
ਬਿਹਾਗੜਾ ਮਹਲਾ ੫ ॥
ਬਿਹਾਗੜਾ ਮਹਲਾ ੫ ॥
ਕਰਿ ਕਿਰਪਾ ਗੁਰ ਪਾਰਬ੍ਰਹਮ ਪੂਰੇ ਅਨਦਿਨੁ ਨਾਮੁ ਵਖਾਣਾ ਰਾਮ ॥
ਅੰਮ੍ਰਿਤ ਬਾਣੀ ਉਚਰਾ ਹਰਿ ਜਸੁ ਮਿਠਾ ਲਾਗੈ ਤੇਰਾ ਭਾਣਾ ਰਾਮ ॥
ਕਰਿ ਦਇਆ ਮਇਆ ਗੋਪਾਲ ਗੋਬਿੰਦ ਕੋਇ ਨਾਹੀ ਤੁਝ ਬਿਨਾ ॥
ਸਮਰਥ ਅਗਥ ਅਪਾਰ ਪੂਰਨ ਜੀਉ ਤਨੁ ਧਨੁ ਤੁਮੑ ਮਨਾ ॥
ਮੂਰਖ ਮੁਗਧ ਅਨਾਥ ਚੰਚਲ ਬਲਹੀਨ ਨੀਚ ਅਜਾਣਾ ॥
ਬਿਨਵੰਤਿ ਨਾਨਕ ਸਰਣਿ ਤੇਰੀ ਰਖਿ ਲੇਹੁ ਆਵਣ ਜਾਣਾ ॥੧॥
ਸਾਧਹ ਸਰਣੀ ਪਾਈਐ ਹਰਿ ਜੀਉ ਗੁਣ ਗਾਵਹ ਹਰਿ ਨੀਤਾ ਰਾਮ ॥
ਧੂਰਿ ਭਗਤਨ ਕੀ ਮਨਿ ਤਨਿ ਲਗਉ ਹਰਿ ਜੀਉ ਸਭ ਪਤਿਤ ਪੁਨੀਤਾ ਰਾਮ ॥
ਪਤਿਤਾ ਪੁਨੀਤਾ ਹੋਹਿ ਤਿਨੑ ਸੰਗਿ ਜਿਨੑ ਬਿਧਾਤਾ ਪਾਇਆ ॥
ਨਾਮ ਰਾਤੇ ਜੀਅ ਦਾਤੇ ਨਿਤ ਦੇਹਿ ਚੜਹਿ ਸਵਾਇਆ ॥
ਰਿਧਿ ਸਿਧਿ ਨਵ ਨਿਧਿ ਹਰਿ ਜਪਿ ਜਿਨੀ ਆਤਮੁ ਜੀਤਾ ॥
ਬਿਨਵੰਤਿ ਨਾਨਕੁ ਵਡਭਾਗਿ ਪਾਈਅਹਿ ਸਾਧ ਸਾਜਨ ਮੀਤਾ ॥੨॥
ਜਿਨੀ ਸਚੁ ਵਣੰਜਿਆ ਹਰਿ ਜੀਉ ਸੇ ਪੂਰੇ ਸਾਹਾ ਰਾਮ ॥
ਬਹੁਤੁ ਖਜਾਨਾ ਤਿੰਨ ਪਹਿ ਹਰਿ ਜੀਉ ਹਰਿ ਕੀਰਤਨੁ ਲਾਹਾ ਰਾਮ ॥
ਕਾਮੁ ਕ੍ਰੋਧੁੁ ਨ ਲੋਭੁ ਬਿਆਪੈ ਜੋ ਜਨ ਪ੍ਰਭ ਸਿਉ ਰਾਤਿਆ ॥
ਏਕੁ ਜਾਨਹਿ ਏਕੁ ਮਾਨਹਿ ਰਾਮ ਕੈ ਰੰਗਿ ਮਾਤਿਆ॥
ਲਗਿ ਸੰਤ ਚਰਣੀ ਪੜੇ ਸਰਣੀ ਮਨਿ ਤਿਨਾ ਓਮਾਹਾ ॥
ਬਿਨਵੰਤਿ ਨਾਨਕੁ ਜਿਨ ਨਾਮੁ ਪਲੈ ਸੇਈ ਸਚੇ ਸਾਹਾ ॥੩॥
ਨਾਨਕ ਸੋਈ ਸਿਮਰੀਐ ਹਰਿ ਜੀਉ ਜਾ ਕੀ ਕਲ ਧਾਰੀ ਰਾਮ ॥
ਗੁਰਮੁਖਿ ਮਨਹੁ ਨ ਵੀਸਰੈ ਹਰਿ ਜੀਉ ਕਰਤਾ ਪੁਰਖੁ ਮੁਰਾਰੀ ਰਾਮ ॥
ਦੂਖੁ ਰੋਗੁ ਨ ਭਉ ਬਿਆਪੈ ਜਿਨੑੀ ਹਰਿ ਹਰਿ ਧਿਆਇਆ ॥
ਸੰਤ ਪ੍ਰਸਾਦਿ ਤਰੇ ਭਵਜਲੁ ਪੂਰਬਿ ਲਿਖਿਆ ਪਾਇਆ ॥
ਵਜੀ ਵਧਾਈ ਮਨਿ ਸਾਂਤਿ ਆਈ ਮਿਲਿਆ ਪੁਰਖੁ ਅਪਾਰੀ ॥
ਬਿਨਵੰਤਿ ਨਾਨਕੁ ਸਿਮਰਿ ਹਰਿ ਹਰਿ ਇਛ ਪੁੰਨੀ ਹਮਾਰੀ ॥੪॥੩॥
ਵੀਰਵਾਰ, ੧੪ ਮਾਘ (ਸੰਮਤ ੫੫੩ ਨਾਨਕਸ਼ਾਹੀ) ੨੭ ਜਨਵਰੀ, ੨੦੨੨ (ਅੰਗ: ੫੪੩)
ਪੰਜਾਬੀ ਵਿਆਖਿਆ:
ਬਿਹਾਗੜਾ ਮਹਲਾ ੫ ॥
ਹੇ ਸਭ ਤੋਂ ਵੱਡੇ ! ਹੇ ਸਰਬ-ਗੁਣ-ਭਰਪੂਰ ਪ੍ਰਭੂ ! ਮੇਰੇ ਉੱਤੇ ਮੇਹਰ ਕਰ, ਮੈਂ ਹਰ ਵੇਲੇ ਤੇਰਾ ਨਾਮ ਸਿਮਰਦਾ ਰਹਾਂ, ਆਤਮਕ ਜੀਵਨ ਦੇਣ ਵਾਲੀ ਤੇਰੀ ਬਾਣੀ ਉਚਾਰਦਾ ਰਹਾਂ, ਮੈਂ ਤੇਰੀ ਸਿਫ਼ਤਿ ਸਾਲਾਹ ਦਾ ਗੀਤ-ਗਾਂਦਾ ਰਹਾਂ, ਮੈਨੂੰ ਤੇਰੀ ਰਜ਼ਾ ਮਿੱਠੀ ਲੱਗਦੀ ਰਹੇ । ਹੇ ਗੋਪਾਲ ! ਹੇ ਗੋਬਿੰਦ ! ਮੇਤੇ ਉਤੇ ਦਇਆ ਕਰ, ਤਰਸ ਕਰ, ਤੈਥੋਂ ਬਿਨਾ ਮੇਰਾ ਹੋਰ ਕੋਈ ਸਹਾਰਾ ਨਹੀਂ ਹੈ । ਹੇ ਸਭ ਤਾਕਤਾਂ ਦੇ ਮਾਲਕ ! ਹੇ ਅਕੱਬ ! ਹੇ ਬੇਅੰਤ! ਮੇਰੀ ਇਹ ਜਿੰਦ, ਮੇਰਾ ਇਹ ਸਰੀਰ, ਇਹ ਧਨ-ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ । ਨਾਨਕ ਬੇਨਤੀ ਕਰਦਾ ਹੈ – ਹੇ ਪ੍ਰਭੂ !
darbar Sahib
ਮੈਂ ਮੂਰਖ ਹਾਂ ਬਹੁਤ ਮੂਰਖ ਹਾਂ, ਨਿਆਸਰਾ ਹਾਂ, ਚੰਚਲ, ਕਮਜ਼ੋਰ, ਨੀਚ ਤੇ ਅੰਞਾਣ ਹਾਂ ! ਮੈਂ ਤੇਰੀ ਸਰਨ ਆਇਆ ਹਾਂ । ਮੈਨੂੰ ਜਨਮ ਮਰਨ ਦੇ ਗੇੜ ਤੋਂ ਬਚਾ ਲੈ ।੧। ਹੇ ਭਾਈ ! ਗੁਰਮੁਖਾਂ ਦੀ ਸਰਨ ਪਿਆਂ ਪਰਮਾਤਮਾ ਮਿਲ ਪੈਂਦਾ ਹੈ, ਤੇ, ਅਸੀ ਸਦਾ ਪਰਮਾਤਮਾ ਦੇ ਗੁਣ ਗਾ ਸਕਦੇ ਹਾਂ । ਹੇ ਪ੍ਰਭੂ ਜੀ ! ਮੇਹਰ ਕਰ ਤੇਰੇ ਭਗਤ ਜਨਾਂ ਦੇ ਚਰਨਾਂ ਦੀ ਧੂੜ ਮੇਰੇ ਮਨ ਵਿਚ ਮੇਰੇ ਮੱਥੇ ਉਤੇ ਲਗਦੀ ਰਹੇ । ਭਗਤ ਜਨਾਂ ਦੇ ਚਰਨਾਂ ਦੀ ਧੂੜ ਦੀ ਬਰਕਿਤ ਨਾਲ ਵਿਕਾਰਾਂ ਵਿਚ ਡਿੱਗੇ ਹੋਏ ਮਨੁੱਖ ਭੀ ਪਵਿ੍ਰਤ ਹੋ ਜਾਂਦੇ ਹਨ । ਜਿਨ੍ਹਾਂ ਮਨੁੱਖਾਂ ਨੇ ਕਰਤਾਰ ਲੱਭ ਲਿਆ ਉਹਨਾਂ ਦੀ ਸੰਗਤਿ ਵਿਚ ਵਿਕਾਰੀ ਬੰਦੇ ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ ।
Darbar Sahib
ਪਰਮਾਤਮਾ ਦੇ ਨਾਮ-ਰੰਗ ਨਾਲ ਰੰਗੇ ਹੋਏ ਬੰਦੇ ਆਤਮਕ ਜੀਵਨ ਦੀਆਂ ਦਾਤਾਂ ਦੇਣ-ਜੋਗੇ ਹੋ ਜਾਂਦੇ ਹਨ, ਉਹ ਇਹ ਦਾਤਾਂ ਨਿੱਤ ਦੇਂਦੇ ਹਨ ਤੇ ਇਹ ਵਧਦੀਆਂ ਰਹਿੰਦੀਆਂ ਹਨ । ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਜਪ ਕੇ ਆਪਣੇ ਮਨ ਨੂੰ ਵੱਸ ਵਿਚ ਕਰ ਲਿਆ, ਸਭ ਕਰਾਮਾਤੀ ਤਾਕਤਾਂ ਤੇ ਦੁਨੀਆ ਦੇ ਨੌ ਹੀ ਖ਼ਜਾਨੇ ਉਹਨਾਂ ਨੂੰ ਮਿਲ ਜਾਂਦੇ ਹਨ । ਹੇ ਭਾਈ ! ਨਾਨਕ ਬੇਨਤੀ ਕਰਦਾ ਹੈ ਕਿ ਗੁਰਮੁਖ ਸੱਜਣ ਮਿੱਤਰ ਵਡੀ ਕਿਸਮਤਿ ਨਾਲ ਹੀ ਮਿਲਦੇ ਹਨ ।੨। ਜਿਨਾਂ ਮਨੁੱਖਾਂ ਨੇ ਸਦਾ ਥਿਰ ਰਹਿਣ ਵਾਲੇ ਹਰਿ-ਨਾਮ ਦਾ ਵਪਾਰ ਕੀਤਾ ਹੈ ਉਹ ਭਰੇ ਭੰਡਾਰਾਂ ਵਾਲੇ ਸ਼ਾਹੂਕਾਰ ਹਨ, ਉਹਨਾਂ ਪਾਸ ਹਰਿ-ਨਾਮ ਦਾ ਬਹੁਤ ਖ਼ਜਾਨਾ ਹੈ, ਉਹ ਇਸ ਵਪਾਰ ਵਿਚ ਪਰਮਾਤਮਾ ਦੀ ਸਿਫ਼ਤਿ ਸਾਲਾਹ ਦੀ ਖੱਟੀ ਖੱਟਦੇ ਹਨ ।
Sri Darbar Sahib
ਜੇਹੜੇ ਮਨੁੱਖ ਪਰਮਾਤਮਾ ਨਾਲ ਰੱਤੇ ਰਹਿੰਦੇ ਹਨ, ਉਹਨਾਂ ਉੱਤੇ ਨਾਂਹ ਕਾਮ, ਨਾਂਹ ਕ੍ਰੋਧ, ਨਾਂਹ ਲੋਭ, ਕੋਈ ਭੀ ਆਪਣਾ ਜ਼ੋਰ ਨਹੀਂ ਪਾ ਸਕਦਾ , ਉਹ ਇਕ ਪਰਮਾਤਮਾ ਨਾਲ ਹੀ ਡੂੰਘੀ ਸਾਂਝ ਪਾਂਦੇ ਹਨ, ਉਹ ਇਕ ਪਰਮਾਤਮਾ ਨੂੰ ਹੀ ਪੱਕਾ ਸਾਥੀ ਮੰਨਦੇ ਹਨ, ਉਹ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਮਸਤ ਰਹਿੰਦੇ ਹਨ । ਉਹ ਮਨੁੱਖ ਗੁਰੂ ਦੀ ਚਰਨੀਂ ਲੱਗ ਕੇ ਪਰਮਾਤਮਾ ਦੀ ਸਰਨ ਪਏ ਰਹਿੰਦੇ ਹਨ,ਉਹਨਾਂ ਦੇ ਮਨ ਵਿਚ ਪਰਮਾਤਮਾ ਦੇ ਮਿਲਾਪ ਦਾ ਚਾਉ ਚੜ੍ਹਿਆ ਰਹਿੰਦਾ ਹੈ । ਨਾਨਕ ਬੇਨਤੀ ਕਰਦਾ ਹੈ, ਜਿਨ੍ਹਾਂ ਮਨੁੱਖਾਂ ਦੇ ਪਾਸ ਪਰਮਾਤਮਾ ਦਾ ਨਾਮ-ਧਨ ਹੈ ਉਹੀ ਐਸੇ ਹਨ ਜੋ ਸਦਾ ਲਈ ਸ਼ਾਹੂਕਾਰ ਟਿਕੇ ਰਹਿੰਦੇ ਹਨ ।੩। ਹੇ ਨਾਨਕ ! ਸਦਾ ਉਸ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ ।
Darbar Sahib
ਸਾਰੇ ਸੰਸਾਰ ਵਿਚ ਜਿਸ ਦੀ ਸੱਤਾ ਕੰਮ ਕਰ ਰਹੀ ਹੈ । ਹੇ ਨਾਨਕ ! ਗੁਰੂ ਦੀ ਸਰਨ ਪੈਣਾ ਚਾਹੀਦਾ ਹੈ ਗੁਰੂ ਦੀ ਸਰਨ ਪਿਆਂ ਸਰਬ-ਵਿਆਪਕ ਕਰਤਾਰ ਪ੍ਰਭੂ ਮਨ ਤੋਂ ਨਹੀਂ ਭੁੱਲਦਾ । ਜਿੰਨਾਂ ਮਨੁੱਖਾਂ ਨੇ ਸਦਾ ਪਰਮਾਤਮਾ ਦਾ ਸਿਮਰਨ ਕੀਤਾ ਹੈ , ਉਹਨਾਂ ਉੱਤੇ ਕੋਈ ਰੋਗ, ਕੋਈ ਦੁੱਖ, ਕੋਈ ਡਰ ਆਪਣਾ ਜੋਰ ਨਹੀਂ ਪਾ ਸਕਦਾ । ਉਹਨਾਂ ਨੇ ਗੁਰੁ ਦੀ ਕਿਰਪਾ ਨਾਲ ਇਹ ਸੰਸਾਰ-ਸਮੁੰਦਰ ਤਰ ਲਿਆ ਸਮਝੋ, ਪੁੂਰਬਲੇ ਜਨਮ ਵਿਚ ਕੀਤੀ ਕਮਾਈ ਅਨੁਸਾਰ ਮੱਥੇ ਉੱਤੇ ਭਗਤੀ ਦਾ ਲਿਖਿਆ ਲੇਖ ਉਹਨਾਂ ਨੂੰ ਪ੍ਰਾਪਤ ਹੋ ਗਿਆ । ਉਹਨਾਂ ਦੇ ਅੰਦਰ ਚੜ੍ਹਦੀ ਕਲਾ ਪ੍ਰਬਲ ਹੋ ਗਈ, ਉਹਨਾਂ ਦੇ ਮਨ ਵਿਚ ਠੰਢ ਪੈ ਗਈ, ਉਹਨਾਂ ਨੂੰ ਬੇਅੰਤ ਪ੍ਰਭੂ ਮਿਲ ਪਿਆ । ਨਾਨਕ ਬੇਨਤੀ ਕਰਦਾ ਹੈ, ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਮੇਰੀ ਭੀ ਪ੍ਰਭੂ-ਮਿਲਾਪ ਵਾਲੀ ਚਿਰਾਂ ਦੀ ਆਸ ਪੂਰੀ ਹੋ ਗਈ ਹੈ ।੪।੩।