
ਸਲੋਕ ਮ; ੩ ॥
ਸਲੋਕ ਮ; ੩ ॥
ਕਲਿ ਮਹਿ ਜਮੁ ਜੰਦਾਰੁ ਹੈ ਹੁਕਮੇ ਕਾਰ ਕਮਾਇ ॥
ਗੁਰਿ ਰਾਖੇ ਸੇ ਉਬਰੇ ਮਨਮੁਖਾ ਦੇਇ ਸਜਾਇ ॥
ਜਮਕਾਲੈ ਵਸਿ ਜਗੁ ਬਾਂਧਿਆ ਤਿਸ ਦਾ ਫਰੂ ਨ ਕੋਇ ॥
ਜਿਨਿ ਜਮੁ ਕੀਤਾ ਸੋ ਸੇਵੀਐ ਗੁਰਮੁਖਿ ਦੁਖੁ ਨ ਹੋਇ ॥
ਨਾਨਕ ਗੁਰਮੁਖਿ ਜਮੁ ਸੇਵਾ ਕਰੇ ਜਿਨ ਮਨਿ ਸਚਾ ਹੋਇ ॥੧॥ ਮ; ੩ ॥
ਏਹਾ ਕਾਇਆ ਰੋਗਿ ਭਰੀ ਬਿਨੁ ਸਬਦੈ ਦੁਖੁ ਹਉਮੈ ਰੋਗੁ ਨ ਜਾਇ ॥
ਸਤਿਗੁਰੁ ਮਿਲੈ ਤਾ ਨਿਰਮਲ ਹੋਵੈ ਹਰਿ ਨਾਮੋ ਮੰਨਿ ਵਸਾਇ ॥
ਨਾਨਕ ਨਾਮੁ ਧਿਆਇਆ ਸੁਖਦਾਤਾ ਦੁਖੁ ਵਿਸਰਿਆ ਸਹਜਿ ਸੁਭਾਇ ॥੨॥ ਪਉੜੀ ॥
ਜਿਨਿ ਜਗਜੀਵਨੁ ਉਪਦੇਸਿਆ ਤਿਸੁ ਗੁਰ ਕਉ ਹਉ ਸਦਾ ਘੁਮਾਇਆ ॥
ਤਿਸੁ ਗੁਰ ਕਉ ਹਉ ਖੰਨੀਐ ਜਿਨਿ ਮਧੁਸੂਦਨੁ ਹਰਿ ਨਾਮੁ ਸੁਣਾਇਆ ॥
ਤਿਸੁ ਗੁਰ ਕਉ ਹਉ ਵਾਰਣੈ ਜਿਨਿ ਹਉਮੈ ਬਿਖੁ ਸਭੁ ਰੋਗੁ ਗਵਾਇਆ ॥
ਤਿਸੁ ਸਤਿਗੁਰ ਕਉ ਵਡ ਪੁੰਨੁ ਹੈ ਜਿਨਿ ਅਵਗਣ ਕਟਿ ਗੁਣੀ ਸਮਝਾਇਆ ॥
ਸੋ ਸਤਿਗੁਰੁ ਤਿਨ ਕਉ ਭੇਟਿਆ ਜਿਨ ਕੈ ਮੁਖਿ ਮਸਤਕਿ ਭਾਗੁ ਲਿਖਿ ਪਾਇਆ ॥੭॥
ਸ਼ਨਿਚਰਵਾਰ, ੧੭ ਫੱਗਣ (ਸੰਮਤ ੫੫੧ ਨਾਨਕਸ਼ਾਹੀ) (ਅੰਗ: ੫੮੮)
Photo
ਪੰਜਾਬੀ ਵਿਆਖਿਆ:
ਸਲੋਕ ਮ; ੩ ॥
ਦੁਬਿਧਾ ਵਾਲੀ ਹਾਲਤ ਵਿਚ (ਮਨੁੱਖ ਦੇ ਸਿਰ ਉਤੇ) ਮੌਤ ਦਾ ਸਹਿਮ ਟਿਕਿਆ ਰਹਿੰਦਾ ਹੈ; (ਪਰ ਉਹ ਜਮ ਭੀ) ਪ੍ਰਭੂ ਦੇ ਹੁਕਮ ਵਿਚ ਹੀ ਕਾਰ ਕਰਦਾ ਹੈ, ਜਿਨ੍ਹਾਂ ਨੂੰ ਗੁਰੂ ਨੇ ('ਕਲਿ' ਤੋਂ) ਬਚਾ ਲਿਆ ਉਹ (ਜਮ ਦੇ ਸਹਿਮ ਤੋਂ) ਬਚ ਜਾਂਦੇ ਹਨ, ਮਨ ਦੇ ਪਿਛੇ ਤੁਰਨ ਵਾਲੇ ਬੰਦਿਆਂ ਨੂੰ (ਸਹਿਮ ਦੀ) ਸਜ਼ਾ ਦੇਂਦਾ ਹੈ ।ਜਗਤ (ਭਾਵ, ਪ੍ਰਭੂ ਤੋਂ ਵਿਛੁੜਿਆ ਜੀਵ) ਜਮਕਾਲ ਦੇ ਵੱਸ ਵਿਚ ਬੱਧਾ ਪਿਆ ਹੈ, ਉਸ ਦਾ ਕੋਈ ਰਾਖਾ ਨਹੀਂ ਬਣਦਾ; ਜੇ ਗੁਰੂ ਦੇ ਸਨਮੁਖ ਹੋ ਕੇ ਉਸ ਪ੍ਰਭੂ ਦੀ ਬੰਦਗੀ ਕਰੀਏ ਜਿਸ ਨੇ ਜਮ ਪੈਦਾ ਕੀਤਾ ਹੈ (ਤਾਂ ਫਿਰ ਜਮ ਦਾ) ਦੁਖ ਨਹੀਂ ਪੋਂਹਦਾ, (ਸਗੋਂ)।
Photo
ਹੇ ਨਾਨਕ! ਜਿਨ੍ਹਾਂ ਗੁਰਮੁਖਾਂ ਦੇ ਮਨ ਵਿਚ ਸੱਚਾ ਪ੍ਰਭੂ ਵੱਸਦਾ ਹੈ ਉਹਨਾਂ ਦੀ ਜਮ ਭੀ ਸੇਵਾ ਕਰਦਾ ਹੈ ।੧।ਇਹ ਸਰੀਰ (ਹਉਮੈ ਦੇ) ਰੋਗ ਨਾਲ ਭਰਿਆ ਹੋਇਆ ਹੈ, ਗੁਰੂ ਦੇ ਸ਼ਬਦ ਤੋਂ ਬਿਨਾ ਹਉਮੈ ਰੋਗ-ਰੂਪ ਦੁੱਖ ਦੂਰ ਨਹੀਂ ਹੁੰਦਾ; ਜੇ ਗੁਰੂ ਮਿਲ ਪਏ ਤਾਂ ਮਨੁੱਖ ਦਾ ਮਨ ਪਵਿਤ੍ਰ ਹੋ ਜਾਂਦਾ ਹੈ (ਕਿਉਂਕਿ ਗੁਰੂ ਮਿਲਿਆਂ ਮਨੁੱਖ) ਪਰਮਾਤਮਾ ਦਾ ਨਾਮ ਮਨ ਵਿਚ ਵਸਾਂਦਾ ਹੈ ।
Photo
ਹੇ ਨਾਨਕ! ਜਿਨ੍ਹਾਂ ਨੇ ਸੁਖਦਾਈ ਹਰਿ-ਨਾਮ ਸਿਮਰਿਆ ਹੈ, ਉਹਨਾਂ ਦਾ ਹਉਮੈ-ਦੁੱਖ ਸਹਿਜ ਸੁਭਾਇ ਦੂਰ ਹੋ ਜਾਂਦਾ ਹੈ ।੨।ਮੈਂ ਉਸ ਗੁਰੂ ਤੋਂ ਸਦਾ ਕੁਰਬਾਨ ਹਾਂ ਜਿਸ ਨੇ ਜਗਤ-ਦਾ-ਸਹਾਰਾ-ਪ੍ਰਭੂ ਨੇੜੇ ਵਿਖਾ ਦਿੱਤਾ ਹੈ, ਜਿਸ ਨੇ ਅਹੰਕਾਰ-ਦੈਂਤ ਨੂੰ ਮਾਰਨ ਵਾਲੇ ਪ੍ਰਭੂ ਦਾ ਨਾਮ ਸੁਣਾਇਆ ਹੈ (ਭਾਵ, ਨਾਮ ਸਿਮਰਨ ਦੀ ਸਿੱਖਿਆ ਦਿੱਤੀ ਹੈ), ਜਿਸ ਨੇ ਹਉਮੈ ਰੂਪ ਜ਼ਹਿਰ ਤੇ ਹੋਰ ਸਾਰਾ (ਵਿਕਾਰਾਂ ਦਾ) ਰੋਗ ਦੂਰ ਕੀਤਾ ਹੈ ।
Photo
ਜਿਸ ਗੁਰੂ ਨੇ (ਜੀਵ ਦੇ) ਪਾਪ ਕੱਟ ਕੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੀ ਸੋਝੀ ਪਾਈ ਹੈ, ਉਸ ਦਾ (ਜੀਵਾਂ ਉੱਤੇ) ਇਹ ਬਹੁਤ ਭਾਰਾ ਉਪਕਾਰ ਹੈ । ਐਸਾ ਗੁਰੂ ਉਹਨਾਂ ਨੂੰ ਮਿਲਿਆ ਹੈ ਜਿਨ੍ਹਾਂ ਦੇ ਮੱਥੇ ਉੱਤੇ ਮੂੰਹ ਉੱਤੇ (ਪਿਛਲੇ ਕੀਤੇ ਚੰਗੇ ਕਰਮਾਂ ਦੇ ਸੰਸਕਾਰਾਂ ਦਾ) ਭਾਗ ਲਿਖਿਆ ਪਿਆ ਹੈ ।੭।