
ਕਪੂਰਥਲਾ/ਸੁਲਤਾਨਪੁਰ
ਲੋਧੀ, 4 ਸਤੰਬਰ (ਇੰਦਰਜੀਤ ਸਿੰਘ ਚਾਹਲ): ਸ਼੍ਰੋਮਣੀ ਕਮੇਟੀ ਦੀ ਅੱਜ ਇਥੇ ਗੁਰਦਵਾਰਾ
ਸ੍ਰੀ ਬੇਰ ਸਾਹਿਬ ਵਿਖੇ ਹੋਈ ਅੰਤ੍ਰਿੰਗ ਕਮੇਟੀ ਦੀ ਵਿਸ਼ੇਸ਼ ਇਕੱਤਰਤਾ ਦੌਰਾਨ 2019 ਵਿਚ ਆ
ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਤ ਸੁਲਤਾਨਪੁਰ
ਲੋਧੀ ਵਿਖੇ ਇਕ ਵਿਸ਼ੇਸ਼ ਯਾਦਗਾਰ ਸਥਾਪਤ ਕਰਨ ਦੇ ਨਾਲ ਨਾਲ ਇਕ ਕੌਮਾਂਤਰੀ ਕਮੇਟੀ ਬਣਾਉਣ
ਅਤੇ ਆਧੁਨਿਕ ਅਜਾਇਬ ਘਰ ਸਥਾਪਤ ਕਰ ਕੇ ਗੁਰੂ ਸਾਹਿਬ ਦੇ ਜੀਵਨ ਨਾਲ ਸਬੰਧਤ ਇਤਿਹਾਸ ਨੂੰ
ਰੂਪਮਾਨ ਕਰਨ ਸਮੇਤ ਕਈ ਅਹਿਮ ਫ਼ੈਸਲੇ ਲਏ ਗਏ। ਇਕੱਤਰਤਾ ਦੌਰਾਨ ਲਏ ਗਏ ਫ਼ੈਸਲਿਆਂ ਸਬੰਧੀ
ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਦਸਿਆ ਕਿ
ਇਸ ਯਾਦਗਾਰ ਵਿਚ ਗੁਰੂ ਸਾਹਿਬ ਦੇ ਇਤਿਹਾਸ ਅਤੇ ਵਿਚਾਰਧਾਰਾ ਨੂੰ ਸੰਗਤ ਤਕ ਪਹੁੰਚਾਉਣ
ਲਈ ਇਕ ਆਧੁਨਿਕ ਅਜਾਇਬ ਘਰ ਬਣਾਇਆ ਜਾਵੇਗਾ ਜਿਸ ਵਿਚ ਐਲ.ਈ.ਡੀ. ਸਕਰੀਨਾਂ ਦੀ ਵਰਤੋਂ
ਕੀਤੀ ਜਾਵੇਗੀ।
ਉਨ੍ਹਾਂ ਦਸਿਆ ਕਿ ਇਸ ਅਜਾਇਬ ਘਰ ਵਿਚ ਰੂਪਮਾਨ ਕੀਤੇ ਜਾਣ ਵਾਲੇ
ਇਤਿਹਾਸ ਨੂੰ 4 ਭਾਗਾਂ ਵਿਚ ਵੰਡ ਕੇ ਦਰਸਾਇਆ ਜਾਵੇਗਾ ਜਿਸ ਵਿਚ ਗੁਰੂ ਸਾਹਿਬ ਦੇ ਆਰੰਭਕ
ਜੀਵਨ, ਸੁਲਤਾਨਪੁਰ ਲੋਧੀ ਨਾਲ ਸਬੰਧਤ ਇਤਿਹਾਸ, ਉਦਾਸੀਆਂ ਅਤੇ ਕਰਤਾਰਪੁਰ ਵਿਖੇ ਕੀਤੀ
ਕਿਰਤ ਨਾਲ ਸਬੰਧਤ ਇਤਿਹਾਸ ਪ੍ਰਦਰਸ਼ਤ ਕੀਤਾ ਜਾਵੇਗਾ।
ਇਸ ਯਾਦਗਾਰ ਦੀ ਇਮਾਰਤ ਦਾ
ਢਾਂਚਾ ਗਲੋਬ ਦੇ ਰੂਪ ਵਿਚ ਗੁਰੂ ਸਾਹਿਬ ਦੀਆਂ ਵਿਸ਼ਵ ਵਿਆਪੀ ਸਿੱਖਿਆਵਾਂ ਅਨੁਸਾਰ
ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਕਾਰਜ ਲਈ ਪ੍ਰਸਿੱਧ ਇਤਿਹਾਸਕਾਰਾਂ ਅਤੇ ਇੰਜੀਨੀਅਰਾਂ
ਦੀਆਂ ਸੇਵਾਵਾਂ ਲਈਆਂ ਜਾਣਗੀਆਂ। ਇਸ ਤੋਂ ਇਲਾਵਾ ਗੁਰੂ ਸਾਹਿਬ ਦੀ ਵਿਚਾਰਧਾਰਾ ਅਨੁਸਾਰ
ਅਕਾਲ ਪੁਰਖ ਦੀ ਏਕਤਾ ਦੇ ਸੰਕਲਪ ਨੂੰ ਦਰਸਾਉਂਦਾ ੴ ਦਾ ਵਿਸ਼ਾਲ ਨਿਸ਼ਾਨ ਵੀ ਸਥਾਪਤ ਕੀਤਾ
ਜਾਵੇਗਾ।