
'ਰੋਜ਼ਾਨਾ ਸਪੋਕਸਮੈਨ' ਵਿਚ ਹੀ, ਕੁੱਝ ਸਮਾਂ ਪਹਿਲਾਂ ਇਕ ਖ਼ਬਰ ਛਪੀ ਸੀ ਕਿ ਭਰੇ ਦੀਵਾਨ ਵਿਚ, ਜਦ ਇਕ ਪੂਰਨ ਗੁਰਮੁਖ ਸੱਜਣ ਨੇ ਗੁਰੂ ਗ੍ਰੰਥ ਸਾਹਿਬ ਦੀ...
ਅੱਗੇ...
'ਰੋਜ਼ਾਨਾ ਸਪੋਕਸਮੈਨ' ਵਿਚ ਹੀ, ਕੁੱਝ ਸਮਾਂ ਪਹਿਲਾਂ ਇਕ ਖ਼ਬਰ ਛਪੀ ਸੀ ਕਿ ਭਰੇ ਦੀਵਾਨ ਵਿਚ, ਜਦ ਇਕ ਪੂਰਨ ਗੁਰਮੁਖ ਸੱਜਣ ਨੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਕੇ, ਚੌਰ ਕਰਨ ਲਈ ਹੱਥ ਅੱਗੇ ਵਧਾਏ ਹੀ ਸਨ ਤਾਂ ਸੰਪਰਦਾਈ ਸੱਜਣ ਨੇ ਉਸ ਦਾ ਹੱਥ ਰੋਕ ਕੇ ਕਿਹਾ, ''ਨਹੀਂ ਤੁਸੀ ਤਾਬਿਆ ਨਹੀਂ ਬੈਠ ਸਕਦੇ, ਨਾ ਹੀ ਚੌਰ ਕਰ ਸਕਦੇ ਹੋ।'
''ਕਿਉਂ?'' ਉਸ ਗੁਰਮੁਖ ਤੇ ਭਲੇ ਸਿੱਖ ਨੇ ਹੈਰਾਨ ਹੋ ਕੇ ਪੁਛਿਆ। ਸੰਪਰਦਾਈ ਸੱਜਣ ਬੋਲੇ, ''ਕਿਉਂਕਿ ਮਰਿਆਦਾ ਇਹੀ ਹੈ ਕਿ ਤੇੜ ਗੋਡਿਆਂ ਤਕ ਲੰਮਾ ਕਛਹਿਰਾ ਪਾ ਕੇ ਹੀ ਤਾਬਿਆ ਬੈਠਿਆ ਜਾ ਸਕਦਾ ਹੈ ਤੇ ਤੁਸੀ ਪਜਾਮਾ ਪਾਇਆ ਹੋਇਐ। ਪਹਿਲਾਂ ਪਜਾਮਾ ਲਾਹ ਕੇ ਤੇ ਖ਼ਾਲਸਾਈ ਕਛਹਿਰਾ ਪਾ ਕੇ ਆਉ, ਫਿਰ ਤਾਬਿਆ ਬੈਠ ਸਕਦੇ ਹੋ।'' ਹੁਣ ਕਿੰਨੇ ਤੇ ਕਿਹੜੇ ਸਿੱਖ ਹਨ ਜੋ ਖ਼ਾਲਸਾਈ 'ਕਛਹਿਰਾ' ਪਾ ਕੇ ਗ੍ਰਹਿਸਤੀ ਜੀਵਨ ਬਤੀਤ ਕਰਦੇ ਹੋਣਗੇ? ਅਜਿਹੇ ਲੋਕ ਤਾਂ ਗੁਰਦਵਾਰਿਆਂ ਅਤੇ ਡੇਰਿਆਂ ਵਿਚ ਹੀ ਮਿਲ ਸਕਦੇ ਹਨ। ਅਜਿਹੇ ਲੋਕ ਤਾਂ ਗੋਲਕ ਦੇ ਆਸਰੇ ਅਪਣਾ ਜੀਵਨ ਬਤੀਤ ਕਰਨ ਵਾਲੇ ਹੀ ਹੋਣਗੇ।
ਦੂਜੇ ਸ਼ਬਦਾਂ ਵਿਚ, ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠਣ ਦਾ ਅਧਿਕਾਰ, ਕੇਵਲ ਪੁਜਾਰੀ ਤੇ ਗੋਲਕਧਾਰੀ ਸ਼੍ਰੇਣੀ ਲਈ ਰਾਖਵਾਂ ਕਰ ਲਿਆ ਗਿਆ ਹੈ ਤੇ ਬਾਬੇ ਨਾਨਕ ਦਾ ਅਤਿ ਆਧੁਨਿਕ ਧਰਮ ਵੀ ਗ੍ਰਹਿਸਤੀਆਂ ਦਾ ਧਰਮ ਨਾ ਰਹਿ ਕੇ, ਸਗੋਂ ਪੁਜਾਰੀਆਂ ਦੇ ਇਸ਼ਾਰੇ ਤੇ ਚਲਣ ਵਾਲਾ ਧਰਮ ਬਣ ਕੇ ਰਹਿ ਗਿਆ ਹੈ। ਸੰਪਰਦਾਈਆਂ ਦੀ ਗੱਲ ਤਾਂ ਅਸੀ ਸੁਣ ਲਈ, ਹੁਣ ਜ਼ਰਾ ਬਾਬਾ ਨਾਨਕ ਤੋਂ ਵੀ ਪੁੱਛ ਲੈਂਦੇ ਹਾਂ ਕਿ ਉਨ੍ਹਾਂ ਦਾ ਹੁਕਮ ਕੀ ਹੈ?
ਬਾਬਾ ਜੀ ਇਸ ਸ਼ਬਦ ਵਿਚ ਬੜਾ ਸਪੱਸ਼ਟ ਹੁਕਮ ਦੇਂਦੇ ਹਨ ਕਿ ਕੀ ਪਹਿਨਿਆ ਜਾਏ ਤੇ ਕੀ ਨਾ ਪਹਿਨਿਆ ਜਾਏ, ਇਹ ਤਾਂ ਬਹਿਸ ਹੀ ਫ਼ਜ਼ੂਲ ਹੈ ਕਿਉਂਕਿ ਹਰ ਉਹ ਪਹਿਰਨ (ਪਹਿਰਾਵਾ) ਠੀਕ ਹੈ ਜਿਸ ਦੇ ਪਹਿਨਣ ਨਾਲ ਤਨ ਵਿਚ ਤਕਲੀਫ਼ ਨਾ ਹੋਵੇ ਤੇ ਮਨ ਵਿਚ ਬੁਰੇ ਖ਼ਿਆਲ ਨਾ ਪੈਦਾ ਹੋਣ। ਸੋ ਪਹਿਰਨ (ਪਹਿਰਾਵੇ) ਬਾਰੇ ਤਾਂ ਤਰਕ-ਪੂਰਨ ਅਤੇ ਵਿਗਿਆਨਕ 'ਮਰਿਆਦਾ' ਬਾਬੇ ਨਾਨਕ ਨੇ ਆਪ ਮਿਥ ਦਿਤੀ ਹੈ। ਇਹ ਤਾਂ ਬ੍ਰਾਹਮਣ ਹੀ ਸਨ ਜਿਨ੍ਹਾਂ ਨੇ ਇਸ 'ਨਾਨਕ ਮਰਿਆਦਾ' ਦੇ ਉਲਟ, ਵਿਸ਼ੇ²ਸ਼ ਕਿਸਮ ਦੇ ਪਹਿਰਨ, ਅਪਣੇ ਲਈ ਵੀ ਤੇ ਹੋਰਨਾਂ ਲਈ ਵੀ, ਨਿਸ਼ਚਿਤ ਕੀਤੇ ਸਨ ਤਾਕਿ ਦੂਜਿਆਂ ਕੋਲੋਂ ਅਪਣੀ ਸਰਬ-ਉਚਤਾ ਮਨਵਾਈ ਜਾ ਸਕੇ।
ਬਾਬਾ ਨਾਨਕ ਦੀ ਕਸੌਟੀ ਉਤੇ ਖਰੀ ਉਤਰਨ ਵਾਲੀ ਮਰਿਆਦਾ ਹੀ ਕਿਸੇ ਸਿੱਖ ਦੀ ਮਰਿਆਦਾ ਹੋ ਸਕਦੀ ਹੈ, ਹੋਰ ਕੋਈ ਨਹੀਂ। ਇਸ ਕਸੌਟੀ ਤੇ ਪਰਖੀਏ ਤਾਂ ਬਹੁਤੀਆਂ 'ਮਰਿਅਦਾਵਾਂ' ਬਾਬੇ ਨਾਨਕ ਦੀ ਨਿਰਧਾਰਤ ਮਰਿਆਦਾ ਨੂੰ ਕੱਟਣ ਵਾਲੀਆਂ ਹਨ। ਜਿਉਂ ਜਿਉਂ ਪੁਜਾਰੀ ਸ਼੍ਰੇਣੀ ਕਿਸੇ ਧਰਮ ਵਿਚ ਤਾਕਤਵਰ ਹੁੰਦੀ ਜਾਂਦੀ ਹੈ,ਉਹ ਅਪਣੇ ਧਰਮ ਦੇ ਬਾਨੀ ਦੇ ਹੁਕਮਾਂ ਨੂੰ ਪਿੱਛੇ ਸੁਟਦੀ ਜਾਂਦੀ ਹੈ ਤੇ ਅਪਣੀਆਂ ਕੱਚੀਆਂ ਮਰਿਆਦਾਵਾਂ ਨੂੰ 'ਸਰਬ-ਉਚ' ਬਣਾਈ ਜਾਂਦੀ ਹੈ।
ਕੋਈ ਅਪਣੇ ਮੁਰਸ਼ਦ, ਬਾਨੀ, ਅਵਤਾਰ ਜਾਂ ਬਾਣੀ ਦਾ ਹੁਕਮ ਮੰਨੇ ਨਾ ਮੰਨੇ, ਕੋਈ ਗੱਲ ਨਹੀਂ ਪਰ ਜੇ ਵਕਤ ਦੇ ਪੁਜਾਰੀਆਂ ਦੀ 'ਮਰਿਆਦਾ' ਨਾ ਮੰਨੇ ਤਾਂ ਉਸ ਵਿਰੁਧ ਫ਼ਤਵੇ ਜਾਰੀ ਹੋ ਜਾਂਦੇ ਹਨ। ਪਰ ਧਰਮ ਨੂੰ ਉਜਾਗਰ ਕਰਨ ਲਈ, ਬਾਬੇ ਨਾਨਕ ਦੀ ਮਰਿਆਦਾ ਨੂੰ ਹੀ ਉਪਰ ਲਿਆਣਾ ਹੋਵੇਗਾ ਤੇ ਉਹ ਸਾਰੀਆਂ ਮਰਿਆਦਾਵਾਂ ਰੱਦ ਕਰਨੀਆਂ ਹੋਣਗੀਆਂ ਜੋ ਬਾਬੇ ਨਾਨਕ ਵਲੋਂ ਦਿਤੀ 'ਮਰਿਆਦਾ' ਦੀ ਕਸੌਟੀ ਉਤੇ ਖਰੀਆਂ ਨਹੀਂ ਉਤਰਦੀਆਂ।
ਸਿੱਖੀ ਦਾ ਵਿਕਾਸ ਵੀ ਇਸੇ ਲਈ ਰੁਕਿਆ ਹੋਇਆ ਹੈ ਕਿ ਇਸ ਦੀ ਅਸਲ 'ਨਾਨਕ-ਮਰਿਆਦਾ' ਰੁਮਾਲਿਆਂ ਦੇ ਢੇਰ ਥੱਲੇ ਦੱਬ ਕੇ, ਪੁਜਾਰੀਆਂ, ਗੋਲਕਧਾਰੀਆਂ ਤੇ ਸੰਪਰਦਾਈਆਂ ਦੀ ਮਰਿਆਦਾ ਮੰਨਣੀ ਲਾਜ਼ਮੀ ਬਣਾ ਦਿਤੀ ਗਈ ਹੈ। ਬਾਣੀ ਵਿਚ ਭਾਵੇਂ ਸੱਭ ਕੁੱਝ ਲਿਖਤੀ ਤੌਰ 'ਤੇ ਦਰਜ ਹੈ ਪਰ ਅਮਲ ਵਿਚ, ਨਾਨਕ ਦੀ ਮਰਿਆਦਾ ਕਿਸੇ ਗੁਰਦਵਾਰੇ, ਡੇਰੇ ਜਾਂ ਸਿੱਖ ਅਖਵਾਉਂਦੇ ਕਿਸੇ ਵਿਅਕਤੀ ਦੇ ਜੀਵਨ ਵਿਚ ਵੀ ਲਾਗੂ ਨਹੀਂ ਹੈ। ਫਿਰ ਕੀਤਾ ਕੀ ਜਾਣਾ ਚਾਹੀਦਾ ਹੈ? ਸਿਰਫ਼ ਤੇ ਸਿਰਫ਼ ਇਹ ਕੀਤਾ ਜਾਣਾ ਚਾਹੀਦਾ ਹੈ।
ਕਿ ਬਾਬੇ ਨਾਨਕ ਦੀ ਮਰਿਆਦਾ ਨੂੰ ਕਸੌਟੀ ਬਣਾ ਕੇ, ਉਸੇ ਮਰਿਆਦਾ ਨੂੰ ਪ੍ਰਵਾਨ ਕੀਤਾ ਜਾਏ ਜਿਹੜੀ ਬਾਬੇ ਨਾਨਕ ਨੂੰ ਪ੍ਰਵਾਨ ਹੋਵੇ। ਬਾਬੇ ਨਾਨਕ ਨੇ ਖਾਣ ਪੀਣ, ਪਹਿਨਣ, ਸੌਣ, ਸਵਾਰੀ ਕਰਨ, ਰਾਜ ਸੱਤਾ ਵਿਚ ਰਹਿ ਕੇ ਖ਼ੁਸ਼ੀਆਂ ਮਾਣਨ ਆਦਿ ਲਈ ਇਕ ਮਰਿਆਦਾ ਬਣਾ ਦਿਤੀ ਹੈ। ਉਸ ਮਰਿਆਦਾ ਉਤੇ ਚਲੀਏ ਤਾਂ ਸੰਸਾਰ ਦੀ ਕੋਈ ਵੀ ਵਸਤ ਸਾਡੇ ਲਈ ਕਸ਼ਟਦਾਈ ਤੇ 'ਮਾੜੀ' ਨਹੀਂ ਸਾਬਤ ਹੋ ਸਕੇਗੀ।
ਹਰ ਚੀਜ਼ ਵਿਚ ਚੰਗਿਆਈ ਤੇ ਬੁਰਾਈ ਦੇ ਦੋਵੇਂ ਤੱਤ ਮੌਜੂਦ ਹੁੰਦੇ ਹਨ। ਜੇ ਬਾਬਾ ਨਾਨਕ ਦੀ ਮਰਿਆਦਾ ਅਨੁਸਾਰ ਚਲੀਏ ਤਾਂ ਹਰ ਚੀਜ਼ ਦੇ ਚੰਗੇ ਪੱਖ ਹੀ ਸਾਹਮਣੇ ਆਉਣਗੇ ਤੇ ਸਾਡਾ ਭਲਾ ਹੀ ਕਰਨਗੇ ਪਰ ਜੇ ਇਸ ਮਰਿਆਦਾ ਤੋਂ ਬਾਹਰ ਜਾਵਾਂਗੇ ਤਾਂ ਉਨ੍ਹਾਂ ਚੀਜ਼ਾਂ ਦੇ ਮਾੜੇ ਪੱਖ ਹੀ ਪ੍ਰਗਟ ਹੋਣਗੇ ਤੇ ਉਹੀ ਚੀਜ਼ਾਂ ਸਾਡੇ ਲਈ ਸਗੋਂ ਬੁਰੀਆਂ ਬਣ ਜਾਣਗੀਆਂ।
ਚਲਦਾ ...