
Ajj da Hukamnama Sri Darbar Sahib: ਰਾਮਕਲੀ ਮਹਲਾ ੪ ॥
Ajj da Hukamnama Sri Darbar Sahib: ਰਾਮਕਲੀ ਮਹਲਾ ੪ ॥
ਰਾਮ ਜਨਾ ਮਿਲਿ ਭਇਆ ਅਨੰਦਾ ਹਰਿ ਨੀਕੀ ਕਥਾ ਸੁਨਾਇ ॥
ਦੁਰਮਤਿ ਮੈਲੁ ਗਈ ਸਭ ਨੀਕਲਿ ਸਤਸੰਗਤਿ ਮਿਲਿ ਬੁਧਿ ਪਾਇ ॥੧॥
ਰਾਮ ਜਨ ਗੁਰਮਤਿ ਰਾਮੁ ਬੋਲਾਇ ॥
ਜੋ ਜੋ ਸੁਣੈ ਕਹੈ ਸੋ ਮੁਕਤਾ ਰਾਮ ਜਪਤ ਸੋਹਾਇ ॥੧॥ ਰਹਾਉ ॥
ਜੇ ਵਡ ਭਾਗ ਹੋਵਹਿ ਮੁਖਿ ਮਸਤਕਿ ਹਰਿ ਰਾਮ ਜਨਾ ਭੇਟਾਇ ॥
ਦਰਸਨੁ ਸੰਤ ਦੇਹੁ ਕਰਿ ਕਿਰਪਾ ਸਭੁ ਦਾਲਦੁ ਦੁਖੁ ਲਹਿ ਜਾਇ ॥੨॥
ਹਰਿ ਕੇ ਲੋਗ ਰਾਮ ਜਨ ਨੀਕੇ ਭਾਗਹੀਣ ਨ ਸੁਖਾਇ ॥
ਜਿਉ ਜਿਉ ਰਾਮ ਕਹਹਿ ਜਨ ਊਚੇ ਨਰ ਨਿੰਦਕ ਡੰਸੁ ਲਗਾਇ ॥੩॥
ਧ੍ਰਿਗੁ ਧ੍ਰਿਗੁ ਨਰ ਨਿੰਦਕ ਜਿਨ ਜਨ ਨਹੀ ਭਾਏ ਹਰਿ ਕੇ ਸਖਾ ਸਖਾਇ ॥
ਸੇ ਹਰਿ ਕੇ ਚੋਰ ਵੇਮੁਖ ਮੁਖ ਕਾਲੇ ਜਿਨ ਗੁਰ ਕੀ ਪੈਜ ਨ ਭਾਇ ॥੪॥
ਦਇਆ ਦਇਆ ਕਰਿ ਰਾਖਹੁ ਹਰਿ ਜੀਉ ਹਮ ਦੀਨ ਤੇਰੀ ਸਰਣਾਇ ॥
ਹਮ ਬਾਰਿਕ ਤੁਮ ਪਿਤਾ ਪ੍ਰਭ ਮੇਰੇ ਜਨ ਨਾਨਕ ਬਖਸਿ ਮਿਲਾਇ ॥੫॥੨॥
ਸੋਮਵਾਰ, ੧੫ ਅੱਸੂ (ਸੰਮਤ ੫੫੬ ਨਾਨਕਸ਼ਾਹੀ)
(ਅੰਗ: ੮੮੦)
ਪੰਜਾਬੀ ਵਿਆਖਿਆ:
ਰਾਮਕਲੀ ਮਹਲਾ ੪ ॥
ਹੇ ਭਾਈ! ਪ੍ਰਭੂ ਦੇ ਸੇਵਕਾਂ ਨੂੰ ਮਿਲ ਕੇ (ਮਨ ਵਿਚ) ਆਨੰਦ ਪੈਦਾ ਹੁੰਦਾ ਹੈ । (ਪ੍ਰਭੂ ਦਾ ਸੇਵਕ) ਪ੍ਰਭੂ ਦੀ ਸੋਹਣੀ ਸਿਫ਼ਤਿ-ਸਾਲਾਹ ਸੁਣਾ ਕੇ (ਸੁਣਨ ਵਾਲੇ ਦੇ ਹਿਰਦੇ ਵਿਚ ਆਨੰਦ ਪੈਦਾ ਕਰ ਦੇਂਦਾ ਹੈ) । ਸਾਧ ਸੰਗਤਿ ਵਿਚ ਮਿਲ ਕੇ ਮਨੁੱਖ (ਸ੍ਰੇਸ਼ਟ) ਅਕਲ ਸਿੱਖ ਲੈਂਦਾ ਹੈ, (ਉਸ ਦੇ ਅੰਦਰੋਂ) ਭੈੜੀ ਮਤਿ ਵਾਲੀ ਸਾਰੀ ਮੈਲ ਦੂਰ ਹੋ ਜਾਂਦੀ ਹੈ ।੧।ਹੇ ਪ੍ਰਭੂ ਦੇ ਭਗਤ-ਜਨੋ! (ਮੈਨੂੰ) ਗੁਰੂ ਦੀ ਸਿਖਿਆ ਦੇ ਕੇ ਪ੍ਰਭੂ ਦਾ ਨਾਮ ਸਿਮਰਨ ਲਈ ਮਦਦ ਕਰੋ । ਜੇਹੜਾ ਜੇਹੜਾ ਮਨੁੱਖ ਪ੍ਰਭੂ ਦਾ ਨਾਮ ਸੁਣਦਾ ਹੈ (ਜਾਂ) ਉਚਾਰਦਾ ਹੈ, ਉਹ (ਦੁਰਮਤਿ ਤੋਂ) ਸੁਤੰਤਰ ਹੋ ਜਾਂਦਾ ਹੈ । ਪ੍ਰਭੂ ਦਾ ਨਾਮ ਜਪ ਜਪ ਕੇ ਉਹ ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ ।੧।ਰਹਾਉ।ਹੇ ਭਾਈ! ਜੇ ਕਿਸੇ ਮਨੁੱਖ ਦੇ ਮੱਥੇ ਉਤੇ ਚੰਗੇ ਭਾਗ ਜਾਗ ਪੈਣ, ਤਾਂ ਪਰਮਾਤਮਾ ਉਸ ਨੂੰ ਸੰਤ ਜਨਾਂ ਨਾਲ ਮਿਲਾਂਦਾ ਹੈ । ਹੇ ਪ੍ਰਭੂ! ਕਿਰਪਾ ਕਰ ਕੇ (ਮੈਨੂੰ) ਸੰਤ ਜਨਾਂ ਦਾ ਦਰਸ਼ਨ ਬਖ਼ਸ਼, (ਸੰਤ ਜਨਾਂ ਦਾ ਦਰਸ਼ਨ ਕਰ ਕੇ) ਸਾਰਾ ਦਰਿੱਦਰ ਦੁੱਖ ਦੂਰ ਹੋ ਜਾਂਦਾ ਹੈ ।੨।ਹੇ ਭਾਈ! ਪ੍ਰਭੂ ਦੀ ਭਗਤੀ ਕਰਨ ਵਾਲੇ ਬੰਦੇ ਸੋਹਣੇ (ਜੀਵਨ ਵਾਲੇ) ਹੁੰਦੇ ਹਨ, ਪਰ ਮੰਦ-ਭਾਗੀ ਮਨੁੱਖਾਂ ਨੂੰ (ਉਹਨਾਂ ਦਾ ਦਰਸ਼ਨ) ਚੰਗਾ ਨਹੀਂ ਲੱਗਦਾ । ਹੇ ਭਾਈ! ਸੰਤ ਜਨ ਜਿਉਂ ਜਿਉਂ ਹਰਿ-ਨਾਮ ਸਿਮਰਦੇ ਹਨ, ਤਿਉਂ ਤਿਉਂ ਉੱਚੇ ਜੀਵਨ ਵਾਲੇ ਬਣਦੇ ਜਾਂਦੇ ਹਨ, ਪਰ ਉਹਨਾਂ ਦੀ ਨਿੰਦਾ ਕਰਨ ਵਾਲਿਆਂ ਨੂੰ ਉਹਨਾਂ ਦਾ ਜੀਵਨ ਇਉਂ ਲੱਗਦਾ ਹੈ ਜਿਵੇਂ ਡੰਗ ਵੱਜ ਜਾਂਦਾ ਹੈ ।੩।ਹੇ ਭਾਈ! ਨਿੰਦਕ ਮਨੁੱਖ ਫਿਟਕਾਰ-ਜੋਗ (ਜੀਵਨ ਵਾਲੇ) ਹੋ ਜਾਂਦੇ ਹਨ, ਕਿਉਂਕਿ ਉਹਨਾਂ ਨੂੰ ਪਰਮਾਤਮਾ ਦੇ ਚਰਨਾਂ ਵਿਚ ਜੁੜੇ ਰਹਿਣ ਵਾਲੇ ਸੰਤ ਜਨ ਚੰਗੇ ਨਹੀਂ ਲੱਗਦੇ । ਜਿਨ੍ਹਾਂ ਮਨੁੱਖਾਂ ਨੂੰ ਗੁਰੂ ਦੀ ਇੱਜ਼ਤ (ਹੁੰਦੀ) ਪਸੰਦ ਨਹੀਂ ਆਉਂਦੀ, ਉਹ ਗੁਰੂ ਵਲੋਂ ਮੂੰਹ ਮੋੜੀ ਰੱਖਦੇ ਹਨ, ਉਹ ਰੱਬ ਦੇ ਭੀ ਚੋਰ ਬਣ ਜਾਂਦੇ ਹਨ (ਪ੍ਰਭੂ ਨੂੰ ਭੀ ਮੂੰਹ ਦੇਣ-ਜੋਗੇ ਨਹੀਂ ਰਹਿੰਦੇ, ਵਿਕਾਰਾਂ ਦੇ ਕਾਰਨ) ਉਹ ਭ੍ਰਿਸ਼ਟੇ ਹੋਏ ਮੂੰਹ ਵਾਲੇ ਹੋ ਜਾਂਦੇ ਹਨ ।੪।ਹੇ ਪ੍ਰਭੂ! ਅਸੀ ਗਰੀਬ (ਜੀਵ) ਤੇਰੀ ਸਰਨ ਆਏ ਹਾਂ, ਕਿਰਪਾ ਕਰ ਕੇ (ਸਾਨੂੰ ਆਪਣੀ) ਸਰਨ ਵਿਚ ਰੱਖੀ ਰੱਖੋ । ਹੇ ਮੇਰੇ ਪ੍ਰਭੂ! ਤੂੰ ਸਾਡਾ ਪਿਤਾ ਹੈਂ, ਅਸੀ ਤੇਰੇ ਬੱਚੇ ਹਾਂ । ਦਾਸ ਨਾਨਕ ਉਤੇ ਬਖ਼ਸ਼ਸ਼ ਕਰ ਕੇ ਆਪਣੇ ਚਰਨਾਂ ਵਿਚ ਟਿਕਾਈ ਰੱਖ ।੫।੨।