
ਨਵੀਂ ਦਿੱਲੀ- ਸ਼ੁੱਕਰਵਾਰ ਯਾਨੀ 13 ਤਰੀਕ ਨੂੰ ਦੇਸ਼ ਭਰ 'ਚ ਪੈਟਰੋਲ ਪੰਪ ਡੀਲਰਾਂ ਨੇ ਹੜਤਾਲ ਦਾ ਐਲਾਨ ਕੀਤਾ ਹੈ। ਅਜਿਹੇ 'ਚ ਜੇਕਰ ਤੁਸੀਂ ਕਿਤੇ ਦੂਰ ਦਾ ਸਫਰ ਕਰਨ ਵਾਲੇ ਹੋ ਤਾਂ ਤੁਹਾਨੂੰ ਆਪਣੀ ਬਾਈਕ ਜਾਂ ਗੱਡੀ 'ਚ ਤੇਲ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਰੱਖਣਾ ਚਾਹੀਦਾ ਹੈ। ਪੈਟਰੋਲੀਅਮ ਡੀਲਰਜ਼ ਸੰਗਠਨ ਨੇ ਦੇਸ਼ ਪੱਧਰੀ ਹੜਤਾਲ ਦਾ ਐਲਾਨ ਕਰਦੇ ਹੋਏ ਪੈਟਰੋਲੀਅਮ ਪਦਾਰਥਾਂ ਨੂੰ ਜੀ. ਐੱਸ. ਟੀ. ਦੇ ਦਾਇਰੇ 'ਚ ਲਿਆਉਣ ਅਤੇ ਉਨ੍ਹਾਂ ਨੂੰ ਬਿਹਤਰ ਕਮਿਸ਼ਨ ਦਿੱਤੇ ਜਾਣ ਦੀ ਮੰਗ ਕੀਤੀ ਹੈ।
ਪੈਟਰੋਲੀਅਮ ਡੀਲਰਜ਼ ਸੰਗਠਨ ਨੇ ਕਿਹਾ ਹੈ ਕਿ ਪਹਿਲਾਂ 13 ਅਕਤੂਬਰ ਨੂੰ ਦੇਸ਼ ਭਰ ਦੇ ਪੈਟਰੋਲ/ਡੀਜ਼ਲ ਪੰਪਾਂ 'ਤੇ ਖਰੀਦ-ਵਿਕਰੀ ਨਹੀਂ ਹੋਵੇਗੀ ਅਤੇ ਜੇਕਰ ਸਰਕਾਰ ਨੇ ਮੰਗਾਂ ਨਹੀਂ ਮੰਨੀਆਂ ਤਾਂ 27 ਅਕਤੂਬਰ ਤੋਂ ਫਿਰ ਹੜਤਾਲ ਸ਼ੁਰੂ ਹੋਵੇਗੀ। ਉੱਥੇ ਹੀ, ਸੰਗਠਨ ਵੱਲੋਂ ਹੜਤਾਲ ਕਰਨ ਦੇ ਐਲਾਨ ਵਿਚਕਾਰ ਕਈ ਡੀਲਰਾਂ ਨੇ 13 ਅਕਤੂਬਰ ਨੂੰ ਪੰਪ ਖੋਲ੍ਹੇ ਰੱਖਣ ਦਾ ਫੈਸਲਾ ਕੀਤਾ ਹੈ।
ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਮੁਤਾਬਕ, ਉਸ ਦੇ ਕਈ ਪੈਟਰੋਲ ਪੰਪ 13 ਤਰੀਕ ਨੂੰ ਗ੍ਰਾਹਕਾਂ ਨੂੰ ਆਪਣੀਆਂ ਸੇਵਾਵਾਂ ਦੇਣਗੇ ਅਤੇ ਪ੍ਰਸਤਾਵਿਤ ਹੜਤਾਲ 'ਚ ਸ਼ਾਮਿਲ ਨਹੀਂ ਹੋਣਗੇ। ਭਾਰਤ ਪੈਟਰੋਲੀਅਮ ਨੇ ਵੀ ਇਸੇ ਤਰ੍ਹਾਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਦੇਸ਼ ਭਰ 'ਚ ਕਈ ਡੀਲਰਾਂ ਨੇ ਹੜਤਾਲ 'ਚ ਸ਼ਾਮਿਲ ਨਾ ਹੋਣ ਦਾ ਫੈਸਲਾ ਕੀਤਾ ਹੈ ਅਤੇ ਉਸ ਦੇ ਪੰਪ ਵੀ ਖੁੱਲ੍ਹੇ ਰਹਿਣਗੇ।
ਹਾਲਾਂਕਿ ਦੇਸ਼ ਭਰ 'ਚ ਕਿਸੇ-ਕਿਸੇ ਜਗ੍ਹਾ 'ਤੇ ਇਸ ਦਾ ਅਸਰ ਹੋ ਸਕਦਾ ਹੈ ਪਰ ਜ਼ਿਆਦਾਤਰ ਪੰਪ ਖੁੱਲ੍ਹੇ ਰਹਿ ਸਕਦੇ ਹਨ। ਤੇਲ ਮਾਰਕੀਟਿੰਗ ਕੰਪਨੀਆਂ ਮੁਤਾਬਕ, ਕਈ ਡੀਲਰਾਂ ਨੇ ਪੈਟਰੋਲੀਅਮ ਕੰਪਨੀਆਂ ਨਾਲ ਸੰਪਰਕ ਕਰਕੇ ਕਿਹਾ ਹੈ ਕਿ ਉਹ ਹੜਤਾਲ 'ਚ ਸ਼ਾਮਿਲ ਨਹੀਂ ਹੋਣਗੇ। ਖਬਰਾਂ ਮੁਤਾਬਕ, ਜਿਹੜੇ ਡੀਲਰ ਹੜਤਾਲ 'ਚ ਸ਼ਾਮਿਲ ਹੋਣਗੇ, ਕੰਪਨੀਆਂ ਉਨ੍ਹਾਂ 'ਤੇ ਨਿਯਮਾਂ ਅਨੁਸਾਰ ਕਾਰਵਾਈ ਕਰ ਸਕਦੀਆਂ ਹਨ।