
ਪਟਨਾ
ਸਾਹਿਬ, 4 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ) : ਦਿੱਲੀ ਅਕਾਲੀ ਦਲ ਦੇ ਜਨਰਲ ਸਕੱਤਰ
ਹਰਵਿੰਦਰ ਸਿੰਘ ਸਰਨਾ ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਚੁਣੇ
ਗਏ ਹਨ। ਉਨ੍ਹਾਂ ਦੀ ਚੋਣ ਸਰਬਸੰਮਤੀ ਨਾਲ ਹੋਈ ਹੈ। ਇਸ ਕਮੇਟੀ 'ਤੇ ਪਹਿਲਾਂ ਸ਼੍ਰੋਮਣੀ
ਅਕਾਲੀ ਦਲ ਦਾ ਕਬਜ਼ਾ ਸੀ ਅਤੇ ਅਵਤਾਰ ਸਿੰਘ ਮੱਕੜ ਪ੍ਰਧਾਨ ਸਨ। ਹਰਵਿੰਦਰ ਸਿੰਘ ਦੇ ਭਰਾ
ਪਰਮਜੀਤ ਸਿੰਘ ਸਰਨਾ ਨੇ 'ਰੋਜ਼ਾਨਾ ਸਪੋਕਸਮੈਨ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ
ਦੀ ਚੋਣ ਦਾ ਰਾਹ ਸੌਖਾ ਨਹੀਂ ਸੀ।
ਅਕਾਲੀ ਦਲ ਦੇ ਆਗੂਆਂ ਨੇ ਉਨ੍ਹਾਂ ਦੇ ਰਾਹ ਵਿਚ
ਕਈ ਅੜਿੱਕੇ ਖੜੇ ਕੀਤੇ ਅਤੇ ਅਦਾਲਤ ਵਿਚ ਕੇਸ ਵੀ ਪਾਇਆ। ਮੀਟਿੰਗ ਨੂੰ ਰੱਦ ਕਰਾਉਣ ਦੇ
ਵੀ ਕਈ ਯਤਨ ਕੀਤੇ ਗਏ ਪਰ ਇਸ ਸੱਭ ਦੇ ਬਾਵਜੂਦ ਉਨ੍ਹਾਂ ਨੂੰ ਜਿੱਤ ਪ੍ਰਾਪਤ ਹੋਈ ਹੈ।
ਉਨ੍ਹਾਂ ਕਿਹਾ ਕਿ ਬਾਦਲ ਦਲ ਨਾਲ ਸਬੰਧਤ ਤਿੰਨ ਮੈਂਬਰ ਅਵਤਾਰ ਸਿੰਘ ਮੱਕੜ, ਗੁਰਿੰਦਰਪਾਲ
ਸਿੰਘ ਅਤੇ ਗੁਰਮੀਤ ਸਿੰਘ ਕਾਨਪੁਰ ਪ੍ਰਬੰਧਕੀ ਕਮੇਟੀ ਦੀ ਮੀਟਿੰਗ ਤੋਂ ਕਿਨਾਰਾ ਕਰ ਗਏ
ਜਿਸ ਤੋਂ ਬਾਅਦ ਉਨ੍ਹਾਂ ਨੂੰ ਸਰਬਸੰਮਤੀ ਨਾਲ ਚੁਣ ਲਿਆ ਗਿਆ। ਦਿੱਲੀ ਦੇ ਸਰਨਾ ਭਰਾਵਾਂ
ਨੂੰ ਕਾਂਗਰਸ ਖ਼ਾਸਕਰ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਮੰਨਿਆ ਜਾਂਦਾ ਹੈ। ਕੈਪਟਨ
ਅਮਰਿੰਦਰ ਸਿੰਘ ਨੇ ਸ. ਸਰਨਾ ਨੂੰ ਪਿੱਛੇ ਜਿਹੇ ਪੰਥਕ ਮਾਮਲਿਆਂ ਲਈ ਅਪਣਾ ਸਲਾਹਕਾਰ ਵੀ
ਨਿਯੁਕਤ ਕੀਤਾ ਹੈ।