
ਬਲਾਤਕਾਰ ਦੇ ਮਾਮਲੇ ‘ਚ 20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਦਾ ਮਾਮਲਾ ਹਾਲੇ ਠੰਡਾ ਵੀ ਨਹੀਂ ਹੋਇਆ ਕਿ ਹੁਣ ਇਕ ਹੋਰ ਬਾਬੇ ‘ਤੇ ਬਲਾਤਕਾਰ ਦਾ ਇਲਜ਼ਾਮ ਲੱਗਿਆ ਹੈ। ਰਾਜਸਥਾਨ ਦੇ ਪ੍ਰਸਿੱਧ ਸੰਤ ਕੌਸ਼ਲੇਂਦਰ ਪਰਪੰਨਾਚਾਰੀਆ ਫਲਹਾਰੀ ਮਹਾਰਾਜ ਉੱਤੇ ਇੱਕ 21 ਸਾਲ ਦੀ ਲੜਕੀ ਨੇ ਬਲਾਤਕਾਰ ਦਾ ਇਲਜ਼ਾਮ ਲਗਾਇਆ ਹੈ।
ਫਲਹਾਰੀ ਮਹਾਰਾਜ ਉੱਤੇ ਬਲਾਤਕਾਰ ਦਾ ਇਲਜ਼ਾਮ ਲਗਾਉਣ ਵਾਲੀ ਲੜਕੀ ਛੱਤੀਸਗੜ ਦੇ ਬਿਲਾਸਪੁਰ ਦੀ ਰਹਿਣ ਵਾਲੀ ਹੈ। ਪੀੜਤ ਲੜਕੀ ਨੇ ਉਥੇ ਹੀ ਜੀਰੋ ਐੱਫਆਈਆਰ ਦਰਜ ਕਰਾਈ, ਜਿਸ ਤੋਂ ਬਾਅਦ ਰਾਜਸਥਾਨ ਦੀ ਅਲਵਰ ਪੁਲਿਸ ਹਰਕਤ ਵਿੱਚ ਆਈ ਹੈ।
ਬਿਲਾਸਪੁਰ ਪੁਲਿਸ ਨੇ ਦਰਜ ਕੀਤਾ ਪੀੜਿਤ ਲੜਕੀ ਦਾ ਬਿਆਨ
ਪੀੜਿਤ ਲੜਕੀ ਨੇ ਬਿਲਾਸਪੁਰ ਦੇ ਇੱਕ ਥਾਣੇ ਵਿੱਚ ਫਲਹਾਰੀ ਮਹਾਰਾਜ ਦੇ ਖਿਲਾਫ ਬਲਾਤਕਾਰ ਦਾ ਮਾਮਲਾ ਦਰਜ ਕਰਵਾਇਆ ਹੈ। ਇਸ ਤੋਂ ਬਾਅਦ ਪੀੜਿਤ ਲੜਕੀ ਦੇ 164 ਦੇ ਬਿਆਨ ਵੀ ਦਰਜ ਹੋ ਚੁੱਕੇ ਹਨ। ਸੀ.ਡੀ.ਆਰ ਅਤੇ ਕੱਪੜਿਆਂ ਦੀ ਫਰਦ ਜਪਤੀ ਕਰਵਾ ਕੇ ਕੇਸ ਡਾਇਰੀ ਅਲਵਰ ਭੇਜ ਦਿੱਤੀ ਗਈ ਹੈ।
ਗ੍ਰਿਫਤਾਰ ਕਰਨ ਆਸ਼ਰਮ ਪਹੁੰਚੀ ਪੁਲਿਸ
ਬਿਲਾਸਪੁਰ ਪੁਲਿਸ ਤੋਂ ਮਿਲੇ ਦਸਤਾਵੇਜਾਂ ਦੇ ਨਾਲ ਹੁਣ ਅਲਵਰ ਪੁਲਿਸ ਮਾਮਲੇ ਦੀ ਐੱਫਆਈਆਰ ਦਰਜ ਕਰਨ ਦੀ ਕਾਰਵਾਈ ਵਿੱਚ ਲੱਗੀ ਹੋਈ ਹੈ। ਨਾਲ ਹੀ ਮਹਾਰਾਜ ਦੀ ਗ੍ਰਿਫਤਾਰੀ ਲਈ ਉਨ੍ਹਾਂ ਦੇ ਆਸ਼ਰਮ ਵਿੱਚ ਟੀਮ ਭੇਜੀ ਗਈ ਹੈ, ਹਾਲਾਂਕਿ ਪੁਲਿਸ ਨੂੰ ਮੁਲਜ਼ਮ ਮਹਾਰਾਜ ਨਹੀਂ ਮਿਲੇ।
ਮਹਾਰਾਜ ਦੀ ਸਿਹਤ ਖਰਾਬ, ਇਲਾਜ ਲਈ ਬਾਹਰ
ਫਲਹਾਰੀ ਮਹਾਰਾਜ ਦੇ ਚੇਲਿਆਂ ਨੇ ਇਸ ਪੂਰੀ ਘਟਨਾ ਦੇ ਬਾਰੇ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ। ਉਨਾਂ ਦਾ ਕਹਿਣਾ ਹੈ ਕਿ ਇਸ ਬਾਰੇ ਉਨਾਂ ਨੂੰ ਕੁੱਝ ਵੀ ਪਤਾ ਨਹੀਂ ਹੈ। ਉਨ੍ਹਾਂ ਨੇ ਦੱਸਿਆ ਕਿ ਫਲਹਾਰੀ ਮਹਾਰਾਜ ਦੀ ਤਬੀਅਤ ਖ਼ਰਾਬ ਹੈ ਅਤੇ ਉਹ ਆਂਤੜੀਆਂ ਦੇ ਇੱਕ ਰੋਗ ਨਾਲ ਪੀੜਿਤ ਹਨ ਤੇ ਗੱਲ ਕਰਨ ਦੇ ਯੋਗ ਵੀ ਨਹੀਂ।
ਓਧਰ ਅਲਵਰ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਉਨਾਂ ਨੂੰ ਇਸ ਬਾਰੇ ਸ਼ਿਕਾਇਤ ਮਿਲ ਗਈ ਹੈ। ਉਨਾਂ ਕਿਹਾ ਕਿ ਪੁਲਿਸ ਨਿਰਪੱਖ ਤਰੀਕੇ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਾਂਚ ਵਿੱਚ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਖਿਲਾਫ ਕਰੜੀ ਤੋਂ ਕਰੜੀ ਕਾਰਵਾਈ ਕੀਤੀ ਜਾਵੇਗੀ।
ਜਦੋਂ ਉਨਾਂ ਨੂੰ ਫਲਹਾਰੀ ਮਹਾਰਾਜ ਦੀ ਗ੍ਰਿਫਤਾਰੀ ਬਾਰੇ ਸਵਾਲ ਕੀਤਾ ਗਿਆ ਤਾਂ ਉਨਾਂ ਸਪਸ਼ਟ ਜਵਾਬ ਦੇਣ ਦੀ ਬਜਾਏ ਸਿਰਫ ਐਨਾ ਹੀ ਕਿਹਾ ਕਿ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ।