ਬਣਾਏ ਜਾਂਦੇ ਹਨ ਕਿ ਇਕ ਜਾਂ ਦੋ ਮੈਂਬਰ ਅੰਤ੍ਰਿੰਗ ਕਮੇਟੀ ਵਿਚ ਲੈ ਲਏ ਜਾਣ। ਇਸ ਵੇਲੇ ਚੁਣੇ ਹੋਏ 170 ਮੈਂਬਰਾਂ ਵਿਚੋਂ ਪੰਜ ਸਵਗਰ ਸਿਧਾਰ ਗਏ ਹਨ। ਦੋ ਜਾਂ ਤਿੰਨ ਵਿਦੇਸ਼ ਵਿਚ ਹਨ। ਕੁਲ 15 ਕੋਆਪਟਡ ਹਨ ਜਿਨ੍ਹਾਂ ਵਿਚ ਪ੍ਰੋ. ਬਡੂੰਗਰ ਸਮੇਤ ਪੰਜ ਪੰਜਾਬ ਤੋਂ, ਤਿੰਨ ਦਿੱਲੀ ਤੋਂ, ਤਿੰਨ ਯੂਪੀ ਤੋਂ ਅਤੇ ਇਕ-ਇਕ ਉਤਰਾਂਚਲ, ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਰਾਜਸਥਾਨ ਤੋਂ ਹਨ। ਜਨਰਲ ਹਾਊਸ ਦੀ ਚੋਣ ਹਰ ਪੰਜ ਸਾਲ ਬਾਅਦ ਹੁੰਦੀ ਹੈ ਜਦਕਿ ਪ੍ਰਧਾਨ ਹਰ ਸਾਲ 30 ਨਵੰਬਰ ਤੋਂ ਪਹਿਲਾਂ ਚੁਣਿਆ ਜਾਂਦਾ ਹੈ।