
ਇਕ ਦੂਜੇ ਨੂੰ ਛੂਹ ਨਾ ਸਕੇ, ਵਿਚਾਲੇ ਸੀ ਸ਼ੀਸ਼ੇ ਦੀ ਕੰਧ
ਇਸਲਾਮਾਬਾਦ, 25 ਦਸੰਬਰ : ਪਾਕਿਸਤਾਨ ਦੀ ਜੇਲ ਵਿਚ ਬੰਦ ਭਾਰਤੀ ਕੈਦੀ ਕੁਲਭੂਸ਼ਣ ਜਾਧਵ ਨੇ ਅੱਜ ਇਥੇ ਵਿਦੇਸ਼ ਮੰਤਰਾਲੇ ਵਿਚ ਅਪਣੀ ਮਾਂ ਅਤੇ ਪਤਨੀ ਨਾਲ ਮੁਲਾਕਾਤ ਕੀਤੀ। ਟੀਵੀ 'ਤੇ ਵਿਖਾਏ ਜਾ ਰਹੇ ਫ਼ੁਟੇਜ ਵਿਚ ਜਾਧਵ ਦਾ ਪਰਵਾਰ, ਭਾਰਤ ਦੇ ਰਾਜਦੂਤ ਜੇਪੀ ਸਿੰਘ ਅਤੇ ਪਾਕਿਸਤਾਨੀ ਮਹਿਲਾ ਅਧਿਕਾਰੀ ਸਮੇਤ ਵਿਦੇਸ਼ ਮੰਤਰਾਲੇ ਦੀ ਇਮਾਰਤ ਵਿਚ ਦਾਖ਼ਲ ਹੁੰਦਾ ਦਿਸ ਰਿਹਾ ਸੀ। ਫ਼ੁਟੇਜ ਵਿਚ ਸਾਰੇ ਦਫ਼ਤਰ ਅੰਦਰ ਜਾਂਦੇ ਅਤੇ ਉਨ੍ਹਾਂ ਦੇ ਪਿੱਛੇ ਦਰਵਾਜ਼ਾ ਬੰਦ ਹੁੰਦਾ ਦਿਸ ਰਿਹਾ ਸੀ। ਪਾਕਿਸਤਾਨੀ ਅਧਿਕਾਰੀਆਂ ਨੇ ਦਸਿਆ ਕਿ ਮੁਲਾਕਾਤ ਦੁਪਹਿਰ ਕਰੀਬ 1.35 ਵਜੇ ਹੋਈ। ਇਹ ਮੁਲਾਕਾਤ ਵਿਦੇਸ਼ ਮੰਤਰਾਲੇ ਦੇ ਆਗਾ ਸ਼ਾਹੀ ਬਲਾਕ ਵਿਚ ਹੋਈ। ਕਰੀਬ 21 ਮਹੀਨੇ ਮਗਰੋਂ ਜਾਧਵ ਅਪਣੇ ਪਰਵਾਰ ਨੂੰ ਮਿਲਿਆ ਹੈ ਪਰ ਇਸ ਦੌਰਾਨ ਵੀ ਪਰਵਾਰ ਦੇ ਜੀਅ ਇਕ ਦੂਜੇ ਨੂੰ ਛੂਹ ਨਾ ਸਕੇ ਕਿਉਂÎਕਿ ਵਿਚਾਲੇ ਸ਼ੀਸ਼ੇ ਦੀ ਕੰਧ ਸੀ। ਇੰਟਰਕਾਮ ਜ਼ਰੀਏ ਹੀ ਗੱਲਬਾਤ ਹੋਈ। ਜਾਸੂਸੀ ਦੇ ਮਾਮਲੇ ਵਿਚ ਦੋਸ਼ੀ ਠਹਿਰਾਏ ਗਏ ਜਾਧਵ ਨੂੰ ਪਿਛਲੇ ਸਾਲ ਤਿੰਨ ਮਾਰਚ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫ਼ੈਸਲੇ ਨੇ ਤਸਵੀਰ ਨਾਲ ਲਿਖਿਆ, 'ਕਮਾਂਡਰ ਜਾਧਵ ਦੀ ਮਾਂ ਅਤੇ ਪਤਨੀ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਵਿਚ ਆਰਾਮ ਨਾਲ ਬੈਠੇ ਹਨ। ਅਸੀਂ ਅਪਣੀ ਪ੍ਰਤੀਬੱਧਤਾ ਦਾ ਸਨਮਾਨ ਕਰਦੇ ਹਾਂ।' ਕਰੀਬ 40 ਮਿੰਟ ਦੀ ਬੈਠਕ ਭਾਰੀ ਸੁਰੱਖਿਆ ਵਾਲੇ ਵਿਦੇਸ਼ ਮੰਤਰਾਲੇ ਦੀ ਇਮਾਰਤ ਵਿਚ ਹੋਈ। ਪਾਕਿਸਤਾਨ ਨੇ ਇਸ ਮੁਲਾਕਾਤ ਨੂੰ ਦੇਸ਼ ਦੇ ਬਾਨੀ ਮੁਹੰਮਦ ਅਲੀ ਜਿਨਾਹ ਦੇ ਜਨਮ ਦਿਨ ਮੌਕੇ ਮਨੁੱਖਤਾਵਾਦੀ ਕਦਮ ਵਜੋਂ ਪ੍ਰਚਾਰਿਆ। ਅੰਤਰਰਾਸ਼ਟਰੀ ਅਦਾਲਤ ਨੇ ਪਾਕਿਸਤਾਨ ਨੂੰ ਮਈ ਵਿਚ ਜਾਧਵ ਨੂੰ ਸੁਣਾਈ ਗਈ ਮੌਤ ਦੀ ਸਜ਼ਾ 'ਤੇ ਰੋਕ ਲਈ ਕਿਹਾ ਸੀ। ਭਾਰਤ ਦਾ ਕਹਿਣਾ ਹੈ ਕਿ ਜਾਧਵ ਨੂੰ ਈਰਾਨ ਤੋਂ ਅਗ਼ਵਾ ਕੀਤਾ ਗਿਆ ਸੀ ਜਿਥੇ ਉਹ ਭਾਰਤੀ ਜਲ ਸੈਨਾ ਵਿਚੋਂ ਸੇਵਾਮੁਕਤ ਹੋਣ ਮਗਰੋਂ ਕਾਰੋਬਾਰ ਦੇ ਸਬੰਧ ਵਿਚ ਸੀ। ਪਾਕਿਸਤਾਨ ਵਲੋਂ ਵਿਦੇਸ਼ ਮੰਤਰਾਲੇ ਵਿਚ ਭਾਰਤ ਮਾਮਲਿਆਂ ਦੀ ਨਿਰਦੇਸ਼ਕ ਡਾਕਟਰ ਫ਼ਰੀਹਾ ਬੁਗਤੀ ਵੀ ਮੁਲਾਕਾਤ ਦੌਰਾਨ ਮੌਜੂਦ ਰਹੀ। ਜਾਧਵ ਦਾ ਪਰਵਾਰ ਅੱਜ ਹੀ ਦੁਬਈ ਦੇ ਰਸਤੇ ਇਸਲਾਮਾਬਾਦ ਪਹੁੰਚਿਆ ਸੀ। ਭਾਰਤੀ ਹਾਈ ਕਮਿਸ਼ਨ ਵਿਚ ਕਰੀਬ ਅੱਧਾ ਘੰਟਾ ਰਹਿਣ ਤੋਂ ਬਾਅਦ ਉਹ ਵਿਦੇਸ਼ ਮੰਤਰਾਲੇ ਪਹੁੰਚੇ। ਜਾਧਵ ਅਪਣੇ ਪਰਵਾਰ ਦੇ ਪਹੁੰਚਣ ਤੋਂ ਪਹਿਲਾਂ ਹੀ ਵਿਦੇਸ਼ ਮੰਤਰਾਲੇ ਵਿਚ ਮੌਜੂਦ ਸੀ। ਇਸ ਸਬੰਧ ਵਿਚ ਕੋਈ ਸੂਚਨਾ ਨਹੀਂ ਹੈ ਕਿ ਜਾਧਵ ਪਹਿਲਾਂ ਤੋਂ ਹੀ ਉਥੇ ਮੌਜੂਦ ਸੀ ਜਾਂ ਉਸ ਨੂੰ ਉੋਥੇ ਲਿਆਂਦਾ ਗਿਆ। (ਏਜੰਸੀ)