Sikh News : ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਸਿੱਖ ਵਿਦਵਾਨਾਂ ਤੇ ਨੌਜਵਾਨਾਂ ਨੇ ਸਿੱਖੀ ਬਾਰੇ ਦੱਸੇ ਆਪਣੇ ਵਿਚਾਰ
'International Sikh Youth Assembly' organized for the first time in Ludhiana news in punjabi : ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਵਲੋਂ ਲੁਧਿਆਣਾ ਵਿਚ ਪਹਿਲੀ ਵਾਰ 'ਅੰਤਰਰਾਸ਼ਟਰੀ ਸਿੱਖ ਯੂਥ ਅਸੈਬਲੀ' ਕਰਵਾਈ ਗਈ।
ਇਸ ਸਿੱਖ ਯੂਥ ਅਸੈਂਬਲੀ ਵਿਚ ਬਹੁਤ ਸਾਰੇ ਸਿੱਖ ਵਿਦਵਾਨਾਂ ਤੇ ਸਿੱਖ ਨੌਜਵਾਨਾਂ ਨੇ ਹਿੱਸਾ ਲਿਆ। ਨਿਰਵਾਣਾ ਹੋਟਲ, ਹੰਬੜਾਂ ਰੋਡ ਵਿਖੇ ਹੋਈ ਇਸ ਅਸੈਂਬਲੀ ’ਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੇ ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਵਿਚੋਂ ਸਿੱਖ ਪੰਥ ਦੇ 150 ਤੋਂ ਵੱਧ ਸਾਬਤ ਸੂਰਤ ਨੌਜਵਾਨਾਂ ਨੇ ਇਸ ਪ੍ਰੋਗਰਾਮ ਵਿਚ ਸ਼ਿਰਕਤ ਕਰ ਕੇ ਅਪਣੇ ਵਿਚਾਰ ਰੱਖੇ।
ਇਸ ਪ੍ਰੋਗਰਾਮ ਵਿਚ ਸਿੱਖਾਂ ਦੇ ਮੁੱਦਿਆਂ 'ਤੇ ਵਿਚਾਰ ਚਰਚਾ ਕੀਤੀ ਗਈ। ਸਿੱਖ ਵਿਦਵਾਨਾਂ ਨੇ ਹਾਜ਼ਰੀ ਭਰ ਕੇ ਨੌਜਵਾਨਾਂ ਵਲੋਂ ਕੀਤੇ ਜਾ ਰਹੇ ਕੌਮ ਦੇ ਚੜ੍ਹਦੀਕਲਾ ਵਾਲੇ ਕਾਰਜ ਦੀ ਹੌਸਲਾ ਅਫਜ਼ਾਈ ਕੀਤੀ। ਦੱਸ ਦੇਈਏ ਕਿ ਇਹ ਪ੍ਰੋਗਰਾਮ 24, 25 ਫਰਵਰੀ ਨੂੰ ਲੁਧਿਆਣਾ ਦੇ ਨਿਰਵਾਣਾ ਹੋਟਲ ਵਿਚ ਕਰਵਾਇਆ ਗਿਆ ਸੀ। ਇਸ ਪ੍ਰੋਗਰਾਮ ਦਾ ਇਕੋ ਇਕ ਏਜੰਡਾ ਸੀ ਕਿ ਸਿੱਖਿਆ ਅਤੇ ਕੈਰੀਅਰ ਵਿਚ ਮਹਾਰਤ ਹਾਸਲ ਕਰਦੇ ਹੋਏ ਗੁਰੂ ਸਾਹਿਬ ਦੇ ਬਖਸ਼ੇ ਬਾਣੀ ਅਤੇ ਬਾਣੇ ਨੂੰ ਕਿਵੇਂ ਕੁਲ ਦੁਨੀਆ ਤੱਕ ਪਹੁੰਚਾਇਆ ਜਾਵੇ।
ਇਹ ਸਾਰਾ ਉਪਰਾਲਾ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਨੌਜਵਾਨ ਪ੍ਰਬੰਧਕਾਂ ਨੇ ਕੀਤਾ। 20 ਨੌਜਵਾਨਾਂ ਦੀ ਪ੍ਰਬੰਧਕੀ ਕਮੇਟੀ ਬਣਾ ਕੇ ਕਾਲਜ ਦੇ ਨੌਜਵਾਨ ਟਰੱਸਟੀ ਗੌਰਵਦੀਪ ਸਿੰਘ ਨੇ ਬਤੌਰ ਸੰਚਾਲਕ, ਡਾਕਟਰ ਅਰਸ਼ਦੀਪ ਸਿੰਘ ਜੀ ਨੇ ਸਪੀਕਰ ਅਤੇ ਇੰਜੀ. ਅਰਸ਼ਦੀਪ ਸਿੰਘ ਜੀ ਨੇ ਜਰਨਲ ਸੱਕਤਰ ਦੀ ਭੂਮਿਕਾ ਨਿਭਾਉਂਦੇ ਹੋਏ ਅਸੈਂਬਲੀ ਨੂੰ ਬੜੇ ਹੀ ਸੁਚਾਰੂ ਅਤੇ ਸਮੇਂ ਦੇ ਅਨੁਸਾਰ ਚਲਾਇਆ ਅਤੇ ਕਾਮਯਾਬ ਬਣਾਇਆ।
ਦੋ ਰੋਜ਼ਾ ਇਸ ਅਸੈਂਬਲੀ ਵਿਚ ਪਹਿਲਾਂ ਹਰ ਇਕ ਸਟੇਟ ਅਤੇ ਦੇਸ਼ ਤੋਂ ਇੱਕ ਇੱਕ ਸ਼ੁਰੂਆਤੀ ਸਟੇਟਮੈਂਟਾਂ ਲਈਆਂ ਗਈਆਂ, ਉਸ ਤੋਂ ਉਪਰੰਤ ਵੱਖੋ ਵੱਖਰੇ ਸੈਸ਼ਨ, ਪੈਨਲ ਵਿਚਾਰਾਂ ਕਰਦੇ ਹੋਏ ਅੰਤ ਵਿਚ ਮਤੇ ਪਾਸ ਕੀਤੇ ਗਏ। ਅਖੀਰ ਵਿੱਚ 3 ਅਸੈਂਬਲੀ ਕਮੇਟੀਆਂ ਬਣਾਈਆਂ ਗਈਆਂ ਜਿਹੜੀਆਂ ਅੱਗੇ ਇੱਕ ਸਾਲ ਨੌਜਵਾਨਾਂ ਨੂੰ ਸਹੀ ਦਿਸ਼ਾ ਦੇਣ ਵੱਲ ਕੰਮ ਕਰਨਗੀਆਂ।
ਅਸੈਂਬਲੀ ਵਿਚ ਖ਼ਾਸ ਤੌਰ ਤੇ ਭਾਈ ਸਰਬਜੀਤ ਸਿੰਘ ਧੁੰਦਾ, ਫਿਲਮ ਨਿਰਮਾਤਾ ਸ਼ਰਮ ਆਰਟ, ਪਰਮਜੀਤ ਸਿੰਘ, ਕੰਵਲਜੀਤ ਕੌਰ ਸਰਬਜੀਤ ਸਿੰਘ ਰੇਣੁਕਾ, ਕੈਪਟਨ ਯਸ਼ਪਾਲ ਸਿੰਘ, ਨੱਛਤਰ ਸਿੰਘ ਨੇ ਆਪਣੇ ਵਿਚਾਰ ਰੱਖੇ। ਅੰਤ ਵਿਚ ਕਾਲਜ ਤੇ ਪ੍ਰਿੰਸੀਪਲ ਗਿਆਨੀ ਗੁਰਬਚਨ ਸਿੰਘ ਜੀ ਪੰਨਵਾਂ, ਚੇਅਰਮੈਨ ਰਾਣਾ ਇੰਦਰਜੀਤ ਸਿੰਘ, ਵਾਈਸ ਪ੍ਰਿੰਸੀਪਲ ਸੁਖਵਿੰਦਰ ਸਿੰਘ ਦਦੇਹਰ ਨੇ ਸਭਨਾਂ ਦਾ ਧੰਨਵਾਦ ਕੀਤਾ।