
ਕੋਲਕਾਤਾ : ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਸ਼ਾਨਦਾਰ 92 ਦੌੜਾਂ ਦੀ ਬਿਹਤਰੀਨ ਪਾਰੀ ਤੋਂ ਬਾਅਦ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਦੀ ਹੈਟ੍ਰਿਕ ਨਾਲ ਭਾਰਤ ਨੇ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਨੂੰ ਵੀਰਵਾਰ ਨੂੰ ਇੱਥੇ ਈਡਨ ਗਾਰਡਨ ਵਿਚ ਦੂਜੇ ਵਨ ਡੇ ਵਿਚ 50 ਦੌੜਾਂ ਨਾਲ ਹਰਾ ਕੇ 5 ਮੈਚਾਂ ਦੀ ਸੀਰੀਜ਼ ਵਿਚ 2-0 ਦੀ ਬੜ੍ਹਤ ਹਾਸਲ ਕਰ ਲਈ। ਭਾਰਤੀ ਟੀਮ ਨੇ ਵਿਰਾਟ ਕੋਹਲੀ ਦੀ ਕਪਤਾਨੀ ਪਾਰੀ ਨਾਲ 50 ਓਵਰਾਂ ਵਿਚ 252 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ ਤੇ ਆਸਟ੍ਰੇਲੀਆ ਨੂੰ 43.1 ਓਵਰਾਂ ਵਿਚ 202 ਦੌੜਾਂ ‘ਤੇ ਢੇਰ ਕਰ ਦਿੱਤਾ।
ਇਸ ਜਿੱਤ ਤੋਂ ਬਾਅਦ ਭਾਰਤੀ ਟੀਮ ਨੇ ਇਸ ਤਰ੍ਹਾਂ ਆਪਣੀ ਲਗਾਤਾਰ 11ਵੀਂ ਜਿੱਤ ਹਾਸਲ ਕਰ ਲਈ ਹੈ। ਆਸਟ੍ਰੇਲੀਆਈ ਟੀਮ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਦੇ ਦੋਵੇਂ ਓਪਨਰਾਂ ਹਿਲਟਰਨ ਕਾਰਟਰਾਈਟ ਤੇ ਡੇਵਿਡ ਵਾਰਨਰ ਨੂੰ ਪਹਿਲੇ ਪੰਜ ਓਵਰਾਂ ਵਿਚ ਆਊਟ ਕਰਨ ਦੇ ਝਟਕਿਆਂ ਤੋਂ ਉਭਰ ਨਹੀਂ ਸਕੀ। ਰਹੀ ਸਹੀ ਕਸਰ ਲੈੱਗ ਸਪਿਨਰ ਯੁਜਵੇਂਦਰ ਚਾਹਲ ਨੇ ਦੋ ਅਤੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਦੀ ਹੈਟ੍ਰਿਕ ਨੇ ਪੂਰੀ ਕਰ ਦਿੱਤੀ। ਆਲਰਾਊਂਡਰ ਹਾਰਦਿਕ ਪੰਡਯਾ ਨੇ ਆਸਟ੍ਰੇਲੀਆ ਦੇ ਕਪਤਾਨ ਸਟੀਵ ਸਮਿਥ ਨੂੰ ਆਊਟ ਕਰ ਕੇ ਭਾਰਤ ਦੇ ਰਸਤੇ ਦਾ ਸਭ ਤੋਂ ਵੱਡਾ ਕੰਡਾ ਦੂਰ ਕਰ ਦਿੱਤਾ।
ਸਮਿਥ ਨੇ 76 ਗੇਂਦਾਂ ‘ਤੇ 59 ਦੌੜਾਂ ਵਿਚ 8 ਚੌਕੇ ਲਾਏ। ਟ੍ਰੈਵਿਸ ਹੈੱਡ ਨੇ 39 ਤੇ ਗਲੈਨ ਮੈਕਸਵੈੱਲ ਨੇ 14 ਦੌੜਾਂ ਬਣਾਈਆ।ਮਾਰਕਸ ਸਟੋਇੰਸ ਨੇ ਇਕਤਰਫਾ ਸੰਘਰਸ਼ ਕਰਦਿਆਂ ਅਜੇਤੂ 62 ਦੌੜਾਂ ਬਣਾ ਕੇ ਭਾਰਤ ਦੇ ਇੰਤਜ਼ਾਰ ਨੂੰ ਲੰਬਾ ਕੀਤਾ ਪਰ ਭੁਵੀ ਨੇ ਆਖਰੀ ਬੱਲੇਬਾਜ਼ ਕੇਨ ਰਿਚਰਡਸਨ ਨੂੰ ਐੱਲ. ਬੀ. ਡਬਲਯੂ. ਕਰ ਕੇ ਆਸਟ੍ਰੇਲੀਆਈ ਪਾਰੀ ਨੂੰ ਸਮੇਟ ਦਿੱਤਾ। ਭੁਵਨੇਸ਼ਵਰ ਨੇ ਸਿਰਫ 9 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਕੁਲਦੀਪ ਨੇ 54 ਦੌੜਾਂ ‘ਤੇ 3 ਵਿਕਟਾਂ, ਚਾਹਲ ਨੇ 34 ਦੌੜਾਂ ‘ਤੇ 2 ਵਿਕਟਾਂ ਤੇ ਪੰਡਯਾ ਨੇ 56 ਦੌੜਾਂ ‘ਤੇ 2 ਵਿਕਟਾਂ ਲਈਆਂ।
ਵਿਰਾਟ ਨੇ ਇਸ ਮੈਚ ਵਿਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਵਿਰਾਟ ਨੇ ਇਕ ਵਾਰ ਫਿਰ ਸ਼ਾਨਦਾਰ ਬੱਲੇਬਾਜ਼ੀ ਦਾ ਨਜ਼ਾਰਾ ਪੇਸ਼ ਕੀਤਾ ਤੇ 107 ਗੇਂਦਾਂ ‘ਤੇ ਅੱਠ ਚੌਕਿਆਂ ਦੀ ਮਦਦ ਨਾਲ 92 ਦੌੜਾਂ ਬਣਾਈਆਂ। ਉਹ 31ਵੇਂ ਇਕ ਦਿਨਾ ਸੈਂਕੜੇ ਤੋਂ 8 ਦੌੜਾਂ ਦੂਰ ਸੀ ਕਿ ਤੇਜ਼ ਗੇਂਦਬਾਜ਼ ਨਾਥਨ ਕਾਲਟਰ ਨਾਇਲ ਨੇ ਉਸ ਨੂੰ ਬੋਲਡ ਕਰ ਦਿੱਤਾ। ਭਾਰਤ ਦੀ ਪਾਰੀ ਦੇ 47.3 ਓਵਰ ਹੋਣ ਦੇ ਸਮੇਂ ਮੀਂਹ ਆਇਆ, ਜਿਸ ਤੋਂ ਬਾਅਦ ਖੇਡ ਰੁਕ ਗਈ। ਖੇਡ ਰੁਕਣ ਦੇ ਸਮੇਂ ਆਲਰਾਊਂਡਰ ਹਾਰਦਿਕ ਪੰਡਯਾ 19 ਤੇ ਭੁਵਨੇਸ਼ਵਰ ਕੁਮਾਰ 18 ਦੌੜਾਂ ‘ਤੇ ਅਜੇਤੂ ਸੀ।
ਖੇਡ ਕੁਝ ਦੇਰ ਬਾਅਦ ਸ਼ੁਰੂ ਹੋਈ ਤੇ ਭਾਰਤ ਨੇ ਆਖਰੀ ਗੇਂਦ ਤਕ ਜਾਂਦੇ-ਜਾਂਦੇ ਆਪਣੀਆਂ ਬਾਕੀ ਬਚੀਆਂ ਚਾਰ ਵਿਕਟਾਂ ਗੁਆ ਦਿੱਤੀਆਂ ਤੇ ਉਸਦੀ ਪਾਰੀ 252 ਦੌੜਾਂ ‘ਤੇ ਸਿਮਟ ਗਈ। ਕੋਲਕਾਤਾ ਵਿਚ ਪਿਛਲੇ ਤਿੰਨ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਇਸ ਮੈਚ ‘ਤੇ ਵੀ ਮੀਂਹ ਦਾ ਖਤਰਾ ਮੰਡਰਾ ਰਿਹਾ ਸੀ ਤੇ ਭਾਰਤੀ ਪਾਰੀ ਦੇ 48ਵੇਂ ਓਵਰ ਵਿਚ ਮੀਂਹ ਨੇ ਦਸਤਕ ਦੇ ਦਿੱਤੀ। ਹਾਲਾਂਕਿ ਮੀਂਹ ਹਲਕਾ ਰਿਹਾ ਤੇ ਫਿਰ ਖੇਡ ਸ਼ੁਰੂ ਹੋ ਗਈ।