ਸੋ ਦਰ ਤੇਰਾ ਕੇਹਾ - ਕਿਸਤ - 25
Published : Jun 8, 2018, 5:00 am IST
Updated : Nov 22, 2018, 1:26 pm IST
SHARE ARTICLE
 So Dar Tera Keha
So Dar Tera Keha

ਇਹ ਸਾਰੇ ਦੇ ਸਾਰੇ ਸਵਾਲ ਬ੍ਰਾਹਮਣ ਗ੍ਰੰਥਾਂ, ਵੇਦਾਂ, ਪੁਰਾਣਾਂ ਤੇ ਹੋਰ ਧਾਰਮਕ ਲਿਖਤਾਂ ਵਿਚ ਪਹਿਲਾਂ ਹੀ ਮੌਜੂਦ ਹਨ ਤੇ ਇਥੇ ਇਨ੍ਹਾਂ ਨੂੰ ਦੁਹਰਾਇਆ ਹੀ ਗਿਆ ਹੈ.....

ਅੱਗੇ .....

ਯੁਗ-ਪੁਰਸ਼ ਬਾਬਾ ਨਾਨਕ ਦਾ ਮਿਸ਼ਨ ਸੀ ਕਿ ਧਰਮ ਦੇ ਨਾਂ 'ਤੇ ਮਨੁੱਖ ਦੇ ਸਾਰੇ ਭੁਲੇਖੇ ਖ਼ਤਮ ਕਰਨੇ ਹਨ

ਇਹ ਸਾਰੇ ਦੇ ਸਾਰੇ ਸਵਾਲ ਬ੍ਰਾਹਮਣ ਗ੍ਰੰਥਾਂ, ਵੇਦਾਂ, ਪੁਰਾਣਾਂ ਤੇ ਹੋਰ ਧਾਰਮਕ ਲਿਖਤਾਂ ਵਿਚ ਪਹਿਲਾਂ ਹੀ ਮੌਜੂਦ ਹਨ ਤੇ ਇਥੇ ਇਨ੍ਹਾਂ ਨੂੰ ਦੁਹਰਾਇਆ ਹੀ ਗਿਆ ਹੈ ਤਾਕਿ ਬਾਬਾ ਨਾਨਕ ਤੋਂ ਇਨ੍ਹਾਂ ਦਾ ਜਵਾਬ ਪ੍ਰਾਪਤ ਕੀਤਾ ਜਾ ਸਕੇ। ਅਸੀ ਸਵਾਲਾਂ ਨੂੰ ਜਵਾਬ ਮੰਨ ਕੇ ਪਾਠ ਕਰਨ ਤਕ ਇਸ ਹੱਦ ਤਕ ਅਗੇ ਵੱਧ ਚੁਕੇ ਹਾਂ ਕਿ ਜੇ 'ਰਾਗਮਾਲਾ' ਵੀ ਸਾਹਮਣੇ ਆ ਗਈ ਤਾਂ ਇਸ ਨੂੰ ਵੀ 'ਗੁਰਬਾਣੀ' ਕਹਿ ਕੇ ਇਸ ਦਾ ਪਾਠ ਸ਼ੁਰੂ ਕਰ ਦਿਤਾ ਕਿਉਂਕਿ ਅਰਥ ਸਮਝ ਕੇ,

ਕਿਸੇ ਲਿਖਤ ਨੂੰ ਸਿਰ ਨਿਵਾਉਣ ਦੀ ਬਿਰਤੀ ਨੂੰ ਹੀ, ਬ੍ਰਾਹਮਣ ਨੇ ਸਦੀਆਂ ਤੋਂ ਖ਼ਤਮ ਕੀਤਾ ਹੋਇਆ ਸੀ। ਪ੍ਰੋ: ਸਾਹਿਬ ਸਿੰਘ ਵਰਗੇ ਮਹਾਂ-ਵਿਦਵਾਨ ਵੀ ਭੁਲੇਖਾ ਖਾ ਗਏ ਪਰ ਇਹ ਕੋਈ ਅਲੋਕਾਰੀ ਗੱਲ ਨਹੀਂ। ਵਿਚਾਰਾਂ ਦੀ ਦੁਨੀਆਂ ਬੜੀ ਨਿਰਾਲੀ ਹੈ ਜਿਥੇ ਧੁਰੰਦਰ ਵਿਦਵਾਨ ਬਹੁਤ ਵੱਡੀਆਂ ਵੱਡੀਆਂ ਗ਼ਲਤੀਆਂ ਕਰਦੇ ਵੇਖੇ ਗਏ ਹਨ ਤੇ ਉੁਨ੍ਹਾਂ ਗ਼ਲਤੀਆਂ ਵਲ ਉਨ੍ਹਾਂ ਦਾ ਧਿਆਨ ਦਿਵਾਉਣ ਵਾਲੇ ਅਕਸਰ ਬਹੁਤ ਛੋਟੇ ਬੰਦੇ ਹੀ ਹੁੰਦੇ ਹਨ।

ਹੁਣ ਇਨ੍ਹਾਂ ਪ੍ਰਸ਼ਨਾਂ ਦਾ ਜੋ ਉੱਤਰ ਬਾਬਾ ਨਾਨਕ ਨੇ ਸ਼ਬਦ ਦੇ ਅਖ਼ੀਰ ਵਿਚ ਦਿਤਾ ਹੈ, ਅਸੀ ਉਸ ਬਾਰੇ ਵਿਚਾਰ ਕਰਾਂਗੇ। ਮਨੁੱਖ ਨੂੰ ਸ਼ਾਂਤ ਕਰਨ ਲਈ ਸੁਪਨਾ ਵਿਖਾ ਦਿਤਾ ਜਾਂਦਾ ਸੀ ਕਿ ਪ੍ਰਮਾਤਮਾ ਕਿਸੇ ਉਪਰਲੇ ਅਸਮਾਨ ਵਿਚ, ਧਰਤੀ ਦੇ ਰਾਜਿਆਂ ਵਾਂਗ ਦਰਬਾਰ ਲਾ ਕੇ ਬੈਠਾ ਹੈ ਤੇ ਰਾਜਿਆਂ ਦੇ ਦਰਬਾਰ ਵਾਂਗ ਹੀ, ਉਸ ਪ੍ਰਮਾਤਮਾ ਦੇ ਦਰਬਾਰ ਵਿਚ ਵੀ, ਪੰਡਤ, ਰਿਸ਼ੀ, ਦੇਵਤੇ, ਯੋਧੇ, ਸੰਗੀਤਕਾਰ ਤੇ ਇਹੋ ਜਹੇ ਹੋਰ ਦਰਬਾਰੀ ਬੈਠੇ ਹੁੰਦੇ ਹਨ ਤੇ ਨਾਲ ਹੀ ਨਾਲ ਧਰਮ ਰਾਜ ਅਪਣਾ ਲੇਖਾ ਕੱਢ ਕੇ ਵੀ ਰੱਬ ਨੂੰ ਸੁਣਾਈ ਜਾਂਦਾ ਹੈ।

ਇਹ ਦਰਬਾਰ ਕਿੰਨਾ ਵੀ ਫ਼ਰਜ਼ੀ ਤੇ ਕਾਲਪਨਿਕ ਕਿਉਂ ਨਾ ਹੋਵੇ ਪਰ ਆਮ ਆਦਮੀ ਇਸ ਕਲਪਨਾ ਨੂੰ ਸੱਚ ਸਮਝ ਲੈਣ ਵਿਚ ਕੋਈ ਔਖਿਆਈ ਨਹੀਂ ਮਹਿਸੂਸ ਕਰਦਾ ਕਿਉਂਕਿ ਉਸ ਨੇ ਧਰਤੀ ਉਤੇ ਠੀਕ ਇਹੋ ਜਹੇ ਦਰਬਾਰ ਰਾਜਿਆਂ ਦੇ ਵੀ ਵੇਖੇ ਹੋਏ ਹੁੰਦੇ ਹਨ। ਉਹ ਇਹੀ ਸਮਝਦਾ ਹੈ ਕਿ ਜਿਵੇਂ ਇਕ ਰਾਜੇ ਦਾ ਮਹੱਲ ਤੇ ਦਰਬਾਰ ਧਰਤੀ 'ਤੇ ਹੁੰਦਾ ਹੈ, ਇਹੋ ਜਿਹਾ ਦਰਬਾਰ, ਆਕਾਸ਼ ਵਿਚ ਕਿਸੇ ਥਾਂ, ਰੱਬ ਦਾ ਵੀ ਹੁੰਦਾ ਹੋਵੇਗਾ।

ਇਸੇ ਲਈ ਰੱਬ ਦੇ ਦਰਬਾਰ ਬਾਰੇ ਵੱਡੀ ਤੋਂ ਵੱਡੀ ਗੱਪ, ਵੱਡੀ ਤੋਂ ਵੱਡੀ ਕਲਪਨਾ ਤੇ ਵੱਡੇ ਤੋਂ ਵੱਡਾ ਝੂਠ, ਆਮ ਆਦਮੀ ਨੂੰ ਬੜੀ ਆਸਾਨੀ ਨਾਲ ਹਜ਼ਮ ਹੋ ਜਾਂਦਾ ਹੈ। ਜਦੋਂ ਕੋਈ ਬੰਦਾ, ਧਰਮ ਦਾ ਚੋਲਾ ਪਾ ਕੇ, ਧਰਮ ਦੇ ਨਾਂ ਤੇ, ਇਹ ਦਾਅਵਾ ਕਰਦਾ ਹੈ ਕਿ 'ਰੱਬ ਦਾ ਦਰਬਾਰ ਇਹੋ ਜਿਹਾ ਹੁੰਦਾ ਹੈ' ਤਾਂ ਬੜੇ ਲੋਕ ਇਸ ਦਾਅਵੇ ਨੂੰ ਮੰਨਣ ਲਈ ਤਿਆਰ ਹੋ ਜਾਂਦੇ ਹਨ। ਪਰ ਯੁਗ-ਪੁਰਸ਼ ਬਾਬਾ ਨਾਨਕ ਦਾ ਤਾਂ ਜਦ ਮਿਸ਼ਨ ਹੀ ਇਹ ਸੀ ਕਿ ਧਰਮ ਦੇ ਨਾਂ 'ਤੇ ਮਨੁੱਖ ਦੇ ਸਾਰੇ ਭੁਲੇਖੇ ਖ਼ਤਮ ਕਰਨੇ ਹਨ ਤਾਂ ਉਹ ਚੁੱਪ ਕਿਵੇਂ ਰਹਿੰਦੇ?

ਉਨ੍ਹਾਂ ਅਪਣੀ ਬਾਣੀ ਵਿਚ ਸਾਰੇ ਦੇ ਸਾਰੇ 13 ਪ੍ਰਸ਼ਨਾਂ ਵਿਚ ਆਉਂਦੇ ਪਾਤਰਾਂ ਦੀ ਹੋਂਦ ਤੋਂ ਹੀ ਇਨਕਾਰ ਕੀਤਾ ਤੇਮਨੁੱਖ ਨੂੰ ਸਮਝਾਇਆ ਕਿ ਸਾਰੇ ਬ੍ਰਹਿਮੰਡ ਦਾ ਇਕੋ ਮਾਲਕ ਹੈ ਤੇ ਉਹ ਹਰ ਥਾਂ ਮੌਜੂਦ ਹੈ, ਉਹਨੂੰ ਇਕ ਮਕਾਨ ਬਣਾ ਕੇ, ਕਿਸੇ ਇਕ ਥਾਂ ਰਹਿਣ ਦੀ ਲੋੜ ਨਹੀਂ ਕਿਉਂਕਿ ਉਹ ਇਕੋ ਇਕ ਹੀ ਐਸੀ ਹਸਤੀ ਹੈ ਜੋ ਸਰਬ-ਵਿਆਪਕ ਹੈ ਤੇ ਅਪਣੀ ਸਾਜੀ ਹੋਈ ਹਰ ਚੀਜ਼ ਵਿਚ ਮੌਜੂਦ ਹੈ। ਇਹ ਗੱਲ ਸਮਝਣੀ ਜ਼ਰਾ ਔਖੀ ਹੁੰਦੀ ਹੈ ਕਿਉਂਕਿ ਆਮ ਆਦਮੀ ਨੂੰ ਉਹੀ ਚੀਜ਼ ਸਮਝ ਵਿਚ ਆ ਸਕਦੀ ਹੈ ਜਿਸ ਵਰਗੀ ਚੀਜ਼ ਉਸ ਨੇ ਦੋ ਅੱਖਾਂ ਨਾਲ ਵੇਖੀ ਹੋਈ ਹੋਵੇ।

ਕਲਪਨਾ ਵਾਲੇ 'ਰੱਬ ਦੇ ਦਰਬਾਰ' ਵਰਗਾ ਰਾਜੇ ਦਾ ਦਰਬਾਰ ਉਸ ਨੇ ਵੇਖਿਆ ਹੋਇਆ ਹੈ, ਇਸ ਲਈ ਉਹ ਇਸ ਨੂੰ ਪ੍ਰਵਾਨ ਕਰ ਲੈਂਦਾ ਹੈ ਪਰ ਧਰਤੀ ਉਤੇ, ਅਪਣੀਆਂ ਦੋ ਅੱਖਾਂ ਨਾਲ ਉਸ ਨੇ ਕੋਈ ਐਸੀ ਚੀਜ਼ ਨਹੀਂ ਵੇਖੀ ਜੋ ਸਰਬ-ਵਿਆਪਕ ਹੋਵੇ, ਕਿਣਕੇ ਕਿਣਕੇ ਵਿਚ ਰਮੀ ਹੋਈ ਹੋਵੇ, ਇਸ ਲਈ ਉਹਨੂੰ ਰੂਹਾਨੀ ਦੁਨੀਆਂ ਦੇ ਉਸ ਰੱਬ ਦੀ ਗੱਲ ਛੇਤੀ ਸਮਝ ਨਹੀਂ ਆਉਂਦੀ ਜਿਸ ਨੂੰ ਬਾਹਰਲੀਆਂ ਅੱਖਾਂ ਨਾਲ ਨਹੀਂ, ਰੂਹਾਨੀਅਤ ਦੀਆਂ ਅੰਦਰਲੀਆਂ ਅੱਖਾਂ ਨਾਲ ਵੇਖਿਆ ਜਾ
ਸਕਦਾ ਹੈ।

ਜਦ ਸਮਝ ਨਹੀਂ ਆਉਂਦੀ ਤਾਂ ਉਹ ਸਵਾਲ ਉਠਦੇ ਹਨ ਜਿਨ੍ਹਾਂ ਦਾ ਜ਼ਿਕਰ ਬਾਬਾ ਨਾਨਕ ਨੇ ਸੋਦਰੁ ਦੇ ਪਹਿਲੇ ਭਾਗ ਵਿਚ ਕੀਤਾ ਹੈ। ਜਿਥੇ ਸਵਾਲ ਖ਼ਤਮ ਹੁੰਦੇ ਹਨ,ਉਥੋਂ ਫਿਰ ਬਾਬਾ ਨਾਨਕ ਦੇ ਜਵਾਬ ਸ਼ੁਰੂ ਹੋ ਜਾਂਦੇ ਹਨ। ਆਪ ਫ਼ੁਰਮਾਉਂਦੇ ਹਨ:

ਗਾਵਨਿ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰਿ ਕਰਿ ਰਖੇ ਤੇਰੇ ਧਾਰੇ ।। 
ਸੇਈ ਤੁਧਨੋ ਗਾਵਨਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ ।।
ਹੋਰਿ ਕੇਤੇ ਤੁਧਨੋ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਬੀਚਾਰੇ ।। 
ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ ।।
ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ ।। 
ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ ।।

ਕਰਿ ਕਰਿ ਦੇਖੈ ਕੀਤਾ ਆਪਣਾ ਜਿਉ ਤਿਸਦੀ ਵਡਿਆਈ ।।
ਜੋ ਤਿਸੁ ਭਾਵੈ ਸੋਈ ਕਰਸੀ ਫਿਰਿ ਹੁਕਮੁ ਨ ਕਰਣਾ ਜਾਈ ।।
ਸੋ ਪਾਤਿਸਾਹੁ ਸਾਹਾ ਪਤਿ ਸਾਹਿਬੁ ਨਾਨਕ ਰਹਣੁ ਰਜਾਈ ।੧।

ਬਾਬਾ ਨਾਨਕ ਇਸ ਉੱਤਰ ਵਿਚ ਪਹਿਲੀਆਂ ਸਾਰੀਆਂ ਮਨੌਤਾਂ ਨੂੰ ਨਕਾਰਨ ਦਾ ਇਹ ਢੰਗ ਅਪਣਾਉਂਦੇ ਹਨ ਕਿ ਛੋਟੀ ਲਕੀਰ ਨੂੰ ਛੋਟੀ ਸਾਬਤ ਕਰਨ ਲਈ, ਉਸ ਦੇ ਸਾਹਮਣੇ ਵੱਡੀ ਲਕੀਰ ਖਿੱਚ ਦੇਂਦੇ ਹਨ ਤੇ ਕਹਿੰਦੇ ਹਨ ਕਿ ਇਹਨਾਂ ਛੋਟੀਆਂ ਛੋਟੀਆਂ ਗੱਲਾਂ ਦੇ ਵਿਸਥਾਰ ਵਿਚ ਕਾਹਨੂੰ ਪੈਂਦੇ ਹੋ, ਇਕੋ ਵੱਡੀ ਗੱਲ ਸਮਝ ਲਉ ਕਿ ਉਸ ਦਾ ਦਰੁ ਤਾਂ ਉਹ ਹੈ ਜਿਥੇ ਸਾਰਾ 'ਖੰਡ ਮੰਡਲ, ਬ੍ਰਹਿਮੰਡ' ਅਰਥਾਤ ਜਿੰਨਾ ਵੀ ਬ੍ਰਹਿਮੰਡ ਹੈ, ਉਹ ਸਾਰਾ ਹੀ ਉਸ ਅਕਾਲ ਪੁਰਖ ਦੇ ਨਾਂ ਦਾ ਗਾਇਨ ਕਰਦਾ ਹੈ।

ਇਹ ਬ੍ਰਹਿਮੰਡ ਕਿੰਨਾ ਕੁ ਵੱਡਾ ਹੈ? ਹੁਣ ਸਾਇੰਸਦਾਨ ਵੀ ਮੰਨਦੇ ਹਨ ਕਿ ਉਨ੍ਹਾਂ ਦੇ ਪਹਿਲਾਂ ਲਾਏ ਹੋਏ ਸਾਰੇ ਅੰਦਾਜ਼ੇ ਗ਼ਲਤ ਸਾਬਤ ਹੋ ਗਏ ਹਨ ਤੇ ਹੁਣ ਉੁਨ੍ਹਾਂ ਨੂੰ ਜਿੰਨੇ ਕੁ ਬ੍ਰਹਮੰਡ ਦਾ ਪਤਾ ਹੈ, ਉਸ ਵਿਚ ਸਾਡੀ ਧਰਤੀ (ਮਾਤ -ਲੋਕ) ਇਕ ਚਾਵਲ ਦੇ ਦਾਣੇ ਜਿੰਨੀ ਹੈ। ਅਜੇ ਸਾਇੰਸਦਾਨਾਂ ਨੂੰ ਪੂਰਾ ਤਾਂ ਪਤਾ ਹੀ ਨਹੀਂ ਕਿ ਬ੍ਰਹਿਮੰਡ ਕਿੰਨਾ ਵੱਡਾ ਹੈ। ਬਾਬਾ ਨਾਨਕ ਕਹਿੰਦੇ ਹਨ ਕਿ ਇਹ ਸਾਰਾ ਹੀ ਬ੍ਰਹਮੰਡ ਜਿਥੇ ਉਸ ਅਕਾਲ ਪੁਰਖ ਦਾ ਗੁਣ ਗਾਇਨ ਹੋ ਰਿਹਾ ਹੈ, ਉਹੀ ਉਸ ਅਕਾਲ ਪੁਰਖ ਦਾ ਦਰੁ ਹੈ।

ਇਸ ਬ੍ਰਹਿਮੰਡ ਵਿਚ,ਉਹ ਸਾਰੀਆਂ ਹਸਤੀਆਂ ਜਿਨ੍ਹਾਂ ਦਾ ਜ਼ਿਕਰ 13 ਸਵਾਲਾਂ ਵਿਚ ਕੀਤਾ ਗਿਆ ਹੈ, ਉਹ ਚਾਵਲ ਦੇ ਦਾਣੇ ਜਿੰਨੀਆਂ ਵੀ ਨਹੀਂ ਬਣਦੀਆਂ। ਇਸ ਤਰ੍ਹਾਂ ਬਾਬਾ ਨਾਨਕ ਨੇ ਕਾਵਿਕ ਅੰਦਾਜ਼ ਵਿਚ ਉੱਤਰ ਦਿਤਾ ਹੈ ਕਿ ਸਾਰਾ ਬ੍ਰਹਿਮੰਡ ਹੀ ਉਸ ਦਾ ਦਰੁ ਹੈ ਤੇ ਬ੍ਰਹਮੰਡ ਦੇ ਭਾਗਾਂ ਦੀ ਜਾਂ ਇਸ ਵਿਚ ਨਿਵਾਸ ਕਰਨ ਵਾਲਿਆਂ ਦੀ ਵਖਰੀ ਵਖਰੀ ਗੱਲ ਕਰਨ ਦੀ ਕੀ ਲੋੜ ਹੈ, ਸਾਰਾ ਬ੍ਰਹਿਮੰਡ ਹੀ ਉਸ ਦੀ ਉਪਮਾ ਗਾ ਰਿਹਾ ਹੈ।

ਚਲਦਾ...

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਨਾਲ ਵੱਡਾ ਪਰਦਾ ਸਾਂਝਾ ਕਰਨ ਵਾਲੇ Soni Crew ਦੇ ਗੁਰਪ੍ਰੀਤ ਨੇ ਛੱਡਿਆ ਫ਼ਾਨੀ ਸੰਸਾਰ

08 May 2024 5:16 PM

Punjab ਸਣੇ ਦੇਸ਼ ਦੁਨੀਆ ਦੀਆਂ ਵੱਡੀਆਂ ਤੇ ਤਾਜ਼ਾ ਖ਼ਬਰਾਂ ਦੇਖਣ ਲਈ ਜੁੜੇ ਰਹੋ SPOKESMAN ਨਾਲ |

08 May 2024 5:12 PM

ਬਿਨਾ IELTS, ਕੰਮ ਦੇ ਅਧਾਰ ਤੇ Canada ਜਾਣਾ ਹੋਇਆ ਸੌਖਾ।, ਖੇਤੀਬਾੜੀ ਤੇ ਹੋਰ ਕੀਤੇ ਵਾਲਿਆਂ ਦੀ ਹੈ Canada ਨੂੰ ਲੋੜ।

08 May 2024 4:41 PM

Sukhbir Badal ਨੇ ਸਾਡੀ ਸੁਣੀ ਕਦੇ ਨਹੀਂ, ਭਾਵੁਕ ਹੁੰਦੇ ਬੋਲੇ ਅਕਾਲੀਆਂ ਦੇ ਉਮੀਦਵਾਰ, ਛੱਡ ਗਏ ਪਾਰਟੀ !

08 May 2024 3:47 PM

'ਆਓ! ਇਸ ਵਾਰ ਆਪਣੀ ਵੋਟ ਦੀ ਤਾਕਤ ਦਾ ਸਹੀ ਇਸਤੇਮਾਲ ਕਰੀਏ'

08 May 2024 3:42 PM
Advertisement