ਸੋ ਦਰ ਤੇਰਾ ਕਿਹਾ- ਕਿਸਤ 72
Published : Jul 23, 2018, 5:00 am IST
Updated : Nov 22, 2018, 1:16 pm IST
SHARE ARTICLE
So Dar Tera keha-72
So Dar Tera keha-72

ਬਾਬਾ ਨਾਨਕ ਫ਼ਰਮਾਉੁਂਦੇ ਹਨ ਕਿ ਉਸ ਪ੍ਰੀਤਮ ਪਿਆਰੇ ਦੀ ਮਿਹਰ ਦੀ ਨਜ਼ਰ ਪ੍ਰਾਪਤ ਹੋ ਜਾਵੇ ਤਾਂ ਇਸ ਦੁਨੀਆਂ ਦੇ ਛੱਤੀ ਪਦਾਰਥ ਖਾਣ ਦੀ ਲੋੜ ਬਾਕੀ ਨਹੀਂ...

ਅੱਗੇ...

ਬਾਬਾ ਨਾਨਕ ਫ਼ਰਮਾਉੁਂਦੇ ਹਨ ਕਿ ਉਸ ਪ੍ਰੀਤਮ ਪਿਆਰੇ ਦੀ ਮਿਹਰ ਦੀ ਨਜ਼ਰ ਪ੍ਰਾਪਤ ਹੋ ਜਾਵੇ ਤਾਂ ਇਸ ਦੁਨੀਆਂ ਦੇ ਛੱਤੀ ਪਦਾਰਥ ਖਾਣ ਦੀ ਲੋੜ ਬਾਕੀ ਨਹੀਂ ਰਹਿ ਜਾਂਦੀ ਤੇ ਉਨ੍ਹਾਂ ਵਿਚਲੇ ਸਾਰੇ ਮਿੱਠੇ ਨਮਕੀਨ ਤੇ ਖੱਟੇ ਮਿੱਠੇ ਸਵਾਦ ਅਪਣੇ ਆਪ ਹੀ ਤਨ ਮਨ ਵਿਚ ਘੁਲ ਜਾਂਦੇ ਹਨ। ਜਦੋਂ ਇਹ ਅਵੱਸਥਾ ਪ੍ਰਾਪਤ ਹੋ ਜਾਏ ਤਾਂ ਕੀ ਹੋ ਜਾਂਦਾ ਹੈ? ਬਾਬਾ ਨਾਨਕ ਦਸਦੇ ਹਨ, ਉਸ ਮਗਰੋਂ ਫਿਰ, ਦੁਨੀਆਂ ਦੀ ਚੰਗੀ ਤੋਂ ਚੰਗੀ ਤੇ ਸਵਾਦਿਸ਼ਟ ਤੋਂ ਸਵਾਦਿਸ਼ਟ ਚੀਜ਼ ਖਾਣੀ ਵੀ ਅਪਣੇ ਮਨ ਦੀ ਖ਼ੁਸ਼ੀ ਨੂੰ ਖ਼ਰਾਬ ਕਰਨ ਵਾਲੀ ਹੀ ਗੱਲ ਹੋ ਜਾਂਦੀ ਹੈ ਕਿਉੁਂਕਿ ਜਿਹੜੇ ਸਵਾਦ ਉਸ ਦੀ ਨਦਰ ਨਾਲ ਪ੍ਰਾਪਤ ਹੋ ਜਾਂਦੇ ਹਨ।

ਉਨ੍ਹਾਂ ਦਾ ਮੁਕਾਬਲਾ ਤਾਂ ਕੋਈ ਦੁਨਿਆਵੀ ਸਵਾਦ ਕਰ ਹੀ ਨਹੀਂ ਸਕਦਾ। ਅਤੇ ਖਾਣੀ ਤਾਂ ਉਹੀ ਚੀਜ਼ ਚਾਹੀਦੀ ਹੈ ਨਾ ਜਿਸ ਦੇ ਖਾਣ ਨਾਲ ਮਨ ਵਿਚ ਬੁਰੇ ਵਿਚਾਰ ਨਾ ਪੈਦਾ ਹੋਣ ਤੇ ਸ੍ਰੀਰ ਵਿਚ ਕੋਈ ਪੀੜ ਜਾਂ ਤਕਲੀਫ਼ ਮਹਿਸੂਸ ਨਾ ਹੋਵੇ। ਇਹ ਰੂਹਾਨੀ ਤੇ ਵਿਗਿਆਨਕ ਨਿਯਮ ਨਿਸ਼ਚਿਤ ਕਰਨ ਮਗਰੋਂ ਬਾਬਾ ਨਾਨਕ ਫ਼ਰਮਾਉਂਦੇ ਹਨ ਕਿ ਇਸ ਨਿਯਮ ਨੂੰ ਅਪਣੇ ਜੀਵਨ ਦੇ ਬਾਕੀ ਕਾਰ-ਵਿਹਾਰ 'ਤੇ ਵੀ ਲਾਗੂ ਕਰੋ। ਇਹ ਸੁਨਹਿਰੀ ਨਿਯਮ ਹਰ ਥਾਂ ਹੀ ਕੰਮ ਆਵੇਗਾ।

ਬਾਬੇ ਨਾਨਕ ਨੇ, ਧਰਮ ਦੇ ਖੇਤਰ ਵਿਚ ਅਕਸਰ ਪੁੱਛੇ ਜਾਂਦੇ ਉਨ੍ਹਾਂ ਪ੍ਰਸ਼ਨਾਂ ਦਾ ਬੜਾ ਤਰਕ ਪੂਰਨ ਤੇ ਵਿਗਿਆਨਕ ਢੰਗ ਨਾਲ ਉੱਤਰ ਦਿਤਾ ਹੈ ਜਿਨ੍ਹਾਂ ਰਾਹੀਂ ਜਗਿਆਸੂ ਇਹ ਜਾਣਨ ਦੀ ਕੋਸ਼ਿਸ਼ ਕਰਦਾ ਹੈ ਕਿ ਕੀ ਖਾਧਾ ਜਾਏ, ਕੀ ਪਹਿਨਿਆ ਜਾਏ ਤੇ ਕੀ ਕੀਤਾ ਜਾਏ ਜਿਸ ਨਾਲ ਧਰਮ ਦੀ ਅਵੱਗਿਆ ਨਾ ਹੋਵੇ ਤੇ ਪ੍ਰਭੂ ਨਾਰਾਜ਼ ਨਾ ਹੋ ਜਾਏ। ਪੁਜਾਰੀ ਸ਼੍ਰੇਣੀ ਇਨ੍ਹਾਂ ਸਵਾਲਾਂ ਦਾ ਹੀ ਇੰਤਜ਼ਾਰ ਕਰ ਰਹੀ ਹੁੰਦੀ ਹੈ ਤੇ ਜਗਿਆਸੂਆਂ ਦੇ ਭੋਲੇਪਨ ਦਾ ਲਾਭ ਉਠਾਉਂਦੀ ਹੋਈ ਫ਼ਤਵੇ ਦੇਣ ਲੱਗ ਜਾਂਦੀ ਹੈ ਕਿ ਫ਼ਲਾਣੀ ਚੀਜ਼ ਖਾਣ ਨਾਲ, ਫ਼ਲਾਣਾ ਕੰਮ ਕਰਨ ਨਾਲ ਤੇ ਫ਼ਲਾਣਾ ਕਪੜਾ ਪਹਿਨਣ ਨਾਲ ਫ਼ਲਾਣਾ ਦੋਸ਼ ਪੈਦਾ ਹੋ ਜਾਂਦਾ ਹੈ, ਫ਼ਲਾਣਾ ਪਾਪ ਲੱਗ ਜਾਂਦਾ ਹੈ।

ਤੇ ਸਿਤਾਰੇ ਪੁੱਠੇ ਚਲਣ ਲੱਗ ਪੈਂਦੇ ਹਨ, ਇਸ ਲਈ ਪਸ਼ਚਾਤਾਪ ਵਜੋਂ ਫ਼ਲਾਣੇ ਕਰਮ-ਕਾਂਡ ਕਰਵਾਉਣੇ ਚਾਹੀਦੇ ਹਨ (ਅਰਥਾਤ ਪੁਜਾਰੀਆਂ ਦੀ ਰੋਟੀ ਰੋਜ਼ੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ)। ਇਸੇ ਤਰ੍ਹਾਂ ਪੁਜਾਰੀ ²ਸ਼੍ਰੇਣੀ ਇਹ ਝੂਠ ਵੀ ਅਪਣੇ ਕੋਲੋਂ ਹੀ ਘੜ ਲੈਂਦੀ ਹੈ ਕਿ ਫ਼ਲਾਣਾ ਖਾਣਾ ਖਾਣ ਨਾਲ, ਫ਼ਲਾਣਾ ਕਪੜਾ ਪਹਿਨਣ ਨਾਲ ਤੇ ਫ਼ਲਾਣਾ ਕੰਮ ਕਰਨ ਨਾਲ ਫ਼ਲਾਣਾ 'ਲਾਭ' ਮਿਲਦਾ ਹੈ, ਇਸ ਲਈ.... । ਪਰ ਬਾਬਾ ਨਾਨਕ ਸਪੱਸ਼ਟ ਕਰਦੇ ਹਨ ਕਿ ਕੋਈ ਚੀਜ਼ ਨਾ ਹੀ ਅਪਣੇ ਆਪ ਵਿਚ ਚੰਗੀ ਹੁੰਦੀ ਹੈ,ਨਾ ਮਾੜੀ।

ਚੰਗੇ ਤੇ ਮਾੜੇ, ਅਸੂਲ ਜਾਂ ਨਿਯਮ ਹੁੰਦੇ ਹਨ। ਇਨ੍ਹਾਂ ਨਿਯਮਾਂ ਅਨੁਸਾਰ ਹੀ, ਪ੍ਰਭੁ ਦਾ ਸਾਰਾ ਜਗਤ ਚਲ ਰਿਹਾ ਹੈ ਤੇ ਇਨ੍ਹਾਂ ਨਿਯਮਾਂ ਅਨੁਸਾਰ ਹੀ, ਮਨੁੱਖ ਨੂੰ ਅਪਣੇ ਜੀਵਨ ਵਿਚ ਉਤਪਨ ਹੋਏ ਪ੍ਰਸ਼ਨਾਂ ਦੇ ਉੱਤਰ ਆਪ ਲਭਣੇ ਚਾਹੀਦੇ ਹਨ। ਹੁਣ ਅਸੀਂ ਤੁਕ-ਵਾਰ ਸਰਲ ਵਿਆਖਿਆ ਕਰਦੇ ਹਾਂ। ਜਿਸ ਗੁਰਮੁਖ ਦੇ ਮਨ ਵਿਚ ਉਸ ਪ੍ਰਭੂ ਦਾ ਵਾਸਾ ਹੋ ਜਾਂਦਾ ਹੈ (ਉਸ ਨੂੰ ਮੰਨ ਲੈਂਦਾ ਹੈ), ਉਸ ਦਾ ਹੁਕਮ ਸੁਣਦਾ ਹੈ ਤੇ ਮੁੱਖ ਤੋਂ ਉਸ ਦਾ ਬਖਾਨ ਕਰਦਾ ਹੈ, ਉਸ ਨੂੰ ਉਹ ਸਾਰੇ ਮਿੱਠੇ, ਨਮਕੀਨ (ਸਲੂਣੇ) ਤੇ ਖੱਟੇ ਅਰਥਾਤ ਹਰ ਪ੍ਰਕਾਰ ਦੇ ਸਵਾਦ ਆਪੇ ਹੀ ਪ੍ਰਾਪਤ ਹੋ ਜਾਂਦੇ ਹਨ ਜੋ ਉਸ ਨੂੰ ਕਈ ਪ੍ਰਕਾਰ ਦੇ ਖ਼ੁਸ਼ਬੂਦਾਰ ਮਸਾਲੇ ਵਰਤ ਕੇ ਤੇ ਤਰੱਦਦ ਕਰ ਕੇ ਹਾਸਲ ਕਰਨੇ ਪੈਂਦੇ ਹਨ।

ਪ੍ਰਭੂ ਨਾਲ ਪਿਆਰ ਪਾ ਕੇ ਛੱਤੀ ਪਦਾਰਥਾਂ ਦੇ ਸੁਆਦ ਅਪਣੇ ਆਪ ਹੀ ਪ੍ਰਾਪਤ ਹੋ ਜਾਂਦੇ ਹਨ ਪਰ ਮਿਲਦੇ ਉਸ ਨੂੰ ਹੀ ਹਨ ਜਿਸ ਉਤੇ ਪ੍ਰਭੂ ਦੀ ਮਿਹਰ ਹੋ ਜਾਂਦੀ ਹੈ। ਪ੍ਰਭੂ ਪ੍ਰੋਮ ਨਾਲ ਛੱਤੀ ਪਦਾਰਥਾਂ ਵਾਲੇ ਇਹ ਸਵਾਦ ਤਨ ਮਨ ਲਈ ਅੰਮ੍ਰਿਤ ਦਾ ਕੰਮ ਕਰਦੇ ਹਨ। ਜਿਸ ਨੂੰ ਉਪਰੋਕਤ ਢੰਗ ਨਾਲ ਦੁਨੀਆਂ ਦੇ ਸਾਰੇ ਸਵਾਦ ਪ੍ਰਾਪਤ ਹੋ ਜਾਣ, ਉਹ ਜੇ ਹੋਰ ਹੋਰ ਖਾਣਿਆਂ ਵਲ ਮੂੰਹ ਮਾਰੇਗਾ ਤਾਂ ਅਪਣੀ ਖ਼ੁਸ਼ੀ 'ਤੇ ਅਨੰਦਮਈ ਅਵੱਸਥਾ ਦੀ ਖਵਾਰੀ ਹੀ ਕਰੇਗਾ। ਉਹ ਖਾਣਾ ਤਾਂ ਖਵਾਰ (ਤੰਗ) ਕਰਨ ਵਾਲਾ ਹੀ ਹੋਵੇਗਾ ਜੋ ਤਨ ਵਿਚ ਪੀੜ (ਦੁੱਖ, ਬੀਮਾਰੀ, ਬੇਆਰਾਮੀ) ਪੈਦਾ ਕਰੇ ਤੇ ਮਨ ਵਿਚ ਬੁਰੇ ਵਿਚਾਰ ਪੈਦਾ ਕਰੇ।

(ਮਨ ਤੇ ਤਨ, ਦੋਵੇਂ ਸਵੱਸਥ ਰਖਣੇ ਜ਼ਰੂਰੀ ਹਨ ਤੇ ਖਾਣਾ ਪੀਣਾ ਇਸੇ ਨਿਯਮ ਅਨੁਸਾਰ ਹੀ ਹੋਣਾ ਚਾਹੀਦਾ ਹੈ) (ਕਿਹੜੇ ਰੰਗ ਦਾ ਕਪੜਾ ਪਹਿਨਣਾ ਚਾਹੀਦਾ ਹੈ? ਪੁਜਾਰੀ ਸ਼੍ਰੇਣੀਆਂ ਅਪਣੇ ਵਖਰੇ ਵਖਰੇ ਰੰਗਾਂ ਦੇ ਹੱਕ ਵਿਚ ਬਹੁਤ ਕੁੱਝ ਕਹਿੰਦੀਆਂ ਹਨ। ਬਾਬਾ ਨਾਨਕ ਕਹਿੰਦੇ ਹਨ, ਵੱਖ ਵੱਖ ਤਰ੍ਹਾਂ ਦੇ ਤੇ ਵੱਖ ਵੱਖ ਰੰਗਾਂ ਦੇ ਕਪੜੇ ਪਹਿਨਣ ਨਾਲ ਕਿਸੇ ਮਨੋਰਥ ਦੀ ਪ੍ਰਾਪਤੀ ਨਹੀਂ ਹੁੰਦੀ)। ਨਾਮ ਵਿਚ ਅਪਣੇ ਮਨ ਨੂੰ ਰੰਗ ਲੈ, ਲਾਲ ਕਪੜੇ ਦੇ (ਪ੍ਰਚਾਰੇ ਜਾਂਦੇ) ਸੁੱਖ ਆਪੇ ਮਿਲ ਜਾਣਗੇ, ਪੁੰਨ ਦਾਨ ਕਰ ਭਾਵ ਗ਼ਰੀਬ ਦਾ ਧਿਆਨ ਰੱਖ ਤਾਂ ਚਿੱਟੇ ਕਪੜੇ ਦੇ (ਪ੍ਰਚਾਰੇ ਜਾਂਦੇ) ਸੁੱਖ ਆਪੇ ਮਿਲ ਜਾਣਗੇ।

ਇਸੇ ਤਰ੍ਹਾਂ ਮਨ ਦੀ ਸਿਆਹੀ (ਕਾਲਖ਼) ਖ਼ਤਮ ਕਰ ਲੈ ਤਾਂ ਨੀਲੀਆਂ ਕਾਲੀਆਂ ਪੁਸ਼ਾਕਾਂ ਦੇ (ਪ੍ਰਚਾਰੇ ਜਾਂਦੇ) ਸੁੱਖ ਆਪੇ ਤੈਨੂੰ ਮਿਲ ਜਾਣਗੇ। ਲੰਮੇ ਚੋਗੇ ਕਾਹਨੂੰ ਪਾ ਪਾ ਕੇ ਧਰਮੀ ਤੇ ਸੰਤ ਹੋਣ ਦਾ ਭੁਲੇਖਾ ਪਾਉਂਦਾ ਹੈਂ? ਹਰੀ ਦੇ ਚਰਨਾਂ ਵਿਚ ਤੇਰਾ ਧਿਆਨ ਲੱਗ ਜਾਏ ਤਾਂ ਸਮਝ ਲਈਂ, ਇਹ ਚੋਗਾ ਤੇਰੇ ਤਨ ਉਤੇ ਆਪੇ ਪੈ ਗਿਆ। ਤੇ ਇਹ ਕਮਰਬੰਦ ਬੰਨ੍ਹ ਕੇ ਅਪਣੀ ਕਿਹੜੀ ਅਮੀਰੀ ਤੇ ਸਰਦਾਰੀ ਦਾ ਵਿਖਾਵਾ ਕਰਨਾ ਚਾਹੁੰਦਾ ਹੈਂ? ਸੰਤੋਖ ਹੀ ਸੱਭ ਤੋਂ ਵੱਡਾ ਕਮਰਬੰਦ ਹੈ ਤੇ ਜਿਸ ਨੂੰ ਸੰਤੋਖ ਆ ਜਾਵੇ, ਉਸ ਲਈ ਪ੍ਰਭੂ ਦਾ ਪਿਆਰ (ਨਾਮ) ਹੀ ਧਨ ਅਤੇ ਜੋਬਨ ਹੈ (ਜਿਸ ਦਾ ਚੋਗਿਆਂ ਤੇ ਕਮਰਬੰਦਾਂ ਰਾਹੀਂ ਵਿਖਾਵਾ ਕੀਤਾ ਜਾਂਦਾ ਹੈ)।

ਫਿਰ ਜੇ ਨਾਮ ਵਿਚ ਰੰਗਿਆ ਹੋਣਾ, ਗ਼ਰੀਬ ਗ਼ੁਰਬੇ ਦੀ ਲੋੜ ਦਾ ਧਿਆਨ ਰਖਣਾ (ਪੁੰਨ ਦਾਨ), ਮਨ ਦੀ ਸਿਆਹੀ ਦੂਰ ਕਰਨਾ, ਹਰੀ ਦੇ ਚਰਨਾਂ ਵਿਚ ਧਿਆਨ ਲਗਾਉਣਾ, ਸੰਤੋਖ ਦੀ ਅਵੱਸਥਾ ਵਿਚ ਆਉਣਾ ਤੇ ਉਸ ਪ੍ਰਭੂ ਦਾ ਪਿਆਰ ਹੀ ਸਾਰੇ ਰੰਗਾਂ ਤੇ ਪਹਿਰਾਵਿਆਂ ਦੇ (ਪ੍ਰਚਾਰੇ ਜਾਂਦੇ) ਸਾਰੇ ਲਾਭ ਮੈਨੂੰ ਅਪਣੇ ਆਪ ਦਿਵਾ ਦੇਂਦਾ ਹੈ ਤਾਂ ਹੋਰ ਕਿਸੇ ਰੰਗ, ਪਹਿਰਾਵੇ, ਲੰਮੇ ਚੋਗ਼ੇ, ਕਮਰਬੰਦ ਜਾ ਨੀਲੇ ਕਾਲੇ ਕਪੜਿਆਂ ਦਾ ਮਹੱਤਵ ਹੀ ਕੀ ਰਹਿ ਜਾਂਦਾ ਹੈ?

ਹੋਰਨਾਂ ਰੰਗਾਂ ਤੇ ਪਹਿਰਾਵਿਆਂ ਬਾਰੇ ਸੋਚਣਾ ਤਾਂ ਅਪਣੀ ਖ਼ੁਸ਼ੀ ਨੂੰ ਖੁਆਰ ਕਰਨਾ ਹੀ ਹੋਵੇਗਾ। ਸੋ ਸਮਝਣ ਵਾਲੀ ਗੱਲ ਕੇਵਲ ਏਨੀ ਹੀ ਹੈ ਕਿ ਅਜਿਹਾ ਕੁੱਝ ਵੀ ਪਹਿਨਣ ਦਾ ਨਹੀਂ ਸੋਚਣਾ ਚਾਹੀਦਾ ਜਿਸ ਦੇ ਪਹਿਨਣ ਨਾਲ ਤਨ ਨੂੰ ਔਖ ਜਾਂ ਤਕਲੀਫ਼ ਹੋਵੇ ਤੇ ਮਨ ਵਿਚ ਬੁਰੇ ਵਿਚਾਰ ਪੈਦਾ ਹੁੰਦੇ ਹੋਣ।

ਚਲਦਾ...

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement