ਮੁੰਬਈ : 1993 ਮੁੰਬਈ ਸੀਰੀਅਲ ਬੰਬ ਧਮਾਕਿਆਂ ਦੇ ਦੋਸ਼ੀ ਫਾਰੂਕ ਟਕਲਾ ਨੂੰ ਮੁੰਬਈ ਦੀ ਟਾਡਾ ਅਦਾਲਤ ਨੇ 19 ਮਾਰਚ ਤੱਕ ਸੀ.ਬੀ.ਆਈ. ਹਿਰਾਸਤ ‘ਚ ਭੇਜ ਦਿੱਤਾ ਹੈ। ਅੰਤਰਰਾਸ਼ਟਰੀ ਡਾਨ ਦਾਊਦ ਇਬਰਾਹੀਮ ਦੇ ਕਰੀਬੀ ਟਕਲਾ ਨੂੰ ਵੀਰਵਾਰ ਨੂੰ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਹਿਰਾਸਤ ਵਿੱਚ ਫਾਰੂਕ ਕੋਲੋਂ ਪੁੱਛਗਿਛ ਕੀਤੀ ਜਾਵੇਗੀ। ਜਿੱਥੇ ਉਹ ਦਾਊਦ ਇਬਰਾਹੀਮ ਦੇ ਬਾਰੇ ਵਿੱਚ ਕਈ ਅਹਿਮ ਜਾਣਕਾਰੀਆਂ ਦੇ ਸਕਦੇ ਹਨ। ਮੁਹੰਮਦ ਫਾਰੂਕ ਯਾਸੀਨ ਮੰਸੂਰ ਉਰਫ ਫਾਰੂਕ ਟਕਲਾ (57) ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਦਿੱਲੀ ਦੇ ਸੀ.ਬੀ.ਆਈ. ਹੈੱਡਕੁਆਰਟਰ ਲਿਆਇਆ ਗਿਆ ਸੀ।
ਜਿਸ ਤੋਂ ਬਾਅਦ ਉਸ ਨੂੰ ਪੇਸ਼ੀ ਲਈ ਮੁੰਬਈ ਲਿਆਂਦਾ ਗਿਆ। ਸੀ.ਬੀ.ਆਈ. ਵੱਲੋਂ ਵਕੀਲ ਦੀਵਾ ਸਾਲਵੀ ਨੇ ਕੋਰਟ ਨੂੰ ਦੱਸਿਆ ਕਿ ਟਕਲਾ ਦੀ ਮੁੰਬਈ ਬੰਬ ਧਮਾਕਿਆਂ ‘ਚ ਅਹਿਮ ਭੂਮਿਕਾ ਸੀ ਅਤੇ ਉਹ ਬੰਬ ਧਮਾਕੇ ਦੀ ਸਾਜਿਸ਼ ਵਿੱਚ ਦਾਊਦ ਦੇ ਨਾਲ ਸ਼ਾਮਿਲ ਸੀ। ਇੰਟਰਪੋਲ ਨੇ 1995 ਵਿੱਚ ਟਕਲਾ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਸੀ। ਜਾਣਕਾਰੀ ਦੇ ਅਨੁਸਾਰ ਫਾਰੂਕ ਬੰਬ ਧਮਾਕੇ ਦੇ ਸਮੇਂ ਮੁੰਬਈ ‘ਚ ਨਹੀਂ ਸੀ ਪਰ ਧਮਾਕਿਆਂ ਤੋਂ ਪਹਿਲਾਂ ਦੁਬਈ ਵਿੱਚ ਦਾਊਦ ਇਬਰਾਹੀਮ, ਅਨੀਸ ਇਬਰਾਹੀਮ, ਟਾਇਗਰ ਮੇਮਨ ਵੱਲੋਂ ਧਮਾਕਿਆਂ ਦੀ ਸਾਜਿਸ਼ ਰਚਣ ਲਈ ਜੋ ਮੀਟਿੰਗ ਹੋਈ ਸੀ ਉਸ ਵਿੱਚ ਫਾਰੁਕ ਵੀ ਸ਼ਾਮਿਲ ਸੀ।
ਸੀ.ਬੀ.ਆਈ. ਦੇ ਅਨੁਸਾਰ ਇਸ ਮੀਟਿੰਗ ਦੇ ਬਾਅਦ ਪਾਕਿਸਤਾਨ ਟ੍ਰੇਨਿੰਗ ਲਈ ਭੇਜੇ ਗਏ ਬੰਬ ਕਾਂਡ ਦੇ ਦੋਸ਼ੀਆਂ ਦੇ ਰਹਿਣ, ਖਾਣ-ਪੀਣ ਤੋਂ ਲੈ ਕੇ ਆਉਣ ਜਾਣ ਦਾ ਸਾਰਾ ਇੰਤਜਾਮ ਫਾਰੁਕ ਨੇ ਹੀ ਕੀਤਾ ਸੀ। ਫਾਰੂਕ ਨੂੰ ਦਾਊਦ ਦਾ ਸੱਜਾ ਹੱਥ ਵੀ ਮੰਨਿਆ ਜਾਂਦਾ ਹੈ ਜੋ ਪਿਛਲੇ ਤੀਹ ਸਾਲਾਂ ਤੋਂ ਦਾਊਦ ਦੇ ਨਾਲ ਕੰਮ ਕਰਦਾ ਆ ਰਿਹਾ ਹੈ। ਵਿਸ਼ੇਸ਼ ਸਰਕਾਰੀ ਵਕੀਲ ਉਜਵਲ ਨਿਕਮ ਨੇ ਕਿਹਾ ਕਿ ਫਾਰੂਕ ਦੀ ਗ੍ਰਿਫਤਾਰੀ ਨੇ ਪਹਿਲੀ ਵਾਰ ਜਾਂਚ ਏਜੰਸੀ ਨੂੰ ਮੌਕਾ ਦਿੱਤਾ ਹੈ ਕਿ ਉਹ ਸਬੂਤਾਂ ਦੇ ਨਾਲ ਇਹ ਸਾਬਤ ਕਰ ਸਕੇ ਕਿ 1993 ਬੰਬ ਧਮਾਕਿਆਂ ਵਿੱਚ ਪਾਕਿਸਤਾਨ ਖੁਫੀਆ ਏਜੰਸੀ ਆਈ. ਐੱਸ. ਆਈ. ਦਾ ਹੱਥ ਸੀ।
ਹੁਣ ਤੱਕ ਕੇਵਲ ਦੋਸ਼ੀਆਂ ਦੇ ਬਿਆਨਾਂ ‘ਚ ਇਹ ਗੱਲ ਕਹੀ ਜਾ ਰਹੀ ਸੀ। ਪਰ ਫਾਰੂਕ ਹੀ ਪਾਕਿਸਤਾਨੀ ਖੁਫੀਆ ਏਜੰਸੀ ਅਤੇ ਦਾਊਦ ਦੇ ਵਿੱਚ ਦੀ ਕੜੀ ਸੀ। ਫਾਰੂਕ ਨੇ ਹੀ ਇਸਲਾਮਾਬਾਦ ਏਅਰਪੋਰਟ ਉੱਤੇ ਟ੍ਰੇਨਿੰਗ ਲੈਣ ਜਾ ਰਹੇ ਅੱਤਵਾਦੀਆਂ ਨੂੰ ਬਿਨਾਂ ਇਮੀਗ੍ਰੇਸ਼ਨ ਕੀਤੇ (ਪਾਸਪੋਰਟ ਉੱਤੇ ਸਟੈਂਪ) ਪਾਕਿਸਤਾਨ ਵਿੱਚ ਦਾਖਲ ਕੀਤਾ ਅਤੇ ਪਾਕਿਸਤਾਨ ਤੋਂ ਦੁਬਈ ਭੇਜਿਆ। ਇਸ ਦੇ ਲਈ ਆਈ. ਐੱਸ. ਆਈ. ਨੇ ਮਦਦ ਕੀਤੀ। ਪਰ ਫਾਰੂਕ ਦੇ ਵਕੀਲ ਫਰਹਾਨਾ ਸ਼ਾਹ ਅਤੇ ਉਸਦੇ ਭਰਾ ਨੇ ਸਾਰੇ ਦੋਸ਼ਾਂ ਨੂੰ ਬੇ-ਬੁਨਿਆਦ ਕਰਾਰ ਦਿੱਤਾ ਹੈ।
ਸੂਤਰਾਂ ਦੇ ਅਨੁਸਾਰ, ਫਾਰੂਕ ਪਿਛਲੇ 25 ਸਾਲਾਂ ਤੋਂ ਦੁਬਈ ਅਤੇ ਦੂਜੇ ਦੇਸ਼ਾ ਵਿੱਚ ਦਾਊਦ ਦਾ ਕੰਮ ਸੰਭਾਲ ਰਿਹਾ ਸੀ ਅਤੇ ਉੱਥੇ ਵੱਡੇ ਬਿਜਨਸਮੈਨ ਦੇ ਤੌਰ ਉੱਤੇ ਜਾਣਿਆ ਜਾਂਦਾ ਸੀ। ਬੰਬ ਧਮਾਕਿਆਂ ਤੋਂ ਬਾਅਦ ਫਾਰੂਕ ਡੀ ਗੈਂਗ ਦਾ ਕੰਮ ਦੇਖਦਾ ਸੀ। 1993 ਤੋਂ ਪਹਿਲਾਂ ਇਹ ਦੋਵੇਂ ਭਰਾ ਦਾਊਦ ਦੇ ਨਾਲ ਉਸਦੇ ਸਾਰੇ ਗੈਰ-ਕਾਨੂੰਨੀ ਕੰਮਾਂ ‘ਚ ਸ਼ਾਮਿਲ ਸਨ। ਇਹ ਦੋਵੇਂ ਭਰਾ ਦਾਊਦ ਦੇ ਇਨ੍ਹੇ ਖਾਸ ਸਨ ਕਿ 1992 ਦਾਊਦ ਦੀ ਭੈਣ ਹੁਸੀਨਾ ਪਾਰਕਰ ਦੇ ਪਤੀ ਦੀ ਮੌਤ ਦਾ ਬਦਲਾ ਲੈਣ ਲਈ ਕੀਤੇ ਗਏ ਜੇਜੇ ਸ਼ੂਟਆਊਟ ‘ਚ ਵੀ ਇਨ੍ਹਾਂ ਨੂੰ ਦੋਸ਼ੀ ਬਣਾਇਆ ਗਇਆ ਸੀ।
end-of