
ਬੀਤੇ ਦਿਨ ਤੋਂ ਅਕਾਲੀ ਵਰਕਰਾਂ ਵਿਰੁੱਧ ਦਰਜ ਪੁਲਿਸ ਕੇਸ ਵਾਪਸ ਕਰਵਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹਰੀਕੇ ਪੱਤਣ ‘ਤੇ ਲਾਏ ਧਰਨੇ ਤੋਂ ਬਾਅਦ ਅੱਜ ਪੰਜਾਬ ਵਿੱਚ ਹੋਰਨਾਂ ਥਾਵਾਂ ‘ਤੇ ਵੀ ਅਕਾਲੀ ਵਰਕਰਾਂ ਨੇ ਸੜਕਾਂ ਜਾਮ ਕਰਨੀਆਂ ਸ਼ੁਰੂ ਕਰ ਦਿੱਤੀਆਂ। ਅੱਜ ਸਵੇਰੇ ਹੀ ਪਠਾਨਕੋਟ-ਜੰਮੂ ਕੌਮੀ ਮਾਰਗ ਜਾਮ ਕਰ ਦਿੱਤਾ ਹੈ।
ਅਕਾਲੀ ਵਰਕਰਾਂ ਨੇ ਪਠਾਨਕੋਟ-ਜੰਮੂ ਕੌਮੀ ਮਾਰਗ ‘ਤੇ ਮਾਧੋਪੁਰ ਕੋਲ ਰੋਡ ਜਾਮ ਕਰ ਦਿੱਤਾ ਗਿਆ। ਇੱਥੇ ਅਕਾਲੀ ਦਲ ਯੂਥ ਦੇ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਰਾਣਾ ਦੀ ਅਗਵਾਈ ਵਿੱਚ ਅਕਾਲੀ ਵਰਕਰ ਸੜਕ ਨੂੰ ਜਾਮ ਕਰਕੇ ਬੈਠ ਗਏ ਹਨ। ਇੱਥੇ ਬੈਠੇ ਵਰਕਰਾਂ ਨੇ ਕਾਂਗਰਸ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।
ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਸੁਖਬੀਰ ਬਾਦਲ ਦਾ ਸਾਬਕਾ ਮਾਲ ਮੰਤਰੀ ਬਿਕਰਮਜੀਤ ਮਜੀਠੀਆ ਨੇ ਵੀ ਸਾਥ ਦਿੱਤਾ ਤੇ ਕਾਂਗਰਸ ਸਰਕਾਰ ਵਿਰੁੱਧ ਤਿੱਖੀ ਟੀਕਾ ਟਿੱਪਣੀ ਕੀਤੀ। ਮੀਜੀਠੀਆ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੀਆਂ ਕੁਝ ਗੱਲਾਂ ਦਾ ਹਵਾਲਾ ਦਿੰਦਿਆਂ ਬੀਤੇ ਦਿਨ ਹੋਈਆਂ ਖ਼ੂਨੀ ਝੜਪਾਂ ਨੂੰ ਪੰਜਾਬ ਵਿੱਚ ਲੋਕਤੰਤਰ ਦੀ ਹੱਤਿਆ ਕਰਾਰ ਦਿੱਤਾ।
ਹਾਲਾਂਕਿ, ਸਾਬਕਾ ਅਮਰੀਕੀ ਰਾਸ਼ਟਰਪਤੀ ਓਬਾਮਾ ਦੀਆਂ ਜਿਨ੍ਹਾਂ ਸਤਰਾਂ ਨੂੰ ਮਜੀਠੀਆ ਨੇ ਦੁਹਰਾਇਆ ਉਨ੍ਹਾਂ ਦਾ ਪੰਜਾਬ ਨਾਲ ਕੋਈ ਸਰੋਕਾਰ ਨਹੀਂ ਸੀ, ਪਰ ਸਿਆਸਤਦਾਨ ਨੇ ਉਨ੍ਹਾਂ ਨੂੰ ਆਪਣੇ ਮੁਤਾਬਕ ਢਾਲ ਕੇ ਵਰਤ ਹੀ ਲਿਆ।
ਅਕਾਲੀ ਦਲ ਵੱਲੋਂ ਕਾਂਗਰਸ ਦੀਆਂ ਕਥਿਤ ਵਧੀਕੀਆਂ ਤਹਿਤ ਹੋਏ ਪਰਚੇ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਅਕਾਲੀ ਦਲ ਨੇ ਇਹ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਪੂਰੇ ਪੰਜਾਬ ਨੂੰ ਬੰਦ ਕਰ ਦਿੱਤਾ ਜਾਵੇਗਾ।