ਸੋ ਦਰ ਤੇਰਾ ਕੇਹਾ - ਕਿਸਤ - 27
Published : Jun 9, 2018, 5:00 am IST
Updated : Nov 22, 2018, 1:25 pm IST
SHARE ARTICLE
So Dar Tera Keha
So Dar Tera Keha

ਹੁਣ ਅਸੀਂ 'ਸੋ ਦਰੁ' ਦੀ 16ਵੀਂ ਸੱਤਰ ਜਾਂ ਤੁਕ ਤੇ ਆਉੁਂਦੇ ਹਾਂ। ਇਸ ਤੁਕ ਵਿਚ ਬਾਬਾ ਨਾਨਕ ਸਾਰੀ ਚਰਚਾ ਨੂੰ ਸਮੇਟਦੇ ਹੋਏ ਕਹਿੰਦੇ ਹਨ ਕਿ ਕਿਉਂ........

ਅੱਗੇ .....

ਅੱਜ ਦਾ ਖਿੜਿਆ ਹੋਇਆ ਖ਼ੂਬਸੂਰਤ ਫੁੱਲ ਕਲ ਮੁਰਝਾਈਆਂ ਹੋਈਆਂ ਪੱਤੀਆਂ ਦੇ ਰੂਪ ਵਿਚ ਤਾਂ ਵੇਖਿਆ ਜਾ ਸਕਦਾ ਹੈ ਪਰ ਅੱਜ ਦੇ ਰੂਪ ਵਿਚ ਨਹੀਂ

ਹੁਣ ਅਸੀਂ 'ਸੋ ਦਰੁ' ਦੀ 16ਵੀਂ ਸੱਤਰ ਜਾਂ ਤੁਕ ਤੇ ਆਉੁਂਦੇ ਹਾਂ। ਇਸ ਤੁਕ ਵਿਚ ਬਾਬਾ ਨਾਨਕ ਸਾਰੀ ਚਰਚਾ ਨੂੰ ਸਮੇਟਦੇ ਹੋਏ ਕਹਿੰਦੇ ਹਨ ਕਿ ਕਿਉਂ ਇਸ ਚੱਕਰ ਵਿਚ ਪੈਂਦੇ ਹੋ ਕਿ ਪ੍ਰਮਾਤਮਾ ਦੇ ਦਰੁ ਤੇ (ਬ੍ਰਹਿਮੰਡ ਵਿਚ) ਕੌਣ ਕੌਣ ਹਨ ਜੋ ਉਸ ਦਾ ਜੱਸ ਗਾਉੁਂਦੇ ਹਨ। ਨਾਨਕ ਤਾਂ ਕਹਿੰਦਾ ਹੈ, ਤੁਸੀਂ ਉਨ੍ਹਾਂ ਦੇ ਨਾਂ ਲੈ ਲੈ ਕੇ ਗਿਣਤੀ ਕਰ ਸਕਦੇ ਹੋ ਤਾਂ ਕਰੀ ਜਾਉ, ਮੇਰਾ ਤਾਂ ਚੇਤਾ ਵੀ ਏਨਾ ਵੱਡਾ ਨਹੀਂ ਕਿ ਉਨ੍ਹਾਂ ਸਾਰਿਆਂ ਦੇ ਨਾਂ ਚੇਤੇ ਰੱਖ ਸਕੇ। ਇਸ ਲਈ ਨਾਨਕ ਇਸ ਬਾਰੇ ਵਿਚਾਰ ਕਰਨੀ ਵੀ ਫ਼ਜ਼ੂਲ ਸਮਝਦਾ ਹੈ।

ਇਹ ਕਹਿ ਕੇ ਬਾਬਾ ਨਾਨਕ ਇਹੀ ਵਿਚਾਰ ਦੇ ਰਹੇ ਹਨ ਕਿ ਛੋਟੀਆਂ ਛੋਟੀਆਂ ਗੱਲਾਂ ਨੂੰ ਮਹੱਤਵ ਦੇਣ ਨਾਲੋਂ, ਇਹੀ ਸਮਝ ਲਉ ਕਿ ਸਾਰਾ ਬ੍ਰਹਿਮੰਡ ਹੀ ਉਸ ਪ੍ਰਮਾਤਮਾ ਦਾ ਦਰ ਘਰ ਹੈ ਤੇ ਇਸ ਸਾਰੇ ਬ੍ਰਹਿਮੰਡ ਦੇ ਸਾਰੇ 'ਭਗਤ ਰਸਾਲੇ' ਅਰਥਾਤ ਚੰਗੇ ਜੀਵ ਉਸ ਨੂੰ ਚੰਗੇ ਲਗਦੇ ਹਨ। ਇਹੀ ਭਗਤ ਰਸਾਲੇ ਹਰ ਸਾਹ ਨਾਲ, ਹਰ ਦਮ, ਉਸ ਦਾ ਜੱਸ ਗਾਉੁਂਦੇ ਰਹਿੰਦੇ ਹਨ। ਜਸ 'ਗਾਉਣ' ਦਾ ਮਤਲਬ ਇਹ ਨਹੀਂ ਹੁੰਦਾ ਕਿ ਵਾਜਾ (ਹਾਰਮੋਨੀਅਮ) ਲੈ ਕੇ ਗੀਤ ਦੀ ਤਰ੍ਹਾਂ ਗਾਉਣਾ ਸ਼ੁਰੂ ਕਰ ਦਿਤਾ ਜਾਵੇ।

ਇਸ ਦਾ ਮਤਲਬ ਕੇਵਲ ਇਹ ਹੁੰਦਾ ਹੈ ਕਿ ਸਰੀਰ ਦੇ ਅੰਦਰ ਜਿਹੜਾ ਪ੍ਰੇਮ-ਮਾਰਗ ਪ੍ਰਭੂ ਨੇ ਦਿਤਾ ਹੋਇਆ ਹੈ, ਉਸ ਨੂੰ ਸਦਾ ਕ੍ਰਿਆਸ਼ੀਲ ਰੱਖੋ ਤੇ ਮਨ ਵਿਚ ਇਹ ਤਾਂਘ ਕਦੇ ਨਾ ਬੁੱਝਣ ਦਿਉ ਕਿ ਤੁਸੀਂ ਇਸ ਦੁਨੀਆਂ ਦੇ ਮਾਲਕ ਨੂੰ ਅਪਣਾ ਪਿਆਰਾ ਬਣਾ ਕੇ ਰਹਿਣਾ ਹੈ। ਅਜਿਹਾ ਕਿਉਂ ਕਰੀਏ? ਉਸ ਨਾਲ ਪਿਆਰ ਕਿਉਂ ਪਾਈਏ? ਇਸ ਦਾ ਜਵਾਬ ਅਗਲੀਆਂ ਛੇ ਤੁਕਾਂ ਵਿਚ ਦਿਤਾ ਗਿਆ ਹੈ। ਸਾਨੂੰ ਬਾਬੇ ਨਾਨਕ ਤੋਂ ਹਲਕੀ ਜਹੀ ਝਾੜ ਪੈਂਦੀ ਹੈ ਕਿ ਫ਼ਜ਼ੂਲ ਦੀਆਂ ਗਿਣਤੀਆਂ ਮਿਣਤੀਆਂ ਵਿਚ ਕਿਉਂ ਪੈਂਦੇ ਹੋ ਕਿ 'ਸੋ ਦਰੁ' ਉਤੇ ਕਿਹੜਾ ਕਿਹੜਾ ਪ੍ਰਸਿੱਧ ਨਾਂ ਵਾਲਾ ਉਸ ਪ੍ਰਮਾਤਮਾ ਦਾ ਜੱਸ ਗਾ ਰਿਹਾ ਹੈ?

ਜੇ ਤਾਂ 'ਸੋ ਦਰੁ' ਇਕ ਮਕਾਨ ਜਾਂ ਮਹੱਲ ਹੁੰਦਾ ਤਾਂ ਦਸਿਆ ਜਾ ਸਕਦਾ ਸੀ ਕਿ ਉਸ ਵਿਚ ਬੈਠ ਕੇ ਪ੍ਰਭੂ-ਜੱਸ ਗਾਉਣ ਵਾਲੇ ਕੌਣ ਕੌਣ ਹਨ ਪਰ 'ਸੋ ਦਰੁ' ਤਾਂ ਸਾਰਾ ਬ੍ਰਹਿਮੰਡ ਹੀ ਹੈ, ਇਸ ਲਈ ਕਿਸ ਕਿਸ ਨੂੰ ਯਾਦ ਕਰ ਕੇ ਦਸਿਆ ਜਾਏ ਕਿ ਕੌਣ ਕੀ ਕਰ ਰਿਹਾ ਹੈ? ਬੱਸ ਇਹ ਜਾਣਨਾ ਹੀ ਕਾਫ਼ੀ ਹੈ ਕਿ ਸਾਰੇ ਚੰਗੇ ਜੀਵ ਅਥਵਾ 'ਭਗਤ ਰਸਾਲੇ' ਇਸ ਬ੍ਰਹਮੰਡ (ਸੋ ਦਰੁ) ਵਿਚ ਉਸ ਦਾ ਜੱਸ ਗਾ ਰਹੇ ਹਨ। ਹੁਣ ਅਗਲਾ ਸਵਾਲ ਹੈ ਕਿ ਉਸ ਦਾ ਜੱਸ ਗਾਇਆ ਹੀ ਕਿਉਂ ਜਾਏ? 17ਵੀਂ ਤੁਕ ਵਿਚ ਬਾਬਾ ਨਾਨਕ ਕਹਿੰਦੇ ਹਨ ਕਿ ਬ੍ਰਹਮੰਡ ਵਿਚ ਇਕੋ ਇਕ ਹਸਤੀ ਹੈ ਜੋ ਸਦਾ ਸੱਚ ਰਹਿਣ ਵਾਲੀ ਹਸਤੀ ਹੈ, ਹੋਰ ਕੋਈ ਨਹੀਂ ਹੋ ਸਕਦੀ। ਸਵੇਰ ਦੀ ਧੁੱਪਸ਼ਾਮ ਵੇਲੇ ਦੀ ਛਾਂ ਬਣ ਜਾਂਦੀ ਹੈ ਤੇ 'ਸਦਾ ਸੱਚ' ਨਹੀਂ ਰਹਿੰਦੀ।

ਅੱਜ ਦਾ ਖਿੜਿਆ ਹੋਇਆ ਖ਼ੂਬਸੂਰਤ ਫੁੱਲ ਕਲ ਮੁਰਝਾਈਆਂ ਹੋਈਆਂ ਪੱਤੀਆਂ ਦੇ ਰੂਪ ਵਿਚ ਤਾਂ ਵੇਖਿਆ ਜਾ ਸਕਦਾ ਹੈ ਪਰ ਅੱਜ ਦੇ ਰੂਪ ਵਿਚ ਨਹੀਂ ਕਿਉਂਕਿ ਕਲ ਦੀ ਖ਼ੂਬਸੂਰਤੀ ਦਾ ਸੱਚ ਅੱਜ ਦਾ ਝੂਠ ਬਣ ਚੁੱਕਾ ਹੈ। ਕਲ ਦਾ ਸੇਠ ਭਗਵਾਨ ਦਾਸ, ਬਹੁਤ ਵੱਡਾ ਨਾਂ ਸੀ। ਉਸ ਦਾ ਵਪਾਰ ਢਿੱਲਾ ਪੈ ਗਿਆ। ਅੱਜ ਉਹ ਮੰਗਤਾ ਬਣਿਆ ਹੋਇਆ ਹੈ। ਕਲ ਕਹਿੰਦੇ ਸੀ, ਉਸ ਦਾ ਬੜਾ ਵੱਡਾ ਨਾਂ ਹੈ। ਝੂਠਾ ਨਾਂ ਸੀ। ਦੌਲਤ ਦੇ ਸਹਾਰੇ ਨਾਂ ਬਣਿਆ ਸੀ। ਦੌਲਤ ਗਈ, ਨਾਂ ਵੀ ਚਲਾ ਗਿਆ। ਝੂਠਾ ਨਾਂ ਕਿਸੇ ਵੀ ਸਮੇਂ ਮਿਟ ਸਕਦਾ ਹੈ। ਅੱਜ ਜਿਹੜੇ ਪਹਾੜ ਨਜ਼ਰ ਆਉੁਂਦੇ ਹਨ, ਹਜ਼ਾਰ ਦੋ ਹਜ਼ਾਰ ਸਾਲ ਪਿਛੇ ਜਾ ਕੇ ਵੇਖੋ ਤਾਂ ਪਹਾੜ ਨਹੀਂ ਸਨ ਹੁੰਦੇ, ਸਮੁੰਦਰ ਦਾ ਭਾਗ ਹੁੰਦੇ ਸਨ।

ਪਹਾੜ ਦਾ ਨਾਂ ਸਦਾ ਸੱਚ ਵਾਲਾ ਨਾਂ ਨਹੀਂ ਹੈ। ਇਕੋ ਪ੍ਰਮਾਤਮਾ ਹੀ ਹੈ ਜੋ ਸਦਾ ਸੱਚ ਰਹਿਣ ਵਾਲਾ ਹੈ। ਬਦਲ ਜਾਣ ਵਾਲਿਆਂ ਨਾਲ, ਝੂਠਿਆਂ ਨਾਲ ਦੋਸਤੀ ਕਿਸੇ ਨੂੰ ਵੀ ਪਸੰਦ ਨਹੀਂ ਹੁੰਦੀ। ਇਕੋ ਪ੍ਰਮਾਤਮਾ ਹੀ ਹੈ ਜੋ ਸਦਾ ਸੱਚ, ਸਦਾ ਥਿਰ ਤੇ ਸਦਾ ਇਕੋ ਜਿਹਾ ਰਹਿੰਦਾ ਹੈ। ਇਕ ਪ੍ਰਮਾਤਮਾ ਹੀ ਹੈ ਜਿਸ ਨਾਲ ਪਿਆਰ ਪਾ ਲਵੋ ਤਾਂ ਉਹ ਅਪਣੇ ਤੇ ਤੁਹਾਡੇ ਵਿਚਲਾ ਫ਼ਰਕ ਹੀ ਮਿਟਾ ਦੇਂਦਾ ਹੈ। ਉਸੇ ਨੂੰ ਕੀਤਾ ਪ੍ਰੇਮ ਹੀ ਭਲਾ ਹੈ ਤੇ ਬਾਕੀ ਸੱਭ ਝੂਠ ਹੈ। 18ਵੀਂ ਤੁਕ ਵਿਚ ਬਾਬਾ ਨਾਨਕ ਉਸ ਅਕਾਲ ਪੁਰਖ ਦਾ ਇਕ ਹੋਰ ਗੁਣ ਦਸਦੇ ਹਨ ਜੋ ਹੋਰ ਕਿਸੇ ਦਾ ਗੁਣ ਨਹੀਂ ਹੋ ਸਕਦਾ। ਬ੍ਰਹਿਮੰਡ ਦੀ ਕੋਈ ਐਸੀ ਵਸਤੂ ਨਹੀਂ ਜਿਸ ਬਾਰੇ ਕਿਹਾ ਜਾ ਸਕੇ ਕਿ ਇਹ ਸਦਾ ਤੋਂ ਸੀ ਤੇ ਸਦਾ ਹੀ ਰਹੇਗੀ।

ਇਕੋ ਪ੍ਰਮਾਤਮਾ ਹੀ ਹੈ ਜਿਸ ਬਾਰੇ ਇਹ ਕਿਹਾ ਜਾ ਸਕਦਾ ਹੈ। ਉਹ ਨਾ ਜੰਮਦਾ ਹੈ, ਨਾ ਕਦੇ ਮਰੇਗਾ। ਸਾਇੰਸਦਾਨ ਹੁਣ ਕਹਿ ਰਹੇ ਹਨ ਕਿ ਸੂਰਜ ਦੀ ਤਾਕਤ ਘਟਦੀ ਜਾ ਰਹੀ ਹੈ ਤੇ ਇਹ ਵੀ ਕੁੱਝ ਸੌ ਜਾਂ ਕੁੱਝ ਹਜ਼ਾਰ ਸਾਲਾਂ ਮਗਰੋਂ ਰੋਸ਼ਨੀ ਦੇਣੋਂ ਬੰਦ ਹੋ ਜਾਵੇਗਾ ਅਰਥਾਤ ਮਰ ਜਾਏਗਾ। ਜੇ ਏਨਾ ਸ਼ਕਤੀਸ਼ਾਲੀ ਸੂਰਜ ਵੀ ਮਰ ਸਕਦਾ ਹੈ ਤਾਂ ਬਾਕੀ ਕਿਹੜੀ ਚੀਜ਼ ਹੈ ਜੋ ਸਦਾ ਰਹੇਗੀ? ਇਕੋ ਰੱਬ ਹੀ ਹੈ ਜੋ ਦੁਨੀਆਂ ਪੈਦਾ ਹੋਣ ਤੋਂ ਪਹਿਲਾਂ ਵੀ ਸੀ ਤੇ ਬਾਅਦਵਿਚ ਵੀ ਰਹੇਗਾ। ਸੰਸਾਰ ਵਿਚ ਕੁੱਝ ਰੁਪਿਆਂ ਦੀ ਚੀਜ਼ ਖ਼ਰੀਦਣ ਸਮੇਂ ਵੀ ਅਸੀ ਚਾਹੁੰਦੇ ਹਾਂ ਕਿ ਉਸ ਕੰਪਨੀ ਦਾ ਬਣਿਆ ਹੋਇਆ ਸਮਾਨ ਖ਼ਰੀਦਿਆ ਜਾਏ ਜੋ ਬਹੁਤ ਪੁਰਾਣੀ ਹੋਵੇ ਤੇ ਨਿਰੰਤਰ ਚਲਦੀ ਆ ਰਹੀ ਹੋਵੇ। ਨਿਰੰਤਰਤਾ ਅਤੇ ਲੰਮੇ ਸਮੇਂ ਦੀ ਹੋਂਦ, ਕਿਸੇ ਵਪਾਰ, ਸੰਸਥਾ ਜਾਂ ਜਥੇਬੰਦੀ ਨੂੰ ਲੋਕ-ਪ੍ਰਿਯ ਤੇ ਭਰੋਸੇਯੋਗ ਹੀ ਬਣਾਉੁਂਦੇ ਹਨ।

ਪ੍ਰਮਾਤਮਾ ਤੋਂ ਵੱਧ ਨਿਰੰਤਰਤਾ, ਪੁਰਾਤਨਤਾ ਤੇ ਭਰੋਸਾਯੋਗਤਾ ਹੋਰ ਕਿਸੇ ਚੀਜ਼ ਦੀ ਹੋ ਹੀ ਨਹੀਂ ਸਕਦੀ, ਇਸ ਲਈ ਪ੍ਰਮਾਤਮਾ ਨਾਲ ਪ੍ਰੇਮ ਪਾਉਣ ਵਿਚ ਫ਼ਾਇਦਾ ਹੀ ਫ਼ਾਇਦਾ ਹੈ। 19ਵੀਂ ਤੁਕ ਵਿਚ ਬਾਬਾ ਨਾਨਕ ਉਸ ਦੇ ਇਕ ਹੋਰ ਗੁਣ ਦਾ ਬਖਾਨ ਕਰ ਕੇ ਕਹਿੰਦੇ ਹਨ ਕਿ ਏਨੇ ਰੰਗਾਂ, ਕਿਸਮਾਂ ਦੀ ਦੁਨੀਆਂ ਰਚਣ ਵਾਲਾ ਵੀ ਤਾਂ ਉਹ ਇਕੋ ਹੀ ਹੈ। ਕੋਈ ਹੋਰ ਹੈ ਤਾਂ ਦੱਸੋ। ਮਨੁੱਖ ਇਕ ਛੋਟੀ ਜਹੀ ਰਚਨਾ ਕਰਦਾ ਹੈ ਤਾਂ ਛਾਤੀ ਫੁਲਾ ਕੇ ਕਹਿਣ ਲੱਗ ਜਾਂਦਾ ਹੈ ਕਿ 'ਵੇਖੋ ਮੈਂ ਕਿੰਨਾ ਮਹਾਨ ਹਾਂ, ਮੈਂ ਇਹ ਚੀਜ਼ ਰੱਚ ਦਿਤੀ ਹੈ।'' ਪ੍ਰਮਾਤਮਾ ਦੀ ਰਚਨਾ ਦੇ ਕਿਸੇ ਇਕ ਅੰਗ ਵਲ ਵੀ ਝਾਤ ਮਾਰ ਕੇ ਵੇਖ ਲਉ। ਕਿੰਨੀ ਕਾਰੀਗਰੀ, ਇੰਜੀਨੀਅਰੀ ਅਤੇ ਕੁਸ਼ਲਤਾ ਨਾਲ ਪ੍ਰਮਾਤਮਾ ਨੇ ਬੇਅੰਤ ਰਚਨਾ ਕੀਤੀ ਹੈ।

ਕਵੀ ਅਤੇ ਭਗਤ ਲੋਕ ਜਦ ਪ੍ਰਮਾਤਮਾ ਦੀ ਰਚਾਈ ਹੋਈ ਰਚਨਾ ਦਾ ਜ਼ਿਕਰ ਕਰਦੇ ਹਨ ਤਾਂ ਹੈਰਾਨ ਹੋ ਕੇ 'ਵਿਸਮਾਦ ਵਿਸਮਾਦ' (ਹੈਰਾਨ ਹਾਂ, ਹੈਰਾਨ ਹਾਂ) ਕਹਿਣ ਲੱਗ ਜਾਂਦੇ ਹਨ। ਮਨੁੱਖੀ ਸਰੀਰ ਦੀ ਬਣਤਰ ਹੀ ਵੇਖ ਲਉ ਤਾਂ ਏਨੀ ਕਾਰੀਗਰੀ ਨਾਲ ਬਣਾਈ ਗਈ ਹੈ ਕਿ ਖ਼ੂਨ ਦਾ ਦਬਾਅ ਵੱਧ ਘੱਟ ਜਾਏ ਤਾਂ ਬੰਦਾ ਬੀਮਾਰ, ਸਰੀਰ ਵਿਚ ਖ਼ੂਨ ਘੱਟ ਜਾਏ, ਵਜ਼ਨ ਘੱਟ ਜਾਏ ਤਾਂ ਬੰਦਾ ਬੀਮਾਰ। ਸਰੀਰ ਦਾ ਤਾਪਮਾਨ ਘੱਟ ਵੱਧ ਜਾਏ, ਖ਼ੂਨ ਦੀ ਚਾਲ ਘੱਟ ਵੱਧ ਜਾਏ ਜਾਂ ਸਰੀਰ ਵਿਚ ਪਾਣੀ ਘੱਟ ਵੱਧ ਜਾਏ- ਹਰ ਹਾਲ ਵਿਚ ਬੰਦਾ ਬੀਮਾਰ ਮੰਨ ਲਿਆ ਜਾਂਦਾ ਹੈ। ਸਰੀਰ ਵਿਚ ਕੋਈ ਖ਼ਰਾਬ ਚੀਜ਼ ਚਲੀ ਜਾਵੇ ਤਾਂ ਬੰਦਾ ਮਰ ਵੀ ਜਾਂਦਾ ਹੈ। ਸਰੀਰ ਦੀ ਹਰ ਕ੍ਰਿਆ ਬੱਧੇ ਰੁੱਧੇ ਨਿਯਮਾਂ ਅਨੁਸਾਰ ਚਲਦੀ ਹੈ।

ਇਹ ਨਿਯਮ ਕਿਸ ਨੇ ਬਣਾਏ ਹਨ? ਪ੍ਰਮਾਤਮਾ ਤੋਂ ਬਿਨਾ ਹੋਰ ਕਿਸੇ ਦਾ ਪਤਾ ਹੋਵੇ ਤਾਂ ਦੱਸੋ। ਹਰ ਚੀਜ਼ ਹੀ (ਕੁਦਰਤ, ਵਨਸਪਤੀ, ਜੀਵ-ਜੰਤੂ) ਕਮਾਲ ਦੀ ਕਾਰੀਗਰੀ ਦਾ ਨਮੂਨਾ ਹਨ। ਇਨ੍ਹਾਂ ਦੀ ਗਿਣਤੀ ਦਾ ਵੀ ਕੋਈ ਅੰਦਾਜ਼ਾ ਨਹੀਂ ਲਾ ਸਕਦਾ। 84 ਲੱਖ ਜੀਵਾਂ ਦੀ ਗੱਲ ਭਾਵੇਂ ਨਿਰੀ ਕਲਪਨਾ ਹੀ ਹੋਵੇ ਪਰ ਇਸ ਵਿਚ ਤਾਂ ਕੋਈ ਸ਼ੱਕ ਨਹੀਂ ਕਿ ਉਸ ਵੱਡੇ ਰਚਨਾਕਾਰ ਦੀ ਰਚਨਾ ਦੀ ਗਿਣਤੀ ਕੋਈ ਨਹੀਂ ਤੇ ਕੋਈ ਹੋਰ ਰਚਨਾਕਾਰ ਏਨਾ ਵੱਡਾ ਰਚਨਾਕਾਰ ਨਹੀਂ ਹੋ ਸਕਦਾ। ਅਸੀਂ ਇਕ ਛੋਟੀ ਜਹੀ ਰਚਨਾ ਕਰਨ ਵਾਲੇ ਵਲ ਬੜੇ ਸਤਿਕਾਰ ਭਰੀਆਂ ਅੱਖਾਂ ਨਾਲ ਵੇਖਦੇ ਹਾਂ। ਫਿਰ ਸੱਭ ਤੋਂ ਵੱਡੇ ਰਚਨਾਕਾਰ ਨੂੰ ਪਿਆਰ ਕਿਉੁਂ ਨਾ ਕਰੀਏ? ਏਨੀ ਰਚਨਾ ਕਰਨ ਦੇ ਨਾਲ ਨਾਲ (ਜਿਸ ਦੀ ਗਿਣਤੀ ਕਰਨੀ ਹੀ ਅਸੰਭਵ ਹੈ), ਉਸ ਨੇ ਮਾਇਆ ਅਰਥਾਤ ਇਹ ਦੁਨੀਆਂ ਵੀ ਸਾਜ ਦਿਤੀ ਹੈ ।

ਜਿਸ 'ਮਾਇਆ' ਦੀ ਖ਼ਾਸੀਅਤ ਇਹ ਹੈ ਕਿ ਇਸ ਨੂੰ ਤਾਂ ਸਰੀਰ ਦੀਆਂ ਅੱਖਾਂ ਨਾਲ ਵੇਖਿਆ ਜਾ ਸਕਦਾ ਹੈ ਪਰ ਮਾਇਆ ਤੋਂ ਵੱਡੇ ਸੱਚ ਨੂੰ ਕੇਵਲ ਅੰਦਰ ਦੀਆਂ ਅੱਖਾਂ ਨਾਲ ਹੀ ਵੇਖਿਆ ਜਾ ਸਕਦਾ ਹੈ। ਬਾਹਰਲੀਆਂ ਅੱਖਾਂ ਨਾਲ ਵੇਖਣ ਵਾਲੇ, ਅਕਸਰ ਇਸ ਭੁਲੇਖੇ ਦਾ ਸ਼ਿਕਾਰ ਹੋ ਜਾਂਦੇ ਹਨ ਕਿ ਜੋ ਦਿਸਦਾ ਹੈ, ਉਹੀ ਸੱਚ ਹੈ, ਹੋਰ ਕੁੱਝ ਨਹੀਂ। ਇਹੀ ਤਾਂ ਮਾਇਆ ਹੈ। 'ਭਗਤ ਰਸਾਲੇ' ਜਦ ਅੰਦਰ ਦੀਆਂ ਅੱਖਾਂ ਖੋਲ੍ਹ ਕੇ ਵੇਖਦੇ ਹਨ ਤਾਂ ਉਨ੍ਹਾਂ ਨੂੰ ਪਤਾ ਲਗਦਾ ਹੈ ਮਾਇਆ ਸੱਚ ਨਹੀਂ ਹੈ, ਪੂਰਨ ਸੱਚ ਤਾਂ ਮਾਇਆਤੋਂ ਆਜ਼ਾਦ ਹੋ ਕੇ ਹੀ ਵੇਖਿਆ ਜਾ ਸਕਦਾ ਹੈ।

ਚਲਦਾ...

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦਿਲਰੋਜ਼ ਦੀ ਕਾਤਲ ਨੂੰ ਫ਼ਾਂਸੀ ਦੀ ਸਜ਼ਾ, ਆਖ਼ਿਰਕਾਰ ਪਰਿਵਾਰ ਨੂੰ ਮਿਲਿਆ ਇਨਸਾਫ਼

18 Apr 2024 2:54 PM

ਦਿਲਰੋਜ਼ ਦੀ ਕਾਤਲ ਨੂੰ ਫਾਂ.ਸੀ ਦੀ ਸਜਾ, ਇਨਸਾਫ਼ ਮਗਰੋਂ ਕੋਰਟ ਬਾਹਰ ਫੁੱਟ ਫੁੱਟ ਰੋਏ ਮਾਪੇ,ਦੇਖੋ ਮੌਕੇ ਦੀਆਂ ਤਸਵੀਰਾਂ

18 Apr 2024 2:43 PM

Today Kharar News: ਪੱਕੀ ਕਣਕ ਨੂੰ ਲੱਗੀ ਭਿਆਨਕ ਅੱਗ, ਕਿਸਾਨ ਨੇ 50 ਹਜ਼ਾਰ ਰੁਪਏ ਠੇਕੇ ‘ਤੇ ਲਈ ਸੀ ਜ਼ਮੀਨ

18 Apr 2024 12:13 PM

ULO Immigration ਵਾਲੇ ਤਾਂ ਲੋਕਾਂ ਨੂੰ ਘਰ ਬੁਲਾ ਕੇ ਵਿਦੇਸ਼ ਜਾਣ ਲਈ ਕਰ ਰਹੇ ਗਾਈਡ

18 Apr 2024 12:00 PM

Big Breaking : ਰਮਿੰਦਰ ਆਵਲਾ ਛੱਡਣਗੇ ਕਾਂਗਰਸ! ਵਿਜੇ ਸਾਂਪਲਾ ਵੀ ਛੱਡ ਸਕਦੇ ਨੇ ਭਾਜਪਾ?

18 Apr 2024 11:23 AM
Advertisement