
ਨਵੀਂ ਦਿੱਲੀ- ਜੇਕਰ ਤੁਹਾਡਾ ਮਨ ਹਵਾਈ ਜਹਾਜ਼ 'ਚ ਸਫਰ ਕਰਨ ਦਾ ਹੈ ਤਾਂ ਤੁਹਾਡੇ ਲਈ ਹੁਣ ਮੌਕਾ ਹੈ। ਘਰੇਲੂ ਹਵਾਬਾਜ਼ੀ ਕੰਪਨੀ ਇੰਡੀਗੋ ਹਵਾਈ ਮੁਸਾਫਰਾਂ ਨੂੰ ਇਹ ਮੌਕਾ ਦੇ ਰਹੀ ਹੈ। ਇੰਡੀਗੋ ਨੇ ਹਵਾਈ ਮੁਸਾਫਰਾਂ ਨੂੰ ਆਕਰਸ਼ਿਤ ਕਰਨ ਲਈ ਜੋ ਆਫਰ ਪੇਸ਼ ਕੀਤੇ ਹਨ। ਉਸ ਮੁਤਾਬਕ, 1000 ਰੁਪਏ ਤੋਂ ਵੀ ਘੱਟ ਦੀ ਟਿਕਟ 'ਚ ਦਿੱਲੀ ਤੋਂ ਜੈਪੁਰ ਵਿਚਕਾਰ ਦਾ ਸਫਰ ਕੀਤਾ ਜਾ ਸਕਦਾ ਹੈ।
ਯਾਨੀ ਜੇਕਰ ਤੁਸੀਂ ਜੈਪੁਰ ਘੁੰਮਣ ਜਾਣ ਦਾ ਪਲਾਨ ਬਣਾਇਆ ਹੈ ਤਾਂ ਤੁਸੀਂ 999 ਰੁਪਏ 'ਚ ਟਿਕਟ ਬੁੱਕ ਕਰਾ ਸਕਦੇ ਹੋ। ਉੱਥੇ ਹੀ, ਚੰਡੀਗੜ੍ਹ ਤੋਂ ਦਿੱਲੀ ਦੀ ਹਵਾਈ ਟਿਕਟ 1359 ਰੁਪਏ 'ਚ ਮਿਲ ਰਹੀ ਹੈ। ਚੰਡੀਗੜ੍ਹ ਤੋਂ ਮੁੰਬਈ ਦਾ ਕਿਰਾਇਆ 3859 ਰੁਪਏ, ਚੰਡੀਗੜ੍ਹ-ਬੈਂਗਲੁਰੂ ਦਾ ਕਿਰਾਇਆ 4501 ਰੁਪਏ ਅਤੇ ਚੰਡੀਗੜ੍ਹ-ਸ਼੍ਰੀਨਗਰ ਦਾ ਕਿਰਾਇਆ 7771 ਰੁਪਏ ਰੱਖਿਆ ਗਿਆ ਹੈ।
ਉੱਥੇ ਹੀ, ਦਿੱਲੀ-ਮੁੰਬਈ ਦੀ ਟਿਕਟ 1896 ਰੁਪਏ, ਦਿੱਲੀ-ਲਖਨਊ ਦੀ ਟਿਕਟ 1352 ਰੁਪਏ ਅਤੇ ਦਿੱਲੀ-ਅਹਿਮਦਾਬਾਦ ਦੀ ਟਿਕਟ 1358 ਰੁਪਏ ਦੀ ਮਿਲੇਗੀ। ਖਾਸ ਗੱਲ ਇਹ ਹੈ ਕਿ ਜ਼ਿਆਦਾਤਰ ਹਵਾਈ ਜਹਾਜ਼ ਕੰਪਨੀਆਂ ਨਵੇਂ ਸਾਲ ਦੀਆਂ ਛੁੱਟੀਆਂ 'ਚ ਮੁਸਾਫਰਾਂ ਨੂੰ ਆਕਰਸ਼ਿਤ ਕਰਨ ਲਈ ਘਰੇਲੂ ਮਾਰਗਾਂ 'ਤੇ ਛੋਟ ਦੇ ਰਹੀਆਂ ਹਨ। ਇਸ ਸੀਜ਼ਨ 'ਚ ਮੰਗ ਵੀ ਜ਼ਿਆਦਾ ਰਹਿੰਦੀ ਹੈ।
ਸਸਤੇ ਹਵਾਈ ਕਿਰਾਏ ਕਾਰਨ ਹੀ ਹਵਾਈ ਯਾਤਰਾ ਦੀ ਵਿਕਾਸ ਦਰ ਵਧੀ ਹੈ। ਇਸਦੇ ਇਲਾਵਾ ਪਿਛਲੀ ਜੁਲਾਈ-ਸਤੰਬਰ ਤਿਮਾਹੀ 'ਚ ਇੰਡੀਗੋ ਦਾ ਸ਼ੁੱਧ ਮੁਨਾਫਾ 294 ਫੀਸਦੀ ਵਧ ਕੇ 551.55 ਕਰੋੜ ਰੁਪਏ ਹੋ ਗਿਆ ਸੀ। ਜਦੋਂ ਕਿ ਇਸ ਤੋਂ ਪਿਛਲੇ ਇਕ ਸਾਲ ਪਹਿਲਾਂ ਇਸੇ ਮਿਆਦ 'ਚ ਇਹ ਅੰਕੜਾ 139.85 ਕਰੋੜ ਰੁਪਏ ਸੀ।
ਅਜੇ ਇੰਡੀਗੋ ਦਾ 38 ਫੀਸਦੀ ਘਰੇਲੂ ਹਵਾਬਾਜ਼ੀ ਬਾਜ਼ਾਰ 'ਤੇ ਕਬਜ਼ਾ ਹੈ। ਇਸ ਦੇ ਬੇੜੇ 'ਚ 141 ਜਹਾਜ਼ ਹਨ ਅਤੇ ਇਹ ਹਰ ਰੋਜ਼ 913 ਉਡਾਣਾਂ ਦਾ ਸੰਚਾਲਨ ਕਰਦੀ ਹੈ।