
ਤਿਲੰਗ ਬਾਣੀ ਭਗਤਾ ਕੀ ਕਬੀਰ ਜੀ
ਤਿਲੰਗ ਬਾਣੀ ਭਗਤਾ ਕੀ ਕਬੀਰ ਜੀ
ੴ ਸਤਿਗੁਰ ਪ੍ਰਸਾਦਿ ॥
ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰੁ ਨ ਜਾਇ ॥
ਟੁਕੁ ਦਮੁ ਕਰਾਰੀ ਜਉ ਕਰਹੁ ਹਾਜਿਰ ਹਜੂਰਿ ਖੁਦਾਇ ॥੧॥
ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ ॥
ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ ॥੧॥ ਰਹਾਉ ॥
ਦਰੋਗੁ ਪੜਿ ਪੜਿ ਖੁਸੀ ਹੋਇ ਬੇਖਬਰ ਬਾਦੁ ਬਕਾਹਿ ॥
ਹਕੁ ਸਚੁ ਖਾਲਕੁ ਖਲਕ ਮਿਆਨੇ ਸਿਆਮ ਮੂਰਤਿ ਨਾਹਿ ॥੨॥
ਅਸਮਾਨ ਮਿ੍ਹਾਨੇ ਲਹੰਗ ਦਰੀਆ ਗੁਸਲ ਕਰਦਨ ਬੂਦ ॥
ਕਰਿ ਫਕਰੁ ਦਾਇਮ ਲਾਇ ਚਸਮੇ ਜਹ ਤਹਾ ਮਉਜੂਦੁ ॥੩॥
ਅਲਾਹ ਪਾਕੰ ਪਾਕ ਹੈ ਸਕ ਕਰਉ ਜੇ ਦੂਸਰ ਹੋਇ ॥
ਕਬੀਰ ਕਰਮੁ ਕਰੀਮ ਕਾ ਉਹੁ ਕਰੈ ਜਾਨੈ ਸੋਇ ॥੪॥੧॥
ਮੰਗਲਵਾਰ, ੨੬ ਜੇਠ (ਸੰਮਤ ੫੫੩ ਨਾਨਕਸ਼ਾਹੀ) (ਅੰਗ: ੭੨੭)
Darbar Sahib
ਪੰਜਾਬੀ ਵਿਆਖਿਆ:
ਤਿਲੰਗ ਬਾਣੀ ਭਗਤਾ ਕੀ ਕਬੀਰ ਜੀ
ੴ ਸਤਿਗੁਰ ਪ੍ਰਸਾਦਿ ॥
ਹੇ ਭਾਈ! (ਵਾਦ-ਵਿਵਾਦ ਦੀ ਖ਼ਾਤਰ) ਵੇਦਾਂ ਕਤੇਬਾਂ ਦੇ ਹਵਾਲੇ ਦੇ ਦੇ ਕੇ ਵਧ ਗੱਲਾਂ ਕਰਨ ਨਾਲ (ਮਨੁੱਖ ਦੇ ਆਪਣੇ) ਦਿਲ ਦਾ ਸਹਿਮ ਦੂਰ ਨਹੀਂ ਹੁੰਦਾ । (ਹੇ ਭਾਈ!) ਜੇ ਤੁਸੀ ਆਪਣੇ ਮਨ ਨੂੰ ਪਲਕ ਭਰ ਹੀ ਟਿਕਾਓ, ਤਾਂ ਤੁਹਾਨੂੰ ਸਭਨਾਂ ਵਿਚ ਹੀ ਵੱਸਦਾ ਰੱਬ ਦਿੱਸੇਗਾ (ਕਿਸੇ ਦੇ ਵਿਰੁੱਧ ਤਰਕ ਕਰਨ ਦੀ ਲੋੜ ਨਹੀਂ ਪਏਗੀ) ।੧।
Darbar sahib
ਹੇ ਭਾਈ! (ਆਪਣੇ ਹੀ) ਦਿਲ ਨੂੰ ਹਰ ਵੇਲੇ ਖੋਜ, (ਬਹਿਸ ਮੁਬਾਹਸੇ ਦੀ) ਘਬਰਾਹਟ ਵਿਚ ਨਾਹ ਭਟਕ । ਇਹ ਜਗਤ ਇਕ ਜਾਦੂ ਜਿਹਾ ਹੈ, ਇਕ ਤਮਾਸ਼ਾ ਜਿਹਾ ਹੈ, (ਇਸ ਵਿਚੋਂ ਇਸ ਵਿਅਰਥ ਵਾਦ-ਵਿਵਾਦ ਦੀ ਰਾਹੀਂ) ਹੱਥ-ਪੱਲੇ ਪੈਣ ਵਾਲੀ ਕੋਈ ਸ਼ੈ ਨਹੀਂ ।੧।ਰਹਾਉ। ਬੇ-ਸਮਝ ਲੋਕ (ਅਨ-ਮਤਾਂ ਦੇ ਧਰਮ-ਪੁਸਤਕਾਂ ਬਾਰੇ ਇਹ) ਪੜ੍ਹ ਪੜ੍ਹ ਕੇ (ਕਿ ਇਹਨਾਂ ਵਿਚ ਜੋ ਲਿਖਿਆ ਹੈ) ਝੂਠ (ਹੈ), ਖ਼ੁਸ਼ ਹੋ ਹੋ ਕੇ ਬਹਿਸ ਕਰਦੇ ਹਨ । (ਪਰ ਉਹ ਇਹ ਨਹੀਂ ਜਾਣਦੇ ਕਿ) ਸਦਾ ਕਾਇਮ ਰਹਿਣ ਵਾਲਾ ਰੱਬ ਖ਼ਲਕਤ ਵਿਚ (ਭੀ) ਵੱਸਦਾ ਹੈ, (ਨਾਹ ਉਹ ਵੱਖਰਾ ਸੱਤਵੇਂ ਅਸਮਾਨ ਤੇ ਬੈਠਾ ਹੈ ਤੇ) ਨਾਹ ਉਹ ਪਰਮਾਤਮਾ ਕ੍ਰਿਸ਼ਨ ਦੀ ਮੂਰਤੀ ਹੈ ।੨।
Darbar sahib
(ਸਤਵੇਂ ਅਸਮਾਨ ਦੇ ਵਿਚ ਬੈਠਾ ਸਮਝਣ ਦੇ ਥਾਂ, ਹੇ ਭਾਈ!) ਉਹ ਪ੍ਰਭੂ-ਰੂਪ ਦਰਿਆ ਤੇ ਅੰਤਹਕਰਨ ਵਿਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿਚ ਇਸ਼ਨਾਨ ਕਰਨਾ ਸੀ । ਸੋ, ਉਸ ਦੀ ਸਦਾ ਬੰਦਗੀ ਕਰ, (ਇਹ ਭਗਤੀ ਦੀ) ਐਨਕ ਲਾ (ਕੇ ਵੇਖ), ਉਹ ਹਰ ਥਾਂ ਮੌਜੂਦ ਹੈ ।੩। ਰੱਬ ਸਭ ਤੋਂ ਪਵਿੱਤਰ (ਹਸਤੀ) ਹੈ (ਉਸ ਤੋਂ ਪਵਿੱਤਰ ਕੋਈ ਹੋਰ ਨਹੀਂ ਹੈ), ਇਸ ਗੱਲ ਵਿਚ ਮੈਂ ਤਾਂ ਹੀ ਸ਼ੱਕ ਕਰਾਂ, ਜੇ ਉਸ ਰੱਬ ਵਰਗਾ ਕੋਈ ਹੋਰ ਦੂਜਾ ਹੋਵੇ । ਹੇ ਕਬੀਰ! (ਇਸ ਭੇਤ ਨੂੰ) ਉਹ ਮਨੁੱਖ ਹੀ ਸਮਝ ਸਕਦਾ ਹੈ ਜਿਸ ਨੂੰ ਉਹ ਸਮਝਣ-ਜੋਗ ਬਣਾਏ । ਤੇ, ਇਹ ਬਖ਼ਸ਼ਸ਼ ਉਸ ਬਖ਼ਸ਼ਸ਼ ਕਰਨ ਵਾਲੇ ਦੇ ਆਪਣੇ ਹੱਥ ਹੈ ।੪।੧।