12 ਹਜ਼ਾਰ ਅਫਗਾਨੀਆਂ ਮੁਕਾਬਲੇ 21 ਸਿੱਖ - ਜਾਣੋ ਸਾਰਾਗੜ੍ਹੀ ਦਾ ਮਾਣਮੱਤਾ ਇਤਿਹਾਸ
Published : Sep 11, 2017, 6:05 pm IST
Updated : Sep 11, 2017, 12:35 pm IST
SHARE ARTICLE

(ਪਨੇਸਰ ਹਰਿੰਦਰ) 12 ਸਤੰਬਰ : ਸਾਡੇ ਵਿੱਚੋਂ ਕਿੰਨੇ ਜਣੇ ਜਾਣਦੇ ਹਨ ਕਿ 12 ਸਤੰਬਰ ਦੇ ਦਿਨ ਦੀ ਕੀ ਖ਼ਾਸੀਅਤ ਹੈ ? ਬਹੁਤਿਆਂ ਕੋਲ ਸ਼ਾਇਦ ਇਸ ਗੱਲ ਦਾ ਜਵਾਬ ਨਾ ਹੋਵੇ। ਅਸੀਂ 12 ਸਤੰਬਰ ਦਾ ਉਹ ਇਤਿਹਾਸ ਉਜਾਗਰ ਕਰਨ ਜਾ ਰਹੇ ਹਾਂ ਜਿਸਨੂੰ ਜਾਣ ਕੇ ਕੋਈ ਵੀ ਭੁੱਲ ਨਹੀਂ ਸਕੇਗਾ ਕਿ ਸਾਡੇ ਵੱਡਿਆਂ ਨੇ ਦੁਨੀਆ 'ਤੇ ਕਿੰਨੀਆਂ ਵੱਡੀਆਂ ਪ੍ਰਾਪਤੀਆਂ ਦਰਜ ਕੀਤੀਆਂ ਹਨ। 

12 ਸਤੰਬਰ 1897 ਨੂੰ ਹੋਈ ਸੀ ਸਾਰਾਗੜ੍ਹੀ ਦੀ ਜੰਗ, ਜੋ ਉੱਤਰ-ਪੱਛਮੀ ਫਰੰਟੀਅਰ ਸੂਬੇ ‘ਤੇ ਅਫ਼ਗ਼ਾਨਿਸਤਾਨ ਦੀਆਂ ਸਰਹੱਦਾਂ ਲਾਗੇ ਸਾਰਾਗੜ੍ਹੀ ਦੇ ਸਥਾਨ ‘ਤੇ ਸਿੱਖਾਂ ਅਤੇ ਅਫ਼ਗਾਨਾਂ ਵਿਚਕਾਰ ਹੋਈ ਸੀ। ਵੱਡੀ ਗੱਲ ਇਹ ਹੈ ਕਿ ਇਸ ਜੰਗ ਵਿੱਚ 12000 ਅਫ਼ਗਾਨੀਆਂ ਦਾ ਮੁਕਾਬਲਾ ਸਿਰਫ 21 ਸਿੱਖ ਸਿਪਾਹੀਆਂ ਨੇ ਕੀਤਾ ਜੋ 36 ਵੀਂ ਸਿੱਖ ਰੈਜੀਮੈਂਟ ਦੇ ਸਿਪਾਹੀ ਸੀ। ਅਫਗਾਨੀਆਂ ਦਾ ਇਰਾਦਾ ਸੀ ਗੁਲਿਸਤਾਨ ਅਤੇ ਲੋਕਹਾਰਟ ਕਿਲੇ 'ਤੇ ਕਬਜ਼ਾ ਕਰਨ ਦਾ ਅਤੇ ਸਾਰਾਗੜ੍ਹੀ ਇਹਨਾਂ ਦੋਵਾਂ ਕਿਲਿਆਂ ਦੇ ਵਿਚਕਾਰ ਨੀਵੇਂ ਇਲਾਕੇ ਵਿੱਚ ਸਥਿੱਤ ਸੀ ਜਿੱਥੇ ਇੱਕ ਚੌਂਕੀ ਰਾਹੀਂ ਦੋਵਾਂ ਕਿਲਿਆਂ ਨੂੰ ਝੰਡੀ ਦਿਖਾ ਕੇ ਇਸ਼ਾਰਾ ਕੀਤਾ ਜਾਂਦਾ ਸੀ।


ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਪ੍ਰਬੰਧ ਤੋਂ ਬਾਅਦ 19ਵੀਂ ਸਦੀ ਦੇ ਅਖੀਰ ਵਿੱਚ ਅੰਗਰੇਜ਼ਾਂ ਨੇ ਇਹ ਇਲਾਕਾ ਅੰਗਰੇਜ਼ ਸਾਮਰਾਜ ਅਧੀਨ ਕਰ ਲਿਆ, ਲੇਕਿਨ ਲੜਾਕੇ ਪਠਾਣ ਤੇ ਕਬਾਇਲੀ ਲੋਕਾਂ ਨੇ ਅੰਗਰੇਜ਼ਾਂ ਦੀ ਅਧੀਨਗੀ ਨੂੰ ਪ੍ਰਵਾਨ ਕਰਨਾ ਨਾਮੰਨਜ਼ੂਰ ਕਰ ਦਿੱਤਾ ਅਤੇ 1896 ਵਿੱਚ ਅੰਗਰੇਜ਼ਾਂ ਖਿਲਾਫ ਬਗ਼ਾਵਤ ਦਾ ਝੰਡਾ ਚੁੱਕ ਲਿਆ। ਵਪਾਰਕ ਪੱਖ ਤੋਂ ਇਹ ਰਾਹ ਅੰਗਰੇਜ਼ਾਂ ਲਈ ਬੜਾ ਮਹੱਤਵ ਰੱਖਦਾ ਸੀ ਪਰ ਦਾਅ ਲਗਦੇ ਪਠਾਣ ਵਪਾਰੀਆਂ ਅਤੇ ਛੋਟੀਆਂ ਅੰਗਰੇਜ਼ ਫੌਜੀ ਟੁਕੜੀਆਂ ਦਾ ਮਾਲ ਲੁੱਟ ਲੈਂਦੇ ਸੀ।

 ਹਵਲਦਾਰ ਈਸ਼ਰ ਸਿੰਘ ਗਿੱਲ ਦੀ ਅਗਵਾਈ ਵਿੱਚ ਇਹਨਾਂ ਸੂਰਬੀਰ 21 ਸਿੱਖਾਂ ਨੇ ਗ਼ੈਰ ਮੁਕਾਬਲਤਨ ਲੜਾਈ ਵਿੱਚ 12000 ਹਜ਼ਾਰ ਅਫਗਾਨਾਂ ਦਾ ਮੁਕਾਬਲਾ ਕਰਨ ਦਾ ਫ਼ੈਸਲਾ ਕੀਤਾ। ਦੁਸ਼ਮਣਾਂ ਨੇ ਹਵਲਦਾਰ ਈਸ਼ਰ ਸਿੰਘ ਗਿੱਲ ਨੂੰ ਚੌਕੀ ਖਾਲੀ ਕਰਨ ਲਈ ਬਹੁਤ ਲਾਲਚ ਦਿੱਤੇ ਪਰ ਅਣਖੀਲੇ ਸਿੱਖ ਨੇ ਸਾਰੇ ਲਾਲਚ ਠੁਕਰਾ ਦਿੱਤੇ। ਅੰਗਰੇਜ਼ ਅਫਸਰ ਕਰਨਲ ਹਾਰਟਨ ਲੋਕਹਾਰਟ ਦੇ ਕਿਲੇ ਤੋਂ ਸਭ ਕੁਝ ਦੇਖ ਰਿਹਾ ਸੀ। ਉਸ ਨੇ ਸਹਾਇਤਾ ਭੇਜਣ ਦਾ ਯਤਨ ਕੀਤਾ ਪਰ ਕੋਸ਼ਿਸ਼ ਅਸਫਲ ਰਹੀ, ਕਿਉਂਕਿ ਸਾਰਾ ਇਲਾਕਾ ਦੁਸ਼ਮਣਾਂ ਦੇ ਘੇਰੇ ਵਿੱਚ ਸੀ।


ਦੁਸ਼ਮਣਾਂ 'ਤੇ ਸਭ ਤੋਂ ਪਹਿਲਾਂ ਗੋਲੀਬਾਰੀ ਲਾਂਸ ਨਾਇਕ ਲਾਭ ਸਿੰਘ ਅਤੇ ਭਗਵਾਨ ਸਿੰਘ ਨੇ ਸ਼ੁਰੂ ਕੀਤੀ ਅਤੇ ਸਿੱਖਾਂ ਵਿੱਚੋਂ ਪਹਿਲੇ ਸ਼ਹੀਦ ਵੀ ਭਗਵਾਨ ਸਿੰਘ ਹੋਏ ਜੋ ਮੁੱਖ ਦੁਆਰ 'ਤੇ ਦੁਸ਼ਮਣਾਂ ਦਾ ਮੁਕਾਬਲਾ ਕਰ ਰਹੇ ਸੀ। 9.30 ਵਜੇ ਸ਼ੁਰੂ ਹੋਈ ਲੜਾਈ ਦੇ 6 ਘੰਟੇ ਬੀਤਣ ਤੱਕ 12 ਸਿੱਖ ਫੌਜੀ ਸ਼ਹੀਦ ਹੋ ਗਏ ਸਨ ਅਤੇ ਗੋਲੀ ਸਿੱਕਾ ਵੀ ਖ਼ਤਮ ਹੋਣ ਕਿਨਾਰੇ ਸੀ ਪਰ ਸਿੱਖ ਜਵਾਨਾਂ ਦੇ ਹੌਸਲੇ ਬੁਲੰਦ ਸੀ ਜਿਸ ਕਾਰਨ ਦੁਸ਼ਮਣਾਂ ਵਿੱਚ ਹੜਕੰਪ ਮਚਿਆ ਹੋਇਆ ਸੀ। ਭੁੱਖੇ ਸ਼ੇਰਾਂ ਵਾਂਙ ਦੁਸ਼ਮਣਾਂ 'ਤੇ ਹਮਲਾ ਕਰਦੇ ਸਿੱਖ ਸਿਪਾਹੀਆਂ ਨੇ ਅਫਗਾਨਾਂ ਦੀਆਂ ਲਾਸ਼ਾਂ ਦੇ ਢੇਰ ਲਗਾ ਦਿੱਤੇ। 

ਸੈਂਕੜੇ ਅਫਗਾਨਾਂ ਨੂੰ ਮੌਤ ਦੀ ਨੀਂਦ ਸੁਲਾਉਣ ਤੋਂ ਬਾਅਦ ਹਵਲਦਾਰ ਈਸ਼ਰ ਸਿੰਘ ਬੋਲੇ ਸੋ ਨਿਹਾਲ ਦੇ ਜੈਕਾਰੇ ਛੱਡਦੇ ਹੋਏ ਬਿਨਾ ਹਥਿਆਰ ਹੀ ਦੁਸ਼ਮਣਾਂ 'ਤੇ ਟੁੱਟ ਪਏ ਅਤੇ 20 ਤੋਂ ਵੱਧ ਨੂੰ ਮਾਰ ਸੁੱਟਿਆ। ਦੁਸ਼ਮਣਾਂ ਦੇ ਕੰਧ ਵਿੱਚ ਪਾੜ ਪਾ ਲੈਣ ਦੇ ਬਾਵਜੂਦ ਸਿੱਖਾਂ ਨੇ ਉਹਨਾਂ ਨੂੰ ਚੌਂਕੀ 'ਤੇ ਕਬਜ਼ਾ ਨਹੀਂ ਕਰਨ ਦਿੱਤਾ। 20 ਸਿੱਖ ਸਿਪਾਹੀਆਂ ਦੇ ਸ਼ਹੀਦ ਹੋਣ 'ਤੇ ਸਿਗਨਲਮੈਨ ਗੁਰਮੁਖ ਸਿੰਘ ਨੇ ਕਰਨਲ ਹਾਰਟਨ ਨੂੰ ਸਿਗਨਲ ਦਿੱਤਾ ਕਿ ਮੇਰੇ ਸਾਰੇ ਸਾਥੀ ਸ਼ਹੀਦ ਹੋ ਚੁੱਕੇ ਹਨ। ਮੈਂ ਇਕੱਲਾ ਹੀ ਬਚਿਆ ਹਾਂ। ਮੈਨੂੰ ਸਿਗਨਲ ਬੰਦ ਕਰਨ ਦਾ ਹੁਕਮ ਦਿੱਤਾ ਜਾਵੇ ਤਾਂ ਕਿ ਮੈਂ ਵੀ ਆਪਣੇ ਸਾਥੀਆਂ ਨਾਲ ਸ਼ਾਮਿਲ ਹੋ ਸਕਾਂ। 


ਸਿਗਨਲਮੈਨ ਗੁਰਮੁਖ ਸਿੰਘ ਨੇ ਸਿਗਨਲ ਬੰਦ ਕਰਕੇ ਜੈਕਾਰਾ ਛੱਡਿਆ ਅਤੇ ਬੰਦੂਕ ਦੇ ਬੱਟ ਨਾਲ 20 ਤੋਂ ਵਧੇਰੇ ਦੁਸ਼ਮਣਾਂ ਨੂੰ ਢੇਰ ਕਰ ਦਿੱਤਾ। 12000 ਦੀ ਫੌਜ ਦੇ ਮੁਕਾਬਲੇ 21 ਸਿਪਾਹੀ, ਪਰ ਸਿੱਖ ਸਿਪਾਹੀਆਂ ਨੇ ਜਿਉਂਦੇ ਜੀ ਚੌਂਕੀ 'ਤੇ ਕਬਜ਼ਾ ਨਹੀਂ ਹੋਣ ਦਿੱਤਾ। ਇਸ ਅਦੁੱਤੀ ਬਹਾਦਰੀ ਦੀ ਖ਼ਬਰ ਨਾਲ ਪੂਰੀ ਦੁਨੀਆ ਦੰਗ ਰਹਿ ਗਈ। ਬ੍ਰਿਟਿਸ਼ ਪਾਰਲੀਮੈਂਟ ਦੇ ਦੋਵਾਂ ਸਦਨਾਂ ਵਿੱਚ ਮੈਂਬਰਾਂ ਨੇ ਖੜ੍ਹੇ ਹੋ ਕੇ ਇਹਨਾਂ ਸੂਰਬੀਰ ਸਿੱਖ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। 

 ਸਿੱਖ ਰੈਜੀਮੈਂਟ ਦੇ ਇਹਨਾਂ 21 ਸਿਪਾਹੀਆਂ ਨੂੰ ਮਰਨ ਉਪਰੰਤ 'ਇੰਡੀਅਨ ਆਰਡਰ ਆਫ ਮੈਰਿਟ' ਨਾਲ ਸਨਮਾਨਿਆ ਗਿਆ ਜੋ ਅੱਜ ਦੇ ਪਰਮਵੀਰ ਚੱਕਰ ਦੇ ਬਰਾਬਰ ਦਾ ਸਨਮਾਨ ਸੀ। ਇਸ ਯੁੱਧ ਤੋਂ ਪਹਿਲਾਂ 'ਤੇ ਬਾਅਦ ਵਿੱਚ ਹੁਣ ਤੱਕ ਇੰਨਾ ਵੱਡਾ ਇਕੱਠਾ ਸਨਮਾਨ ਕਿਸੇ ਵੀ ਫੌਜੀ ਰੈਜੀਮੈਂਟ ਨੂੰ ਅੱਜ ਤੱਕ ਨਹੀਂ ਮਿਲਿਆ। ਇੰਗਲੈਂਡ ਅਤੇ ਕੈਨੇਡਾ ਵਿੱਚ ਅੱਜ ਵੀ ਸਾਰਾਗੜ੍ਹੀ ਦਿਵਸ ਕਾਫੀ ਵੱਡੇ ਪੱਧਰ ‘ਤੇ ਮਨਾਇਆ ਜਾਂਦਾ ਹੈ, ਜਿਥੇ ਕਿ ਸਰਕਾਰੀ ਨੁਮਾਇੰਦੇ, ਸ਼ਹੀਦ ਫੌਜੀਆਂ ਦੇ ਪਰਿਵਾਰ ਅਤੇ ਸਿੱਖ ਸਾਬਕਾ ਫੌਜੀ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਪਹੁੰਚਦੇ ਹਨ।


ਇਹਨਾਂ 21 ਸਿੱਖ ਸਿਪਾਹੀਆਂ ਨੇ ਸਾਰਾਗੜ੍ਹੀ ਦੀ ਜੰਗ ਵਿੱਚ ਸਿੱਖ ਕੌਮ ਦੇ ਬਹਾਦਰੀ ਅਤੇ ਸ਼ਹੀਦੀਆਂ ਭਰੇ ਵਿਰਸੇ ਵਿੱਚ ਇੱਕ ਹੋਰ ਅਧਿਆਏ ਜੋੜਿਆ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਬਹਾਦਰੀ ਦੀ ਜਿਹੜੀ ਪ੍ਰੇਰਨਾਦਾਇਕ ਦਾਸਤਾਨ ਫਰਾਂਸ ਦੇ ਸਕੂਲਾਂ ਦੇ ਸਿਲੇਬਸ ਵਿੱਚ ਪੜ੍ਹਾਈ ਜਾ ਰਹੀ ਹੈ ਉਸ ਅਨਮੋਲ ਇਤਿਹਾਸ ਬਾਰੇ ਸਾਡੇ ਜ਼ਿਆਦਾਤਰ ਲੋਕ ਜਾਣੂ ਹੀ ਨਹੀਂ। ਸ੍ਰੀ ਅੰਮ੍ਰਿਤਸਰ ਸਾਹਿਬ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਸਾਰਾਗੜ੍ਹੀ ਨਿਵਾਸ ਵਿਖੇ ਇੱਕ ਯਾਦਗਾਰੀ ਗੈਲਰੀ ਸਥਾਪਿਤ ਕੀਤੀ ਗਈ ਹੈ। ਇਸ ਮਾਣਮੱਤੇ ਇਤਿਹਾਸ ਨੂੰ ਨਵੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਲਈ ਢੁਕਵੇਂ ਉਪਰਾਲੇ ਕਰਨੇ ਚਾਹੀਦੇ ਹਨ।

SHARE ARTICLE
Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement