
ਗੋਂਡ ਮਹਲਾ ੫ ॥
ਗੋਂਡ ਮਹਲਾ ੫ ॥
ਜਾ ਕਉ ਰਾਖੈ ਰਾਖਣਹਾਰੁ ॥
ਤਿਸ ਕਾ ਅੰਗੁ ਕਰੇ ਨਿਰੰਕਾਰੁ ॥੧॥ ਰਹਾਉ ॥
ਮਾਤ ਗਰਭ ਮਹਿ ਅਗਨਿ ਨ ਜੋਹੈ ॥
ਕਾਮੁ ਕ੍ਰੋਧੁ ਲੋਭੁ ਮੋਹੁ ਨ ਪੋਹੈ ॥
ਸਾਧਸੰਗਿ ਜਪੈ ਨਿਰੰਕਾਰੁ ॥
ਨਿੰਦਕ ਕੈ ਮੁਹਿ ਲਾਗੈ ਛਾਰੁ ॥੧॥
ਰਾਮ ਕਵਚੁ ਦਾਸ ਕਾ ਸੰਨਾਹੁ ॥
ਦੂਤ ਦੁਸਟ ਤਿਸੁ ਪੋਹਤ ਨਾਹਿ ॥
ਜੋ ਜੋ ਗਰਬੁ ਕਰੇ ਸੋ ਜਾਇ ॥
ਗਰੀਬ ਦਾਸ ਕੀ ਪ੍ਰਭੁ ਸਰਣਾਇ ॥੨॥
ਜੋ ਜੋ ਸਰਣਿ ਪਇਆ ਹਰਿ ਰਾਇ ॥
ਸੋ ਦਾਸੁ ਰਖਿਆ ਅਪਣੈ ਕੰਠਿ ਲਾਇ ॥
ਜੇ ਕੋ ਬਹੁਤੁ ਕਰੇ ਅਹੰਕਾਰੁ ॥
ਓਹੁ ਖਿਨੁ ਮਹਿ ਰੁਲਤਾ ਖਾਕੂ ਨਾਲਿ ॥੩॥
ਹੈ ਭੀ ਸਾਚਾ ਹੋਵਣਹਾਰੁ ॥
ਸਦਾ ਸਦਾ ਜਾਈਂ ਬਲਿਹਾਰ॥
ਅਪਣੇ ਦਾਸ ਰਖੇ ਕਿਰਪਾ ਧਾਰਿ ॥
ਨਾਨਕ ਕੇ ਪ੍ਰਭ ਪ੍ਰਾਣ ਅਧਾਰ ॥੪॥੧੮॥੨੦॥
ਸ਼ੁੱਕਰਵਾਰ, ੨੮ ਫੱਗਣ (ਸੰਮਤ ੫੫੩ ਨਾਨਕਸ਼ਾਹੀ) ੧੧ ਮਾਰਚ, ੨੦੨੨ (ਅੰਗ: ੮੬੮)
Guru Granth Sahib Ji
ਪੰਜਾਬੀ ਵਿਆਖਿਆ :
ਗੋਂਡ ਮਹਲਾ ੫ ॥
ਹੇ ਭਾਈ! ਜਿਸ ਮਨੁੱਖ ਨੂੰ ਰੱਖਣ-ਜੋਗ ਪ੍ਰਭੂ (ਕਾਮਾਦਿਕ ਵਿਕਾਰਾਂ ਤੋਂ) ਬਚਾਣਾ ਚਾਹੁੰਦਾ ਹੈ, ਪ੍ਰਭੂ ਉਸ ਮਨੁੱਖ ਦਾ ਪੱਖ ਕਰਦਾ ਹੈ (ਉਸ ਦੀ ਮਦਦ ਕਰਦਾ ਹੈ) ।੧।ਰਹਾਉ। ਹੇ ਭਾਈ! (ਜਿਵੇਂ ਜੀਵ ਨੂੰ) ਮਾਂ ਦੇ ਪੇਟ ਵਿਚ ਅੱਗ ਦੁੱਖ ਨਹੀਂ ਦੇਂਦੀ, (ਤਿਵੇਂ ਪ੍ਰਭੂ ਜਿਸ ਮਨੁੱਖ ਦਾ ਪੱਖ ਕਰਦਾ ਹੈ, ਉਸ ਨੂੰ) ਕਾਮ, ਕੋ੍ਰਧ, ਲੋਭ, ਮੋਹ (ਕੋਈ ਭੀ) ਆਪਣੇ ਦਬਾਉ ਵਿਚ ਨਹੀਂ ਲਿਆ ਸਕਦਾ । ਉਹ ਮਨੁੱਖ ਗੁਰੂ ਦੀ ਸੰਗਤਿ ਵਿਚ ਟਿਕ ਕੇ ਪਰਮਾਤਮਾ ਦਾ ਨਾਮ ਜਪਦਾ ਹੈ, (ਪਰ ਉਸ) ਦੀ ਨਿੰਦਾ ਕਰਨ ਵਾਲੇ ਮਨੁੱਖ ਦੇ ਸਿਰ ਉਤੇ ਸੁਆਹ ਪੈਂਦੀ ਹੈ (ਨਿੰਦਕ ਬਦਨਾਮੀ ਹੀ ਖੱਟਦਾ ਹੈ) ।੧।
Guru Granth sahib ji
ਹੇ ਭਾਈ! ਪਰਮਾਤਮਾ (ਦਾ ਨਾਮ) ਸੇਵਕ ਵਾਸਤੇ (ਸ਼ਸਤ੍ਰਾਂ ਦੀ ਮਾਰ ਤੋਂ ਬਚਾਣ ਵਾਲਾ) ਤੰਤ੍ਰ ਹੈ, ਸੰਜੋਅ ਹੈ (ਜਿਸ ਮਨੁੱਖ ਦੇ ਪਾਸ ਰਾਮ-ਨਾਮ ਦਾ ਕਵਚ ਹੈ ਸੰਜੋਅ ਹੈ) ਉਸ ਨੂੰ (ਕਾਮਾਦਿਕ) ਚੰਦਰੇ ਵੈਰੀ ਪੋਹ ਨਹੀਂ ਸਕਦੇ । (ਪਰ) ਜੇਹੜਾ ਜੇਹੜਾ ਮਨੁੱਖ (ਆਪਣੀ ਤਾਕਤ ਦਾ) ਮਾਣ ਕਰਦਾ ਹੈ, ਉਹ (ਆਤਮਕ ਜੀਵਨ ਵਲੋਂ) ਤਬਾਹ ਹੋ ਜਾਂਦਾ ਹੈ । ਗ਼ਰੀਬ ਦਾ ਆਸਰਾ ਸੇਵਕ ਦਾ ਆਸਰਾ ਪ੍ਰਭੂ ਆਪ ਹੈ ।੨। ਹੇ ਭਾਈ! ਜੇਹੜਾ ਜੇਹੜਾ ਮਨੁੱਖ ਪ੍ਰਭੂ ਪਾਤਿਸ਼ਾਹ ਦੀ ਸਰਨੀ ਪੈ ਜਾਂਦਾ ਹੈ, ਉਸ ਸੇਵਕ ਨੂੰ ਪ੍ਰਭੂ ਆਪਣੇ ਗਲ ਨਾਲ ਲਾ ਕੇ (ਦੁਸਟ ਦੂਤਾਂ ਤੋਂ) ਬਚਾ ਲੈਂਦਾ ਹੈ । ਪਰ ਜੇਹੜਾ ਮਨੁੱਖ (ਆਪਣੀ ਹੀ ਤਾਕਤ ਉਤੇ) ਬੜਾ ਮਾਣ ਕਰਦਾ ਹੈ, ਉਹ ਮਨੁੱਖਾਂ (ਇਹਨਾਂ ਦੂਤਾਂ ਦੇ ਟਾਕਰੇ ਤੇ) ਇਕ ਖਿਨ ਵਿਚ ਹੀ ਮਿੱਟੀ ਵਿਚ ਮਿਲ ਜਾਂਦਾ ਹੈ ।੩। ਹੇ ਭਾਈ! ਸਦਾ ਕਾਇਮ ਰਹਿਣ ਵਾਲਾ ਪ੍ਰਭੂ ਹੁਣ ਭੀ ਮੌਜੂਦ ਹੈ, ਸਦਾ ਲਈ ਮੌਜੂਦ ਰਹੇਗਾ । ਮੈਂ ਸਦਾ ਉਸੇ ਉਤੋਂ ਸਦਕੇ ਜਾਂਦਾ ਹਾਂ । ਹੇ ਭਾਈ! ਨਾਨਕ ਦੇ ਪ੍ਰਭੂ ਜੀ ਆਪਣੇ ਦਾਸਾਂ ਦੀ ਜਿੰਦ ਦਾ ਆਸਰਾ ਹਨ । ਪ੍ਰਭੂ ਆਪਣੇ ਦਾਸ ਨੂੰ ਕਿਰਪਾ ਕਰ ਕੇ (ਵਿਕਾਰਾਂ ਤੋਂ ਸਦਾ) ਬਚਾਂਦਾ ਹੈ ।੪।੧੮।੨੦।