

ਹਰਿਆਣਾ ਪੁਲਿਸ ਦੀ ਆਮਦ ਦਾ ਪਤਾ ਚੱਲਦੇ ਹੀ ਘਰ ਦਾ ਮਾਲਕ ਗੁਰਮੀਤ ਸਿੰਘ ਫ਼ਰਾਰ ਹੋ ਗਿਆ ਜਦਕਿ ਪੁਲਿਸ ਨੇ ਘਰ ਵਿਚ ਮੌਜੂਦ ਇਕੱਲੀ ਉਸ ਦੀ ਮਾਤਾ ਸ਼ਰਨਜੀਤ ਕੌਰ ਤੋਂ ਪੁਛ ਪੜਤਾਲ ਕੀਤੀ ਅਤੇ ਪਿੰਡ ਦੇ ਸਰਪੰਚ ਨੂੰ ਜਾਂਚ ਲਈ ਘਰ ਦੇ ਮਾਲਕਾਂ ਨੂੰ ਪੰਚਕੂਲਾ ਲਿਆਉਣ ਲਈ ਕਿਹਾ। ਇਸ ਦੌਰਾਨ ਪੁੱਜੇ ਮੀਡੀਆ ਕੋਲ ਸ਼ਰਨਜੀਤ ਕੌਰ ਨੇ ਦਾਅਵਾ ਕੀਤਾ ਕਿ ਉੁਨ੍ਹਾਂ ਨੂੰ ਸੁਖਦੀਪ ਦੇ ਨਾਲ ਘਰ ਵਿਚ ਠਹਿਰੀ ਲੜਕੀ ਦੇ ਹਨੀਪ੍ਰੀਤ ਕੌਰ ਹੋਣ ਬਾਰੇ ਕੋਈ ਪਤਾ ਨਹੀਂ ਸੀ, ਬਲਕਿ ਪਤਾ ਲੱਗਦੇ ਹੀ ਦੋਹਾਂ ਨੂੰ ਘਰੋਂ ਤੋਰ ਦਿਤਾ ਸੀ। ਵੱਡੀ ਗੱਲ ਇਹ ਵੀ ਹੈ ਕਿ ਸਰਨਜੀਤ ਕੌਰ ਨੇ ਅਪਣੇ ਪਰਵਾਰ ਦੇ ਡੇਰਾ ਸਿਰਸਾ ਨਾਲ ਕੋਈ ਸਬੰਧ ਹੋਣ ਤੋਂ ਇਨਕਾਰ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਉਹ ਡੇਰਾ ਪ੍ਰੇਮੀ ਨਹੀਂ, ਬਲਕਿ ਰਿਸ਼ਤੇਦਾਰ ਹੋਣ ਕਾਰਨ ਸੁਖਦੀਪ ਕੌਰ ਨੂੰ ਘਰ ਵਿਚ ਠਹਿਰਾਇਆ ਸੀ। ਹਾਲਾਂਕਿ ਸ਼ਰਨਜੀਤ ਕੌਰ ਦੇ ਪੇਕੇ ਘਰ ਰਾਮ ਰਹੀਮ ਤੋਂ ਪਹਿਲੇ ਮੁਖੀ ਸ਼ਾਹ ਸਤਨਾਮ ਸਿੰਘ ਵੀ ਪਿੰਡ ਬੱਲੂਆਣਾ ਆਏ ਸਨ ਜਿਸ ਦੇ ਚੱਲਦੇ ਇਕਬਾਲ ਸਿੰਘ ਦਾ ਪਰਵਾਰ ਡੇਰੇ ਦਾ ਕੱਟੜ ਸ਼ਰਧਾਲੂ ਹੈ।

ਸੂਤਰਾਂ ਅਨੁਸਾਰ ਜੰਗੀਰਾਣਾਂ ਤੋਂ ਪੁਲਿਸ ਹਨੀਪ੍ਰੀਤ ਤੇ ਸੁਖਦੀਪ ਨੂੰ ਸਿਰਸਾ ਤੇ ਰਾਜਸਥਾਨ ਵਲ ਲੈ ਗਈ ਹੈ, ਜਿਥੇ ਉਹ ਅਪਣੀ ਫ਼ਰਾਰੀ ਦੌਰਾਨ ਰੁਕੀ ਹੋਈ ਸੀ। ਹਨੀਪ੍ਰੀਤ ਨੂੰ ਲੈ ਕੇ ਪੁੱਜੀ ਹਰਿਆਣਾ ਪੁਲਿਸ ਦੀ ਅਗਵਾਈ ਕਰ ਰਹੇ ਡੀ.ਐਸ.ਪੀ ਮੁਕੇਸ਼ ਕੁਮਾਰ ਨੇ ਅਪਣੀ ਫ਼ੇਰੀ ਸਬੰਧੀ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿਤਾ। ਹਰਿਆਣਾ ਪੁਲਿਸ ਦੀ ਟੀਮ ਨੇ ਪਿੰਡ ਜੰਗੀਰਾਣਾ ਜਾਣ ਤੋਂ ਪਹਿਲਾਂ ਇਸ ਇਲਾਕੇ ਦੇ ਥਾਣਾ ਨੰਦਗੜ੍ਹ ਵਿਖੇ ਅਪਣੀ ਆਮਦ ਦਰਜ ਕਰਵਾਈ ਤੇ ਥਾਣੇ ਵਿਚੋਂ ਦੋ ਮੁਲਾਜ਼ਮਾਂ ਨੂੰ ਅਪਣੇ ਨਾਲ ਲੈ ਗਈ। ਜਾਂਚ ਪੜਤਾਲ ਤੋਂ ਬਾਅਦ ਜਾਂਦੇ ਸਮੇਂ ਟੀਮ ਅਪਣੀ ਰਵਾਨਗੀ ਪਾ ਕੇ ਪੁਲਿਸ ਮੁਲਾਜ਼ਮਾਂ ਨੂੰ ਛੱਡ ਗਈ। ਦਸਣਯੋਗ ਹੈ ਕਿ ਲੰਘੀ 5 ਅਕਤੂਬਰ ਨੂੰ ਹਰਿਆਣਾ ਪੁਲਿਸ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਦੀ ਮੂੰਹ ਬੋਲੀ 'ਬੇਟੀ' ਹਨੀਪ੍ਰੀਤ ਕੌਰ ਅਤੇ ਉਸ ਦੀ ਸਾਥਣ ਸੁਖਦੀਪ ਕੌਰ ਨੂੰ ਬਠਿੰਡਾ ਦੇ ਗਣੇਸ਼ਾ ਬਸਤੀ ਦੇ ਨਜ਼ਦੀਕ ਆਰੀਆ ਨਗਰ ਦੀ ਗਲੀ ਨੰਬਰ ਦੋ ਵਿਚ ਲੈ ਕੇ ਆਈ ਸੀ। ਹਾਲਾਂਕਿ ਇਸ ਫੇਰੀ ਦੌਰਾਨ ਹਰਿਆਣਾ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਦੇ ਹੱਥ ਕੁੱਝ ਨਹੀਂ ਲੱਗਿਆ ਸੀ ਕਿਉਂਕਿ ਜਾਂਚ ਪੜਤਾਲ ਦੌਰਾਨ ਪਾਇਆ ਗਿਆ ਕਿ ਇਹ ਘਰ ਕਾਫ਼ੀ ਲੰਮੇ ਸਮੇਂ ਤੋਂ ਖ਼ਾਲੀ ਸੀ।