
ਨਾਭਾ, 8 ਫ਼ਰਵਰੀ (ਬਲਵੰਤ ਹਿਆਣਾ): 1984 ਵਿਚ ਦਿੱਲੀ ਵਿਖੇ ਹੋਏ ਸਿੱਖ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਵਰਗੇ ਕਾਂਗਰਸੀ ਆਗੂਆਂ ਵਿਰੁਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਅੱਜ ਗੁਰਦੁਆਰਾ ਬਾਬਾ ਅਜਾਪਾਲ ਸਿੰਘ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ ਵੀਡੀਉ ਕੇਂਦਰ ਸਰਕਾਰ ਅਤੇ ਸੀ.ਬੀ.ਆਈ. ਨੂੰ ਸੌਂਪੀ ਹੈ
ਜਿਸ ਵਿਚ ਟਾਈਟਲਰ 100 ਸਿੱਖਾਂ ਨੂੰ ਕਤਲੇਆਮ ਵਿਚ ਮਾਰਨ ਦੀ ਗੱਲ ਕਬੂਲ ਰਿਹਾ ਹੈ, ਉਸ ਦੀ ਬਾਰੀਕੀ ਨਾਲ ਜਾਂਚ ਪੜਤਾਲ ਕੀਤੀ ਜਾਵੇ ਤਾਕਿ ਸਾਰੀ ਸਚਾਈ ਲੋਕਾਂ ਸਾਹਮਣੇ ਆਵੇ ਕਿ 1984 ਵਿਚ ਹੋਏ ਕਤਲੇਆਮ ਵਿਚ ਗਾਂਧੀ ਪਰਵਾਰ ਦੀ ਕੀ ਭੁਮਿਕਾ ਰਹੀ ਹੈ। ਇਸ ਮੌਕੇ ਜਥੇਦਾਰ ਬਲਤੇਜ ਸਿੰਘ ਖੋਖ, ਮੈਨੇਜਰ ਹਰਮਿੰਦਰ ਸਿੰਘ ਗੁਰਦੁਆਰਾ ਬਾਬਾ ਅਜਾਪਾਲ ਸਿੰਘ, ਬਲਕਾਰ ਸਿੰਘ ਬਾਰਨ ਸਿਆਸੀ ਸਕੱਤਰ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ, ਰਾਜਿੰਦਰਪਾਲ ਸਿੰਘ ਕਥਾ ਵਾਚਕ, ਕਰਮਜੀਤ ਸਿੰਘ ਮਹਿਰਮ, ਰਣਜੀਤ ਸਿੰਘ ਰਾਮਗੜ੍ਹ, ਗੁਰਬਚਨ ਸਿੰਘ ਆਦਿ ਹਾਜ਼ਰ ਸਨ।