ਅੱਜ ਦਾ ਹੁਕਮਨਾਮਾ
Published : Feb 25, 2020, 7:33 am IST
Updated : Feb 26, 2020, 4:01 pm IST
SHARE ARTICLE
Photo
Photo

ਵਡਹੰਸੁ ਮਹਲਾ ੧ ॥

ਵਡਹੰਸੁ ਮਹਲਾ ੧ ॥

ਜਿਨਿ ਜਗੁ ਸਿਰਜਿ ਸਮਾਇਆ ਸੋ ਸਾਹਿਬੁ ਕੁਦਰਤਿ ਜਾਣੋਵਾ ॥

ਸਚੜਾ ਦੂਰਿ ਨ ਭਾਲੀਐ ਘਟਿ ਘਟਿ ਸਬਦੁ ਪਛਾਣੋਵਾ ॥

ਸਚੁ ਸਬਦੁ ਪਛਾਣਹੁ ਦੂਰਿ ਨ ਜਾਣਹੁ ਜਿਨਿ ਏਹ ਰਚਨਾ ਰਾਚੀ ॥

ਨਾਮੁ ਧਿਆਏ ਤਾ ਸੁਖੁ ਪਾਏ ਬਿਨੁ ਨਾਵੈ ਪਿੜ ਕਾਚੀ ॥

ਜਿਨਿ ਥਾਪੀ ਬਿਧਿ ਜਾਣੈ ਸੋਈ ਕਿਆ ਕੋ ਕਹੈ ਵਖਾਣੋ ॥

ਜਿਨਿ ਜਗੁ ਥਾਪਿ ਵਤਾਇਆ ਜਾਲੁ ਸੋ ਸਾਹਿਬੁ ਪਰਵਾਣੋ ॥੧॥

ਬਾਬਾ ਆਇਆ ਹੈ ਉਠਿ ਚਲਣਾ ਅਧ ਪੰਧੈ ਹੈ ਸੰਸਾਰੋਵਾ ॥

ਸਿਰਿ ਸਿਰਿ ਸਚੜੈ ਲਿਖਿਆ ਦੁਖੁ ਸੁਖੁ ਪੁਰਬਿ ਵੀਚਾਰੋਵਾ ॥

ਦੁਖੁ ਸੁਖੁ ਦੀਆ ਜੇਹਾ ਕੀਆ ਸੋ ਨਿਬਹੈ ਜੀਅ ਨਾਲੇ ॥

ਜੇਹੇ ਕਰਮ ਕਰਾਏ ਕਰਤਾ ਦੂਜੀ ਕਾਰ ਨ ਭਾਲੇ ॥

ਆਪਿ ਨਿਰਾਲਮੁ ਧੰਧੈ ਬਾਧੀ ਕਰਿ ਹੁਕਮੁ ਛਡਾਵਣਹਾਰੋ ॥

ਅਜੁ ਕਲਿ ਕਰਦਿਆ ਕਾਲੁ ਬਿਆਪੈ ਦੂਜੈ ਭਾਇ ਵਿਕਾਰੋ ॥੨॥

ਜਮ ਮਾਰਗ ਪੰਥੁ ਨ ਸੁਝਈ ਉਝੜੁ ਅੰਧ ਗੁਬਾਰੋਵਾ ॥

ਨਾ ਜਲੁ ਲੇਫ ਤੁਲਾਈਆ ਨਾ ਭੋਜਨ ਪਰਕਾਰੋਵਾ ॥

ਭੋਜਨ ਭਾਉ ਨ ਠੰਢਾ ਪਾਣੀ ਨਾ ਕਾਪੜੁ ਸੀਗਾਰੋ ॥

ਗਲਿ ਸੰਗਲੁ ਸਿਰਿ ਮਾਰੇ ਊਭੌ ਨਾ ਦੀਸੈ ਘਰ ਬਾਰੋ ॥

ਇਬ ਕੇ ਰਾਹੇ ਜੰਮਨਿ ਨਾਹੀ ਪਛੁਤਾਣੇ ਸਿਰਿ ਭਾਰੋ ॥

ਬਿਨੁ ਸਾਚੇ ਕੋ ਬੇਲੀ ਨਾਹੀ ਸਾਚਾ ਏਹੁ ਬੀਚਾਰੋ ॥ ੩॥

ਬਾਬਾ ਰੋਵਹਿ ਰਵਹਿ ਸੁ ਜਾਣੀਅਹਿ ਮਿਲਿ ਰੋਵੈ ਗੁਣ ਸਾਰੇਵਾ ॥

ਰੋਵੈ ਮਾਇਆ ਮੁਠੜੀ ਧੰਧੜਾ ਰੋਵਣਹਾਰੇਵਾ ॥

ਧੰਧਾ ਰੋਵੈ ਮੈਲੁ ਨ ਧੋਵੈ ਸੁਪਨੰਤਰੁ ਸੰਸਾਰੋ ॥

ਜਿਉ ਬਾਜੀਗਰੁ ਭਰਮੈ ਭੂਲੈ ਝੂਠਿ ਮੁਠੀ ਅਹੰਕਾਰੋ ॥

ਆਪੇ ਮਾਰਗਿ ਪਾਵਣਹਾਰਾ ਆਪੇ ਕਰਮ ਕਮਾਏ ॥

ਨਾਮਿ ਰਤੇ ਗੁਰਿ ਪੂਰੈ ਰਾਖੇ ਨਾਨਕ ਸਹਜਿ ਸੁਭਾਏ ॥੪॥੪॥

ਮੰਗਲਵਾਰ, ੧੩ ਫੱਗਣ (ਸੰਮਤ ੫੫੧ ਨਾਨਕਸ਼ਾਹੀ) ੨੫ ਫਰਵਰੀ, ੨੦੨੦ (ਅੰਗ: ੫੮੧)

ਪੰਜਾਬੀ ਵਿਆਖਿਆ:
ਵਡਹੰਸੁ ਮਹਲਾ ੧ ॥
(ਹੇ ਭਾਈ!) ਜਿਸ ਪਰਮਾਤਮਾ ਨੇ ਜਗਤ ਪੈਦਾ ਕਰ ਕੇ ਇਸ ਨੂੰ ਆਪਣੇ ਆਪ ਵਿਚ ਲੀਨ ਕਰਨ ਦੀ ਤਾਕਤ ਭੀ ਆਪਣੇ ਪਾਸ ਰੱਖੀ ਹੋਈ ਹੈ ਉਸ ਮਾਲਕ ਨੂੰ ਇਸ ਕੁਦਰਤਿ ਵਿਚ ਵੱਸਦਾ ਸਮਝ । (ਹੇ ਭਾਈ!) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ (ਰਚੀ ਕੁਦਰਤਿ ਤੋਂ) ਦੂਰ (ਕਿਸੇ ਹੋਰ ਥਾਂ) ਲੱਭਣ ਦਾ ਜਤਨ ਨਹੀਂ ਕਰਨਾ ਚਾਹੀਦਾ । ਹਰੇਕ ਸਰੀਰ ਵਿਚ ਉਸੇ ਦਾ ਹੁਕਮ ਵਰਤਦਾ ਪਛਾਣ ।

(ਹੇ ਭਾਈ!) ਜਿਸ ਪਰਮਾਤਮਾ ਨੇ ਇਹ ਰਚਨਾ ਰਚੀ ਹੈ ਉਸ ਨੂੰ ਇਸ ਤੋਂ ਦੂਰ (ਕਿਤੇ ਵੱਖਰਾ) ਨਾਹ ਸਮਝੋ, (ਹਰੇਕ ਸਰੀਰ ਵਿਚ) ਉਸ ਦਾ ਅਟੱਲ ਹੁਕਮ ਵਰਤਦਾ ਪਛਾਣੋ ।ਜਦੋਂ ਮਨੁੱਖ ਪਰਮਾਤਮਾ ਦਾ ਨਾਮ ਸਿਮਰਦਾ ਹੈ ਤਦੋਂ ਆਤਮਕ ਆਨੰਦ ਮਾਣਦਾ ਹੈ (ਤੇ ਵਿਕਾਰਾਂ ਦਾ ਜ਼ੋਰ ਭੀ ਇਸ ਉਤੇ ਨਹੀਂ ਪੈ ਸਕਦਾ, ਪਰ) ਪ੍ਰਭੂ ਦੇ ਨਾਮ ਤੋਂ ਬਿਨਾ ਲੁਕਾਈ ਵਿਕਾਰਾਂ ਦੇ ਟਾਕਰੇ ਤੇ ਜਿੱਤਣ ਤੋਂ ਅਸਮਰਥ ਹੋ ਜਾਂਦੀ ਹੈ ।

ਜਿਸ ਪਰਮਾਤਮਾ ਨੇ ਰਚਨਾ ਰਚੀ ਹੈ ਉਹੀ ਇਸ ਦੀ ਰੱਖਿਆ ਦੀ ਵਿਧੀ ਭੀ ਜਾਣਦਾ ਹੈ, ਕੋਈ ਜੀਵ (ਉਸ ਦੇ ਉਲਟ) ਕੋਈ (ਹੋਰ) ਉਪਦੇਸ਼ ਨਹੀਂ ਕਰ ਸਕਦਾ । ਜਿਸ ਪ੍ਰਭੂ ਨੇ ਜਗਤ ਪੈਦਾ ਕਰ ਕੇ (ਇਸ ਦੇ ਉਪਰ ਮਾਇਆ ਦੇ ਮੋਹ ਦਾ) ਜਾਲ ਵਿਛਾ ਰੱਖਿਆ ਹੈ ਉਹੀ ਮੰਨਿਆ-ਪ੍ਰਮੰਨਿਆ ਮਾਲਕ ਹੈ (ਤੇ ਉਹੀ ਇਸ ਜਾਲ ਵਿਚੋਂ ਜੀਵਾਂ ਨੂੰ ਬਚਾਣ ਦੇ ਸਮਰੱਥ ਹੈ) ।੧। ਹੇ ਭਾਈ! ਜੇਹੜਾ ਭੀ ਜੀਵ (ਜਗਤ ਵਿਚ ਜਨਮ ਲੈ ਕੇ) ਆਇਆ ਹੈ ਉਸ ਨੇ ਜ਼ਰੂਰ (ਇਥੋਂ) ਚਲੇ ਜਾਣਾ ਹੈ (ਜੀਵ ਆਇਆ ਹੈ ਇਥੇ ਪ੍ਰਭੂ ਦਾ ਨਾਮ-ਧਨ ਵਿਹਾਝਣ । ਨਾਮ ਤੋਂ ਬਿਨਾ) ਜਗਤ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ।

ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੇ ਹਰੇਕ ਜੀਵ ਦੇ ਸਿਰ ਉਤੇ ਉਸ ਦੇ ਪੂਰਬਲੇ ਸਮੇ ਵਿਚ ਕੀਤੇ ਕਰਮਾਂ ਦੇ ਵਿਚਾਰ ਅਨੁਸਾਰ ਦੁੱਖ ਅਤੇ ਸੁਖ (ਭੋਗਣ) ਦੇ ਲੇਖ ਲਿਖ ਦਿੱਤੇ ਹਨ । ਜਿਹੋ ਜਿਹਾ ਕਰਮ ਜੀਵ ਨੇ ਕੀਤਾ ਉਹੋ ਜਿਹਾ ਦੁੱਖ ਤੇ ਸੁਖ ਪਰਮਾਤਮਾ ਨੇ ਉਸ ਨੂੰ ਦੇ ਦਿੱਤਾ ਹੈ । ਹਰੇਕ ਜੀਵ ਦੇ ਕੀਤੇ ਕਰਮਾਂ ਦਾ ਸਮੂਹ ਉਸ ਦੇ ਨਾਲ ਹੀ ਨਿਭਦਾ ਹੈ । (ਪਰ ਜੀਵਾਂ ਦੇ ਭੀ ਕੀਹ ਵੱਸ?) ਕਰਤਾਰ ਆਪ ਹੀ ਜਿਹੋ ਜਿਹੇ ਕਰਮ ਜੀਵਾਂ ਪਾਸੋਂ ਕਰਾਂਦਾ ਹੈ (ਉਹੋ ਜਿਹੇ ਕਰਮ ਜੀਵ ਕਰਦੇ ਹਨ) ਕੋਈ ਭੀ ਜੀਵ (ਪ੍ਰਭੂ ਦੀ ਰਜ਼ਾ ਤੋਂ ਲਾਂਭੇ ਜਾ ਕੇ) ਕੋਈ ਹੋਰ ਕੰਮ ਨਹੀਂ ਕਰ ਸਕਦਾ ।

ਪਰਮਾਤਮਾ ਆਪ ਤਾਂ (ਕਰਮਾਂ ਤੋਂ) ਨਿਰਲੇਪ ਹੈ, ਲੁਕਾਈ (ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ਮਾਇਆ ਦੇ) ਆਹਰ ਵਿਚ ਬੱਝੀ ਪਈ ਹੈ । (ਮਾਇਆ ਦੇ ਇਹਨਾਂ ਬੰਧਨਾਂ ਤੋਂ ਭੀ) ਪਰਮਾਤਮਾ ਆਪ ਹੀ ਹੁਕਮ ਕਰ ਕੇ ਛੁਡਾਣ ਦੇ ਸਮਰੱਥ ਹੈ । (ਜੀਵ ਮਾਇਆ ਦੇ ਪ੍ਰਭਾਵ ਵਿਚ ਨਾਮ ਸਿਮਰਨ ਵਲੋਂ ਆਲਸ ਕਰਦਾ ਰਹਿੰਦਾ ਹੈ) ਅੱਜ ਸਿਮਰਨ ਕਰਦਾ ਹਾਂ, ਭਲਕੇ ਕਰਾਂਗਾ (ਇਹੀ ਟਾਲ-ਮਟੋਲੇ) ਕਰਦੇ ਨੂੰ ਮੌਤ ਆ ਦਬਾਂਦੀ ਹੈ ।

(ਪ੍ਰਭੂ ਨੂੰ ਵਿਸਾਰ ਕੇ) ਹੋਰ ਦੇ ਮੋਹ ਵਿਚ ਫਸਿਆ ਵਿਅਰਥ ਕੰਮ ਕਰਦਾ ਰਹਿੰਦਾ ਹੈ ।੨। (ਸਾਰੀ ਉਮਰ ਮਾਇਆ ਦੀ ਦੌੜ-ਭੱਜ ਵਿਚ ਰਹਿ ਕੇ ਪਰਮਾਤਮਾ ਦਾ ਨਾਮ ਭੁਲਾਣ ਦੇ ਕਾਰਨ ਆਖ਼ਰ ਮੌਤ ਆਉਣ ਤੇ) ਜੀਵ ਜਮ ਵਾਲਾ ਰਸਤਾ ਫੜਦਾ ਹੈ (ਜੇਹੜਾ ਇਸ ਦੇ ਭਾ ਦਾ) ਉਜਾੜ ਹੀ ਉਜਾੜ ਹੈ ਜਿਥੇ ਇਸ ਨੂੰ ਘੁੱਪ ਹਨੇਰਾ ਜਾਪਦਾ ਹੈ, ਜੀਵ ਨੂੰ ਕੁਝ ਨਹੀਂ ਸੁੱਝਦਾ (ਕਿ ਇਸ ਬਿਪਤਾ ਵਿਚੋਂ ਕਿਵੇਂ ਨਿਕਲਾਂ) ।

(ਸਾਰੀ ਉਮਰ ਦੁਨੀਆ ਦੇ ਪਦਾਰਥ ਇਕੱਠੇ ਕਰਦਾ ਰਿਹਾ, ਪਰ ਜਮ ਦੇ ਰਸਤੇ ਪਏ ਨੂੰ) ਨਾਹ ਪਾਣੀ, ਨਾਹ ਲੇਫ, ਨਾਹ ਤੁਲਾਈ ਨਾ ਕਿਸੇ ਕਿਸਮ ਦਾ ਭੋਜਨ, ਨਾਹ ਠੰਢਾ ਪਾਣੀ, ਨਾਹ ਕੋਈ ਸੋਹਣਾ ਕੱਪੜਾ (ਇਹ ਸਾਰੇ ਪਦਾਰਥ ਮੌਤ ਨੇ ਖੋਹ ਲਏ, ਦੁਨੀਆ ਵਿਚ ਹੀ ਧਰੇ ਰਹਿ ਗਏ) । ਜਮਰਾਜ ਜੀਵ ਦੇ ਗਲ ਵਿਚ (ਮਾਇਆ ਦੇ ਮੋਹ ਦਾ) ਸੰਗਲ ਪਾ ਕੇ ਇਸ ਦੇ ਸਿਰ ਉਤੇ ਖਲੋਤਾ ਚੋਟਾਂ ਮਾਰਦਾ ਹੈ, (ਇਹਨਾਂ ਚੋਟਾਂ ਤੋਂ ਬਚਣ ਲਈ) ਇਸ ਨੂੰ ਕੋਈ ਆਸਰਾ ਨਹੀਂ ਦਿੱਸਦਾ । (ਜਦੋਂ ਜਮਾਂ ਦੀਆਂ ਚੋਟਾਂ ਪੈ ਰਹੀਆਂ ਹੁੰਦੀਆਂ ਹਨ) ਉਸ ਵੇਲੇ ਦੇ ਬੀਜੇ ਹੋਏ (ਸਿਮਰਨ ਸੇਵਾ ਆਦਿਕ ਦੇ ਬੀਜ) ਉੱਗ ਨਹੀਂ ਸਕਦੇ ।

ਤਦੋਂ ਪਛੁਤਾਂਦਾ ਹੈ, ਕੀਤੇ ਪਾਪਾਂ ਦਾ ਭਾਰ ਸਿਰ ਉਤੇ ਪਿਆ ਹੈ (ਜੋ ਲਹਿ ਨਹੀਂ ਸਕਦਾ) । ਹੇ ਭਾਈ! ਇਸ ਅਟੱਲ ਵਿਚਾਰ ਨੂੰ ਚੇਤੇ ਰੱਖੋ ਕਿ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਤੋਂ ਬਿਨਾ ਹੋਰ ਕੋਈ ਸਾਥੀ ਨਹੀਂ ਬਣਦਾ ।੩। ਹੇ ਭਾਈ! ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ ਤੇ ਵੈਰਾਗਵਾਨ ਹੁੰਦੇ ਹਨ ਉਹ (ਲੋਕ ਪਰਲੋਕ ਵਿਚ) ਆਦਰ ਪਾਂਦੇ ਹਨ ।

ਜੇਹੜਾ ਭੀ ਜੀਵ ਸਾਧ ਸੰਗਤਿ ਵਿਚ ਮਿਲ ਕੇ ਪ੍ਰਭੂ ਦੇ ਗੁਣ ਹਿਰਦੇ ਵਿਚ ਵਸਾਂਦਾ ਹੈ ਤੇ ਵੈਰਾਗਵਾਨ ਹੁੰਦਾ ਹੈ (ਉਹ ਆਦਰ ਪਾਂਦਾ ਹੈ) । ਪਰ ਜਿਸ ਜੀਵ-ਇਸਤ੍ਰੀ ਨੂੰ ਮਾਇਆ ਦੇ ਮੋਹ ਨੇ ਲੁੱਟ ਲਿਆ ਹੈ ਉਹ ਦੁੱਖੀ ਹੁੰਦੀ ਹੈ । (ਮੋਹ-ਫਾਥੇ ਜੀਵ ਸਾਰੀ ਉਮਰ) ਧੰਧਾ ਹੀ ਪਿੱਟਦੇ ਹਨ ਤੇ ਦੁੱਖੀ ਹੁੰਦੇ ਹਨ । ਜੇਹੜਾ ਜੀਵ (ਸਾਰੀ ਉਮਰ) ਮਾਇਆ ਦਾ ਆਹਰ ਕਰਦਾ ਹੀ ਦੁੱਖੀ ਰਹਿੰਦਾ ਹੈ, ਤੇ ਕਦੇ (ਆਪਣੇ ਮਨ ਦੀ) ਮਾਇਆ ਦੀ ਮੈਲ ਨਹੀਂ ਧੋਂਦਾ, ਉਸ ਦੇ ਵਾਸਤੇ ਸੰਸਾਰ (ਭਾਵ, ਸਾਰੀ ਹੀ ਉਮਰ) ਇਕ ਸੁਪਨਾ ਹੀ ਬਣਿਆ ਰਿਹਾ (ਭਾਵ, ਉਸ ਨੇ ਇਥੋਂ ਖੱਟਿਆ ਕੁਝ ਵੀ ਨਾਹ, ਜਿਵੇਂ ਮਨੁੱਖ ਸੁਪਨੇ ਵਿਚ ਦੌੜ-ਭੱਜ ਤਾਂ ਕਰਦਾ ਹੈ

ਪਰ ਜਾਗ ਆਉਣ ਤੇ ਉਸ ਦੇ ਪੱਲੇ ਕੁਝ ਭੀ ਨਹੀਂ ਹੁੰਦਾ) । ਜਿਵੇਂ ਬਾਜ਼ੀਗਰ (ਤਮਾਸ਼ਾ ਵਿਖਾਂਦਾ ਹੈ, ਵੇਖਣ ਵਾਲਾ ਜੀਵ ਉਸ ਦੇ ਤਮਾਸ਼ੇ ਵਿਚ ਰੁੱਝਾ ਰਹਿੰਦਾ ਹੈ, ਤਿਵੇਂ) ਕੂੜੇ ਮੋਹ ਦੀ ਠਗੀ ਹੋਈ ਜੀਵ-ਇਸਤ੍ਰੀ ਭਟਕਣਾ ਵਿਚ ਪੈ ਕੇ ਕੁਰਾਹੇ ਪਈ ਰਹਿੰਦੀ ਹੈ, (ਕੂੜੀ ਮਾਇਆ ਦਾ) ਮਾਣ ਕਰਦੀ ਹੈ । (ਪਰ ਜੀਵਾਂ ਦੇ ਕੀਹ ਵੱਸ?) ਪਰਮਾਤਮਾ ਆਪ ਹੀ (ਜੀਵਾਂ ਨੂੰ) ਸਹੀ ਰਸਤੇ ਤੇ ਪਾਣ ਵਾਲਾ ਹੈ, ਆਪ ਹੀ (ਜੀਵਾਂ ਵਿਚ ਵਿਆਪਕ ਹੋ ਕੇ) ਕਰਮ ਕਰ ਰਿਹਾ ਹੈ । ਹੇ ਨਾਨਕ! ਜੇਹੜੇ ਬੰਦੇ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹਨਾਂ ਨੂੰ ਪੂਰੇ ਗੁਰੂ ਨੇ (ਮਾਇਆ ਦੇ ਮੋਹ ਤੋਂ) ਬਚਾ ਲਿਆ ਹੈ, ਉਹ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ, ਉਹ ਪ੍ਰਭੂ ਦੇ ਪ੍ਰੇਮ ਵਿਚ ਜੁੜੇ ਰਹਿੰਦੇ ਹਨ ।੪।੪।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mansa Parents Sell Child News : ਮਾਂ-ਬਾਪ ਨੇ 1.80 ਲੱਖ 'ਚ ਵੇਚਤਾ ਆਪਣਾ ਬੱਚਾ, ਮਾਪੇ ਗ੍ਰਿਫ਼ਤਾਰ | Mansa News

25 Oct 2025 3:11 PM

Death of Bride girl before marriage in Faridkot:ਸ਼ਗਨਾਂ ਵਾਲੇ ਘਰ 'ਚ ਵਿਛੇ ਸੱਥਰ|Faridkot Bride Death News

25 Oct 2025 3:10 PM

Gurdaspur Punjabi Truck Driver jashanpreet singh Family Interview| Appeal to Indian Govt|California

24 Oct 2025 3:16 PM

Balwant Singh Rajoana Visit Patiala hospital News: '19ਵਾਂ ਸਾਲ ਮੈਨੂੰ ਫ਼ਾਂਸੀ ਦੀ ਚੱਕੀ ਦੇ ਵਿੱਚ ਲੱਗ ਗਿਆ'

24 Oct 2025 3:16 PM

Rohit Godara Gang Shoots Punjabi Singer Teji Kahlon In Canada : ਇਕ ਹੋਰ ਪੰਜਾਬੀ ਗਾਇਕ 'ਤੇ ਜਾਨਲੇਵਾ ਹਮਲਾ

22 Oct 2025 3:16 PM
Advertisement