
ਸਤਿਕਾਰ ਕਮੇਟੀ ਨੂੰ ਬਰਤਾਨੀਆ ਦੇ ਗ੍ਰਹਿ ਵਿਭਾਗ ਵੱਲੋਂ ਅਦਾਲਤਾਂ ਤੇ ਜੇਲਾਂ ਵਿਚ ਜਾ ਕੇ ਪੜਤਾਲ ਕਰਨ ਦੀ ਆਗਿਆ ਮਿਲੀ
ਲੰਡਨ-ਸਰਬਜੀਤ ਸਿੰਘ ਬਨੂੜ-ਬਰਤਾਨੀਆ ਦੀਆਂ ਵੱਖ ਵੱਖ ਅਦਾਲਤਾਂ 'ਚ 19 ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨ ਸਰੂਪ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਅਦਾਲਤਾਂ 'ਚ ਸਬਦ ਗੁਰੂ ਸੰਪੂਰਨ ਸਰੂਪਾਂ ਦਾ ਮਿਲਣਾ ਲਗਾਤਾਰ ਜਾਰੀ ਹੈ, ਬਰਤਾਨੀਆ ਦੀ ਸਤਿਕਾਰ ਕਮੇਟੀ ਦੇ ਯਤਨਾਂ ਸਦਕਾ ਸਿੱਖ ਕੌਂਸਲ ਯੂ.ਕੇ. ਦੇ ਸਹਿਯੋਗ ਨਾਲ
ਬਰਤਾਨੀਆਂ ਦੀਆਂ ਅਦਾਲਤਾਂ ਵਿਚ ਮਿਲਣ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦੇ ਹੋਏ ਭਾਈ ਮਨਵੀਰ ਸਿੰਘ ਨੇ ਦੱਸਿਆ ਕਿ 11 ਸਰੂਪ ਪਹਿਲਾਂ ਵੱਖ ਵੱਖ ਅਦਾਲਤਾਂ ਵਿਚੋ ਮਿਲੇ ਸਨ ਅਤੇ ਮਾਨਚੈਸਟਰ, ਸਵੈਂਸੀ, ਟੈਡਫਿਲ, ਪੋਵਿਸ ਆਦਿ ਸ਼ਹਿਰਾਂ ਦੀਆਂ ਅਦਾਲਤਾਂ ਵਿਚੋਂ ਕੁੱਲ 19 ਸਰੂਪ ਮਿਲੇ ਹਨ, ਜਿਨ੍ਹਾਂ ਨੂੰ ਗੁਰ ਮਰਿਯਾਦਾ ਅਨੁਸਾਰ ਬਾਬਾ ਸੰਗ ਗੁਰਦੁਆਰਾ ਸਮੈਦਿਕ ਵਿਖੇ ਬਣੇ ਸੱਚਖੰਡ ਵਿਚ ਸੁਸ਼ੋਭਿਤ ਕਰ ਦਿੱਤਾ ਗਿਆ ਹੈ। ਭਾਈ ਮਨਵੀਰ ਸਿੰਘ ਨੇ ਕਿਹਾ ਕਿ ਬਰਤਾਨੀਆਂ ਦੇ ਗ੍ਰਹਿ ਵਿਭਾਗ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਉਨ੍ਹਾਂ ਨੂੰ ਅਦਾਲਤਾਂ ਵਿਚ ਜਾ ਕੇ ਪੜਤਾਲ ਕਰਨ ਦੀ ਆਗਿਆ ਮਿਲੀ ਸੀ | ਉਹ ਹਰ ਹਫਤੇ ਸੇਵਾਦਾਰਾਂ ਨਾਲ ਮਿਲ ਕੇ ਵੱਖ ਵੱਖ ਅਦਾਲਤਾਂ ਵਿਚ ਜਾਂਦੇ ਹਨ ਅਤੇ ਇਸ ਗੱਲ ਨੂੰ ਯਕੀਨੀ ਬਣਾਇਆ ਜਾਂਦਾ ਹੈ ਕਿ ਕਿਸੇ ਵੀ ਅਦਾਲਤ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਮੌਜੂਦ ਨਾ ਹੋਣ | ਉਨ੍ਹਾਂ ਇਹ ਵੀ ਕਿਹਾ ਕਿ ਸਿੱਖ ਧਰਮ ਦੀ ਮਰਿਯਾਦਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਇਸ ਤਰ੍ਹਾਂ ਕਿਸੇ ਵੀ ਅਦਾਲਤ ਵਿਚ ਨਹੀਂ ਰੱਖੇ ਜਾ ਸਕਦੇ | ਇਹ ਗੁਰ-ਮਰਿਯਾਦਾ ਦਾ ਉਲੰਘਣ ਹੈ ਤੇ ਅਪਮਾਨ ਹੈ | ਭਾਈ ਮਨਵੀਰ ਸਿੰਘ ਨੇ ਕਿਹਾ ਕਿ ਇਹ ਮਾਮਲਾ ਵੇਲਜ਼ ਦੀ ਅਦਾਲਤ ਵਿਚ ਉਸ ਸਮੇਂ ਸਾਹਮਣੇ ਆਇਆ ਸੀ ਜਦੋਂ ਇਕ ਸਿੱਖ ਵਿਅਕਤੀ ਨੂੰ ਡਰਾਇਵਿੰਗ ਦੇ ਕਿਸੇ ਜ਼ੁਰਮ ਤਹਿਤ ਸਹੁੰ ਚੁਕਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ 'ਤੇ ਹੱਥ ਰੱਖਣ ਲਈ ਕਿਹਾ ਗਿਆ | ਅਦਾਲਤਾਂ ਵਲੋਂ ਭਾਵੇਂ ਸਤਿਕਾਰ ਕਮੇਟੀ ਨੂੰ ਭਰਪੂਰ ਸਾਥ ਦਿੱਤਾ ਜਾ ਰਿਹਾ ਹੈ ਅਤੇ ਉਨ੍ਹਾਂ ਨਾਲ ਹੀ ਕਿਹਾ ਕਿ ਉਹ ਇਸ ਗੱਲ ਤੋਂ ਅਣਜਾਣ ਸਨ ਪਰ ਅਜੇ ਤੱਕ ਇਹ ਸ਼ਪਸ਼ਟ ਨਹੀਂ ਹੋ ਸਕਿਆ ਕਿ ਬਰਤਾਨੀਆ ਦੀਆਂ ਅਦਾਲਤਾਂ ਵਿਚ ਵੱਡੀ ਗਿਣਤੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਕਿਸ ਤਰ੍ਹਾਂ ਪਹੁੰਚੇ| ਭਾਈ ਮਨਵੀਰ ਸਿੰਘ ਨੇ ਕਿਹਾ ਕਿ ਅਦਾਲਤਾਂ ਤੋਂ ਬਾਅਦ ਬਰਤਾਨੀਆਂ ਦੀਆਂ ਜੇਲਾਂ ਵਿਚ ਵੀ ਅਜਿਹੀ ਪੜਤਾਲ ਕੀਤੀ ਜਾਵੇਗੀ |