ਅੱਜ ਦਾ ਹੁਕਮਨਾਮਾ (20 ਅਕਤੂਬਰ 2023)
Published : Oct 20, 2023, 7:18 am IST
Updated : Oct 20, 2023, 7:20 am IST
SHARE ARTICLE
Hukamnama Sahib
Hukamnama Sahib

ਸਲੋਕੁ ਮਃ ੩ ॥

ਸਲੋਕੁ ਮਃ ੩ ॥

ਪੂਰਬਿ ਲਿਖਿਆ ਕਮਾਵਣਾ ਜਿ ਕਰਤੈ ਆਪਿ ਲਿਖਿਆਸੁ ॥

ਮੋਹ ਠਗਉਲੀ ਪਾਈਅਨੁ ਵਿਸਰਿਆ ਗੁਣਤਾਸੁ ॥

ਮਤੁ ਜਾਣਹੁ ਜਗੁ ਜੀਵਦਾ ਦੂਜੈ ਭਾਇ ਮੁਇਆਸੁ ॥

ਜਿਨੀ ਗੁਰਮੁਖਿ ਨਾਮੁ ਨ ਚੇਤਿਓ ਸੇ ਬਹਣਿ ਨ ਮਿਲਨੀ ਪਾਸਿ ॥

ਦੁਖੁ ਲਾਗਾ ਬਹੁ ਅਤਿ ਘਣਾ ਪੁਤੁ ਕਲਤੁ ਨ ਸਾਥਿ ਕੋਈ ਜਾਸਿ ॥

ਲੋਕਾ ਵਿਚਿ ਮੁਹੁ ਕਾਲਾ ਹੋਆ ਅੰਦਰਿ ਉਭੇ ਸਾਸ ॥

ਮਨਮੁਖਾ ਨੋ ਕੋ ਨ ਵਿਸਹੀ ਚੁਕਿ ਗਇਆ ਵੇਸਾਸੁ ॥

ਗੁਰਮੁਖਾ ਨੋ ਸੁਖੁ ਅਗਲਾ ਜਿਨਾ ਅੰਤਰਿ ਨਾਮ ਨਿਵਾਸੁ ॥੧॥ ਮਃ ੩ ॥

ਸੇ ਸੈਣ ਸੇ ਸਜਣਾ ਜਿ ਗੁਰਮੁਖਿ ਮਿਲਹਿ ਸੁਭਾਇ ॥

ਸਤਿਗੁਰ ਕਾ ਭਾਣਾ ਅਨਦਿਨੁ ਕਰਹਿ ਸੇ ਸਚਿ ਰਹੇ ਸਮਾਇ ॥

ਦੂਜੈ ਭਾਇ ਲਗੇ ਸਜਣ ਨ ਆਖੀਅਹਿ ਜਿ ਅਭਿਮਾਨੁ ਕਰਹਿ ਵੇਕਾਰ ॥

ਮਨਮੁਖ ਆਪ ਸੁਆਰਥੀ ਕਾਰਜੁ ਨ ਸਕਹਿ ਸਵਾਰਿ ॥

ਨਾਨਕ ਪੂਰਬਿ ਲਿਖਿਆ ਕਮਾਵਣਾ ਕੋਇ ਨ ਮੇਟਣਹਾਰੁ ॥੨॥ ਪਉੜੀ ॥

ਤੁਧੁ ਆਪੇ ਜਗਤੁ ਉਪਾਇ ਕੈ ਆਪਿ ਖੇਲੁ ਰਚਾਇਆ ॥

ਤ੍ਰੈ ਗੁਣ ਆਪਿ ਸਿਰਜਿਆ ਮਾਇਆ ਮੋਹੁ ਵਧਾਇਆ ॥

ਵਿਚਿ ਹਉਮੈ ਲੇਖਾ ਮੰਗੀਐ ਫਿਰਿ ਆਵੈ ਜਾਇਆ ॥

ਜਿਨਾ ਹਰਿ ਆਪਿ ਕ੍ਰਿਪਾ ਕਰੇ ਸੇ ਗੁਰਿ ਸਮਝਾਇਆ ॥

ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਾਇਆ ॥੩॥

ਸ਼ੁੱਕਰਵਾਰ, ੪ ਕੱਤਕ (ਸੰਮਤ ੫੫੫ ਨਾਨਕਸ਼ਾਹੀ)      ਅੰਗ: ੬੪੩

ਸਲੋਕੁ ਮਃ ੩ ॥
ਪਿਛਲੇ ਕੀਤੇ ਕਰਮਾਂ ਅਨੁਸਾਰ ਮੁੱਢ ਤੋਂ ਜੋ (ਸੰਸਕਾਰ-ਰੂਪ ਲੇਖ) ਲਿਖਿਆ (ਭਾਵ, ਉੱਕਰਿਆ) ਹੋਇਆ ਹੈ ਤੇ ਜੋ ਕਰਤਾਰ ਨੇ ਆਪ ਲਿਖ ਦਿੱਤਾ ਹੈ ਉਹ (ਜ਼ਰੂਰ) ਕਮਾਉਣਾ ਪੈਂਦਾ ਹੈ; (ਉਸ ਲੇਖ ਅਨੁਸਾਰ ਹੀ) ਮੋਹ ਦੀ ਠਗਬੂਟੀ (ਜਿਸ ਨੂੰ) ਮਿਲ ਗਈ ਹੈ ਉਸ ਨੂੰ ਗੁਣਾਂ ਦਾ ਖ਼ਜ਼ਾਨਾ ਹਰੀ ਵਿੱਸਰ ਗਿਆ ਹੈ । (ਉਸ) ਸੰਸਾਰ ਨੂੰ ਜੀਊਂਦਾ ਨਾ ਸਮਝੋ (ਜੋ) ਮਾਇਆ ਦੇ ਮੋਹ ਵਿਚ ਮੁਇਆ ਪਿਆ ਹੈ; ਜਿਨ੍ਹਾਂ ਨੇ ਸਤਿਗੁਰੂ ਦੇ ਸਨਮੁਖ ਹੋ ਕੇ ਨਾਮ ਨਹੀਂ ਸਿਮਰਿਆ, ਉਹਨਾਂ ਨੂੰ ਪ੍ਰਭੂ ਦੇ ਕੋਲ ਬਹਿਣਾ ਨਹੀਂ ਮਿਲਦਾ ।

ਉਹ ਮਨਮੁਖ ਬਹੁਤ ਹੀ ਦੁੱਖੀ ਹੁੰਦੇ ਹਨ, (ਕਿਉਂਕਿ ਜਿਨ੍ਹਾਂ ਦੀ ਖ਼ਾਤਰ ਮਾਇਆ ਦੇ ਮੋਹ ਵਿਚ ਮੁਏ ਪਏ ਸਨ, ਉਹ) ਪੁੱਤ੍ਰ ਇਸਤ੍ਰੀ ਤਾਂ ਕੋਈ ਨਾਲ ਨਹੀਂ ਜਾਏਗਾ; ਸੰੰਸਾਰ ਦੇ ਲੋਕਾਂ ਵਿਚ ਭੀ ਉਹਨਾਂ ਦਾ ਮੂੰਹ ਕਾਲਾ ਹੋਇਆ (ਭਾਵ, ਸ਼ਰਮਿੰਦੇ ਹੋਏ) ਤੇ ਹਾਹੁਕੇ ਲੈਂਦੇ ਹਨ; ਮਨਮੁਖਾਂ ਦਾ ਕੋਈ ਵਿਸਾਹ ਨਹੀਂ ਕਰਦਾ, ਉਹਨਾਂ ਦਾ ਇਤਬਾਰ ਮੁੱਕ ਜਾਂਦਾ ਹੈ । ਹੇ ਨਾਨਕ! ਗੁਰਮੁਖਾਂ ਨੂੰ ਬਹੁਤ ਸੁਖ ਹੁੰਦਾ ਹੈ ਕਿਉਂਕਿ ਉਹਨਾਂ ਦੇ ਹਿਰਦੇ ਵਿਚ ਨਾਮ ਦਾ ਨਿਵਾਸ ਹੁੰਦਾ ਹੈ ।੧। ਸਤਿਗੁਰੂ ਦੇ ਸਨਮੁਖ ਹੋਏ ਜੋ ਮਨੁੱਖ (ਆਪਾ ਨਿਵਾਰ ਕੇ ਪ੍ਰਭੂ ਵਿਚ ਸੁਭਾਵਿਕ ਹੀ) ਲੀਨ ਹੋ ਜਾਂਦੇ ਹਨ ਉਹ ਭਲੇ ਲੋਕ ਹਨ ਤੇ (ਸਾਡੇ) ਸਾਥੀ ਹਨ; ਜੋ ਸਦਾ ਸਤਿਗੁਰੂ ਦਾ ਭਾਣਾ ਮੰਨਦੇ ਹਨ, ਉਹ ਸੱਚੇ ਹਰੀ ਵਿਚ ਸਮਾਏ ਰਹਿੰਦੇ ਹਨ ।

ਉਹਨਾਂ ਨੂੰ ਸੰਤ ਜਨ ਨਹੀਂ ਆਖੀਦਾ ਜੋ ਮਾਇਆ ਦੇ ਮੋਹ ਵਿਚ ਲੱਗੇ ਹੋਏ ਅਹੰਕਾਰ ਤੇ ਵਿਕਾਰ ਕਰਦੇ ਹਨ । ਮਨਮੁਖ ਆਪਣੇ ਮਤਲਬ ਦੇ ਪਿਆਰੇ (ਹੋਣ ਕਰ ਕੇ) ਕਿਸੇ ਦਾ ਕੰਮ ਨਹੀਂ ਸਵਾਰ ਸਕਦੇ; (ਪਰ) ਹੇ ਨਾਨਕ! (ਉਹਨਾਂ ਦੇ ਸਿਰ ਕੀਹ ਦੋਸ਼?) (ਪਿਛਲੇ ਕੀਤੇ ਕੰਮਾਂ ਅਨੁਸਾਰ) ਮੁੱਢ ਤੋਂ ਉੱਕਰਿਆ ਹੋਇਆ (ਸੰਸਕਾਰ-ਰੂਪ ਲੇਖ) ਕਮਾਉਣਾ ਪੈਂਦਾ ਹੈ, ਕੋਈ ਮਿਟਾਉਣ-ਜੋਗਾ ਨਹੀਂ ।੨। ਹੇ ਹਰੀ! ਤੂੰ ਆਪ ਹੀ ਸੰਸਾਰ ਰਚ ਕੇ ਆਪ ਹੀ ਖੇਡ ਬਣਾਈ ਹੈ; ਤੂੰ ਆਪ ਹੀ (ਮਾਇਆ ਦੇ) ਤਿੰਨ ਗੁਣ ਬਣਾਏ ਹਨ ਤੇ ਆਪ ਹੀ ਮਾਇਆ ਦਾ ਮੋਹ (ਜਗਤ ਵਿਚ) ਵਧਾ ਦਿੱਤਾ ਹੈ । (ਇਸ ਮੋਹ ਤੋਂ ਉਪਜੇ) ਅਹੰਕਾਰ ਵਿਚ (ਲੱਗਿਆਂ) (ਦਰਗਾਹ ਵਿਚ) ਲੇਖਾ ਮੰਗੀਦਾ ਹੈ ਤੇ ਫਿਰ ਜੰਮਣਾ ਮਰਨਾ ਪੈਂਦਾ ਹੈ; ਜਿਨ੍ਹਾਂ ਤੇ ਹਰੀ ਆਪ ਮੇਹਰ ਕਰਦਾ ਹੈ ਉਹਨਾਂ ਨੂੰ ਸਤਿਗੁਰੂ ਨੇ (ਇਹ) ਸਮਝ ਪਾ ਦਿੱਤੀ ਹੈ । (ਇਸ ਕਰਕੇ) ਮੈਂ ਆਪਣੇ ਸਤਿਗੁਰੂ ਤੋਂ ਸਦਕੇ ਹਾਂ ਤੇ ਸਦਾ ਵਾਰਨੇ ਜਾਂਦਾ ਹਾਂ ।੩।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM
Advertisement