
ਨਵੀਂ ਦਿੱਲੀ, 5 ਅਕਤੂਬਰ: ਵਿਵਾਦਮਈ ਰਾਧੇ ਮਾਂ ਦੀਆਂ ਤਾਜ਼ਾ ਤਸਵੀਰਾਂ ਅਤੇ ਵੀਡੀਉ ਨੇ ਦਿੱਲੀ 'ਚ ਕੁੱਝ ਪੁਲਿਸ ਵਾਲਿਆਂ ਦੀਆਂ ਮੁਸ਼ਕਲਾਂ ਵਧਾ ਦਿਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਥਾਣੇ ਅੰਦਰ ਇਕ ਐਸ.ਐਚ.ਓ. ਦੀ ਕੁਰਸੀ ਉਤੇ ਬੈਠੀ ਦਿਸ ਰਹੀ ਹੈ ਅਤੇ ਇਕ ਹੋਰ ਵੀਡੀਉ 'ਚ ਉਹ ਇੱਥੇ ਇਕ ਰਾਮਲੀਲਾ 'ਚ ਪੁਲਿਸ ਮੁਲਾਜ਼ਮਾਂ ਨਾਲ ਨੱਚਦੀ ਦਿਸ ਰਹੀ ਹੈ। ਇਨ੍ਹਾਂ ਤਸਵੀਰਾਂ ਦੇ ਸਾਹਮਣੇ ਆਉਣ ਤੋਂ ਬਾਅਦ ਦਿੱਲੀ ਪੁਲਿਸ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿਤੇ ਹਨ।ਕਥਿਤ ਤੌਰ 'ਤੇ ਵਿਵੇਕ ਵਿਹਾਰ ਪੁਲਿਸ ਥਾਣੇ ਅੰਦਰ ਖਿੱਚੀਆਂ ਤਸਵੀਰਾਂ 'ਚ ਥਾਣਾ ਇੰਚਾਰਜ ਸੰਜੇ ਸ਼ਰਮਾ ਗਲ 'ਚ ਲਾਲ ਚੁੰਨੀ ਅਤੇ ਸੁਨਹਿਰੀ ਚੁੰਨੀ ਪਾ ਕੇ ਰਾਧੇ ਮਾਂ ਨੇੜੇ ਹੱਥ ਜੋੜ ਕੇ ਖੜੇ ਨਜ਼ਰ ਆ ਰਹੇ ਹਨ। ਉਹ ਜੀ.ਟੀ.ਬੀ. ਇਨਕਲੇਵ ਪੁਲਿਸ ਥਾਣੇ 'ਚ ਰਾਮਲੀਲਾ ਪ੍ਰੋਗਰਾਮ ਦੇ ਇਕ ਵੀਡੀਉ 'ਚ ਵੀ ਨਜ਼ਰ ਆ ਰਹੀ ਹੈ ਜਿਥੇ ਪੰਜ ਪੁਲਿਸ ਵਾਲੇ ਦੇਸ਼ਭਗਤੀ ਦੇ ਗਾਣੇ ਗਾ ਰਹੇ ਹਨ ਅਤੇ ਰਾਧੇ ਮਾਂ ਉਨ੍ਹਾਂ ਦੇ ਨੇੜੇ ਹੀ ਨੱਚ ਰਹੀ ਹੈ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਰਾਧੇ ਮਾਂ ਦੇ ਫ਼ੇਸਬੁਕ ਪੰਨੇ ਉਤੇ ਅਪਲੋਡ ਕੀਤੇ ਗਏ ਇਸ ਵੀਡੀਉ 'ਚ ਨਜ਼ਰ ਆ ਰਹੇ ਪੰਜ ਪੁਲਿਸ ਮੁਲਾਜ਼ਮ ਸਹਾਹਿਕ ਸਬ-ਇੰਸਪੈਕਟਰ ਬ੍ਰਿਜ ਭੂਸ਼ਣ ਅਤੇ ਰਾਧੇ ਕਿਸ਼ਨ, ਹੈੱਡ ਕਾਂਸਟੇਬਲ ਪ੍ਰਮੋਦ ਅਤੇ ਕਾਂਸਟੇਬਲ ਹਿਤੇਸ਼ ਅਤੇ ਰਵਿੰਦਰ ਹਨ। ਪੂਰਬੀ ਰੇਂਜ ਦੇ ਸੰਯੁਕਤ ਪੁਲਿਸ ਕਮਿਸ਼ਨਰ ਰਵਿੰਦਰ ਯਾਦਵ ਨੇ ਕਿਹਾ ਕਿ ਐਸ.ਐਚ.ਓ. ਅਤੇ ਪੰਜ ਪੁਲਿਸ ਮੁਲਾਜ਼ਮਾਂ ਵਿਰੁਧ ਜਾਂਚ ਸ਼ੁਰੂ ਕਰ ਦਿਤੀ ਗਈ ਹੈ ਅਤੇ ਉਨ੍ਹਾਂ ਨੂੰ ਪੁਲਿਸ ਲਾਈਨਸ ਭੇਜ ਦਿਤਾ ਗਿਆ ਹੈ।
ਨਾਂ ਜ਼ਾਹਰ ਨਾ ਕਰਨ ਦੀ ਸ਼ਰਤ 'ਤੇ ਇਕ ਅਧਿਕਾਰੀ ਨੇ ਕਿਹਾ ਕਿ ਐਸ.ਐਚ.ਓ. ਨੇ ਦਾਅਵਾ ਕੀਤਾ ਕਿ ਰਾਧੇ ਮਾਂ ਰਾਮਲੀਲਾ ਦੇ ਪ੍ਰੋਗਰਾਮ 'ਚ ਜਾ ਰਹੀ ਸੀ ਅਤੇ ਪਖਾਨੇ ਦਾ ਪ੍ਰਯੋਗ ਕਰਨ ਲਈ ਪੁਲਿਸ ਥਾਣੇ 'ਚ ਰੁਕੀ ਸੀ।
ਸੋਸ਼ਲ ਮੀਡੀਆ ਉਤੇ ਅਪਣੀਆਂ ਭੜਕੀਲੀਆਂ ਤਸਵੀਰਾਂ ਨੂੰ ਲੈ ਕੇ ਸੁਰਖ਼ੀਆਂ 'ਚ ਆਈ ਸੁਖਵਿੰਦਰ ਕੌਰ ਉਰਫ਼ ਰਾਧੇ ਮਾਂ ਪਹਿਲਾਂ ਵੀ ਕਈ ਵਿਵਾਦਾਂ ਦੇ ਕੇਂਦਰ 'ਚ ਰਹਿ ਚੁੱਕੀ ਹੈ।ਇਸ ਸਾਲ ਦੀ ਸ਼ੁਰੂਆਤ 'ਚ ਮੁੰਬਈ ਸਥਿਤ ਇਕ ਔਰਤ ਨੇ ਬੰਬਈ ਹਾਈ ਕੋਰਟ 'ਚ ਅਪੀਲ ਦਾਇਰ ਕਰ ਕੇ ਦੋਸ਼ ਲਾਇਆ ਸੀ ਕਿ ਰਾਧੇ ਮਾਂ ਨੇ ਦਾਜ ਲਈ ਉਸ ਨੂੰ ਤੰਗ-ਪ੍ਰੇਸ਼ਾਨ ਕਰਨ ਲਈ ਉਸ ਦੇ ਸੱਚ-ਸਹੁਰੇ ਨੂੰ ਭੜਕਾਇਆ ਸੀ। ਗੁਜਰਾਤ ਤੋਂ ਆਉਣ ਵਾਲੇ ਭਾਜਪਾ ਦੇ ਇਕ ਵਿਧਾਇਕ ਨੇ ਸਾਲ 2015 'ਚ ਇਕ ਹੀ ਪ੍ਰਵਾਰ ਦੇ ਸੱਤ ਜੀਆਂ ਵਲੋਂ ਖ਼ੁਦਕੁਸ਼ੀ ਕੀਤੇ ਜਾਣ ਦੇ ਮਾਮਲੇ 'ਚ ਰਾਧੇ ਮਾਂ ਵਿਰੁਧ ਜਾਂਚ ਦੀ ਮੰਗ ਕੀਤੀ ਸੀ। (ਪੀਟੀਆਈ)