
Ajj da Hukamnama Sri Darbar Sahib: ਸੋਰਠਿ ਮਹਲਾ ੫ ॥
Ajj da Hukamnama Sri Darbar Sahib: ਸੋਰਠਿ ਮਹਲਾ ੫ ॥
ਸੂਖ ਮੰਗਲ ਕਲਿਆਣ ਸਹਜ ਧੁਨਿ ਪ੍ਰਭ ਕੇ ਚਰਣ ਨਿਹਾਰਿਆ॥
ਰਾਖਨਹਾਰੈ ਰਾਖਿਓ ਬਾਰਿਕੁ ਸਤਿਗੁਰਿ ਤਾਪੁ ਉਤਾਰਿਆ॥ ੧॥
ਉਬਰੇ ਸਤਿਗੁਰ ਕੀ ਸਰਣਾਈ॥
ਜਾ ਕੀ ਸੇਵ ਨ ਬਿਰਥੀ ਜਾਈ॥ ਰਹਾਉ॥
ਘਰ ਮਹਿ ਸੂਖ ਬਾਹਰਿ ਫੁਨਿ ਸੂਖਾ ਪ੍ਰਭ ਅਪੁਨੇ ਭਏ ਦਇਆਲਾ॥
ਨਾਨਕ ਬਿਘਨੁ ਨ ਲਾਗੈ ਕੋਊ ਮੇਰਾ ਪ੍ਰਭੁ ਹੋਆ ਕਿਰਪਾਲਾ॥ ੨॥੧੨॥੪੦॥
ਸ਼ੁੱਕਰਵਾਰ, ੧੬ ਕੱਤਕ (ਸੰਮਤ ੫੫੬ ਨਾਨਕਸ਼ਾਹੀ)
(ਅੰਗ: ੬੧੯)
ਪੰਜਾਬੀ ਵਿਆਖਿਆ:
ਸੋਰਠਿ ਮਹਲਾ ੫ ॥
(ਹੇ ਭਾਈ! ਜੇਹੜਾ ਭੀ ਮਨੁੱਖ ਗੁਰੂ ਦੀ ਸ਼ਰਨ ਆ ਪਿਆ) ਗੁਰੂ ਨੇ ਉਸ ਦਾ ਤਾਪ (ਦੁੱਖ-ਕਲੇਸ਼) ਲਾਹ ਦਿੱਤਾ, ਰੱਖਿਆ ਕਰਨ ਦੀ ਸਮਰਥਾ ਵਾਲੇ ਗੁਰੂ ਨੇ ਉਸ ਬਾਲਕ ਨੂੰ (ਵਿਘਨਾਂ ਤੋਂ) ਬਚਾ ਲਿਆ (ਉਸ ਨੂੰ ਇਉਂ ਬਚਾਇਆ ਜਿਵੇਂ ਪਿਤਾ ਆਪਣੇ ਪੁੱਤਰ ਦੀ ਰੱਖਿਆ ਕਰਦਾ ਹੈ) । (ਗੁਰੂ ਦੀ ਸ਼ਰਨ ਪੈ ਕੇ ਜਿਸ ਮਨੁੱਖ ਨੇ) ਪਰਮਾਤਮਾ ਦੇ ਚਰਨਾਂ ਦਾ ਦਰਸਨ ਕਰ ਲਿਆ, ਉਸ ਦੇ ਅੰਦਰ ਸੁਖ ਖ਼ੁਸ਼ੀ ਆਨੰਦ ਤੇ ਆਤਮਕ ਅਡੋਲਤਾ ਦੀ ਰੌ ਚੱਲ ਪਈ ।੧। ਹੇ ਭਾਈ! ਜਿਸ ਗੁਰੂ ਦੀ ਕੀਤੀ ਹੋਈ ਸੇਵਾ ਖ਼ਾਲੀ ਨਹੀਂ ਜਾਂਦੀ, ਉਸ ਗੁਰੂ ਦੀ ਸ਼ਰਨ ਜੇਹੜੇ ਮਨੁੱਖ ਪੈਂਦੇ ਹਨ ਉਹ (ਆਤਮਕ ਜੀਵਨ ਦੇ ਰਸਤੇ ਵਿਚ ਆਉਣ ਵਾਲੀਆਂ ਰੁਕਾਵਟਾਂ ਤੋਂ) ਬਚ ਜਾਂਦੇ ਹਨ ।ਰਹਾਉ।(ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਸ ਦੇ) ਹਿਰਦੇ ਵਿਚ ਆਤਮਕ ਆਨੰਦ ਬਣਿਆ ਰਹਿੰਦਾ ਹੈ, ਬਾਹਰ (ਦੁਨੀਆ ਨਾਲ ਵਰਤਣ ਵਿਹਾਰ ਕਰਦਿਆਂ) ਭੀ ਉਸ ਨੂੰ ਆਤਮਕ ਸੁਖ ਮਿਲਿਆ ਰਹਿੰਦਾ ਹੈ, ਉਸ ਉਤੇ ਪ੍ਰਭੂ ਸਦਾ ਦਇਆਵਾਨ ਰਹਿੰਦਾ ਹੈ । ਹੇ ਨਾਨਕ! ਉਸ ਮਨੁੱਖ ਦੀ ਜ਼ਿੰਦਗੀ ਦੇ ਰਸਤੇ ਵਿਚ ਕੋਈ ਰੁਕਾਵਟ ਨਹੀਂ ਆਉਂਦੀ, ਉਸ ਉਤੇ ਪਰਮਾਤਮਾ ਕਿਰਪਾਲ ਹੋਇਆ ਰਹਿੰਦਾ ਹੈ ।੨।੧੨।੪੦।