
ਬੀਤੀ 13 ਜਨਵਰੀ ਨੂੰ ਹੋਈ ਕਤਲ ਦੀ ਵਾਰਦਾਤ ਨੂੰ ਪੁਲਿਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ। ਪੁਲਿਸ ਮੁਤਾਬਕ ਸਮਰਗੋਪਾਲ ਪਿੰਡ ਵਿੱਚ ਕਤਲ ਬੱਚੇ ਦੇ ਬਾਪ ਨੇ ਨਹੀਂ ਬਲਕਿ ਉਸ ਦੀ ਵੱਡੀ ਭੈਣ ਨੇ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਭੈਣ ਨੇ ਆਪਣੇ ਭਰਾ ਨੂੰ ਇਸ ਲਈ ਮਾਰ ਦਿੱਤਾ ਕਿਉਂਕਿ ਉਹ ਉਸ ਦੇ ਪ੍ਰੇਮੀ ਦਾ ਨਾਂ ਲੈ ਕੇ ਉਸ ਨੂੰ ਚਿੜਾਉਂਦਾ ਸੀ।
ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਰੋਹਤਕ ਦੇ ਪੁਲਿਸ ਕਪਤਾਨ ਪੰਕਜ ਨੈਨ ਨੇ ਅੱਜ ਖੁਲਾਸਾ ਕੀਤਾ ਕਿ 16 ਸਾਲਾ ਮ੍ਰਿਤਕ ਮੌਂਟੀ ਸਿੰਘ ਦੀ ਮੌਤ ਉਸ ਦੀ 19 ਸਾਲਾ ਭੈਣ ਵੱਲੋਂ ਕੁਰਸੀ ਨਾਲ ਬੰਨ੍ਹ ਕੇ ਸਿਰ ਵਿੱਚ ਹਥੌੜਾ ਮਾਰਨ ਤੇ ਫਿਰ ਗਲ਼ਾ ਵੱਢ ਦੇਣ ਕਾਰਨ ਹੋਈ ਹੈ।
ਇਹ ਭੈਣ-ਭਰਾ ਦੀ ਬਚਪਨ ਦੀ ਖੇਡ ਸੀ ਜੋ ਇੱਕ ਦੂਜੇ ਨੂੰ ਕੁਰਸੀ ਨਾਲ ਬੰਨ੍ਹ ਕੇ ਖੇਡਦੇ ਸਨ। ਪੁਲਿਸ ਮੁਤਾਬਕ ਮ੍ਰਿਤਕ ਨੂੰ ਅਹਿਸਾਸ ਨਹੀਂ ਸੀ ਕਿ ਉਸ ਨਾਲ ਕੁਝ ਬੁਰਾ ਹੋਣ ਵਾਲਾ ਹੈ ਕਿਉਂਕਿ ਉਹ ਇਸ ਨੂੰ ਖੇਡ ਦਾ ਹਿੱਸਾ ਸਮਝ ਰਿਹਾ ਹੋਵੇਗਾ। ਐਸ.ਪੀ. ਨੇ ਦੱਸਿਆ ਕਿ ਕਤਲ ਤੋਂ ਬਾਅਦ ਮੁਲਜ਼ਮ ਕਾਜਲ ਨੇ ਭਰਾ ਮੌਂਟੀ ਦੀ ਲਾਸ਼ ਘਰ ਦੇ ਬੈੱਡ ਵਿੱਚ ਲੁਕਾ ਦਿੱਤੀ ਤੇ ਇਸ ਦਾ ਇਲਜ਼ਾਮ ਪਿਤਾ ਤੇਜਪਾਲ ‘ਤੇ ਲਾ ਦਿੱਤਾ।
ਕਾਜਲ ਦੀ ਮਾਂ ਸੁਸ਼ੀਲਾ ਵੀ ਤੇਜਪਾਲ ਨੂੰ ਆਪਣੇ ਪੁੱਤ ਦਾ ਕਾਤਲ ਸਮਝਣ ਲੱਗੀ ਸੀ, ਕਿਉਂਕਿ ਪਤੀ ਪਤਨੀ ਬੀਤੇ 10 ਸਾਲਾਂ ਤੋਂ ਵਿਵਾਦ ਸੀ ਤੇ ਉਹ ਹੁਣ ਇੱਕ-ਦੂਜੇ ਤੋਂ ਵੱਖ ਰਹਿੰਦੇ ਸਨ। ਕਤਲ ਤੋਂ ਬਾਅਦ ਪੁਲਿਸ ਨੂੰ ਕਾਜਲ ਨੇ ਹੀ ਫ਼ੋਨ ਕਰ ਦਿੱਤਾ।
ਮੀਡੀਆ ਨਾਲ ਗੱਲਬਾਤ ਦੌਰਾਨ ਮੁਲਜ਼ਮ ਕਾਜਲ ਨੇ ਕਿਹਾ ਕਿ ਉਸ ਦਾ ਭਰਾ ਤੇ ਬਾਪ ਉਸ ਨੂੰ ਘਰੋਂ ਬਾਹਰ ਨਹੀਂ ਸੀ ਜਾਣ ਦੇ ਦਿੰਦੇ ਤੇ ਮੋਂਟੀ ਉਸ ਨੂੰ ਉਸ ਦੇ ਪ੍ਰੇਮੀ ਦੇ ਨਾਂ ਤੋਂ ਚਿੜਾਉਂਦਾ ਰਹਿੰਦਾ ਸੀ। ਉਸ ਨੇ ਦੱਸਿਆ ਕਿ ਉਹ ਮੌਂਟੀ ਨੂੰ ਮਾਰਨਾ ਨਹੀਂ ਸੀ ਚਾਹੁੰਦੀ।
ਪਰ ਜਦੋਂ ਮੋਂਟੀ ਸਿਰ ਵਿੱਚ ਹਥੌੜਾ ਵੱਜਣ ਨਾਲ ਬੇਹੋਸ਼ ਹੋ ਗਿਆ ਤਾਂ ਉਹ ਡਰ ਗਈ ਤੇ ਗਲ਼ ਵੱਢ ਕੇ ਉਸ ਨੂੰ ਮਾਰ ਦਿੱਤਾ। ਉਸ ਨੇ ਇਹ ਵੀ ਦੱਸਿਆ ਕਿ ਉਹ ਇੰਟਰਨੈੱਟ ‘ਤੇ ਅਜਿਹੇ ਅਪਰਾਧਾਂ ਨਾਲ ਸਬੰਧਤ ਵੀਡੀਓ ਵੇਖਦੀ ਰਹਿੰਦੀ ਸੀ। ਉਸ ਨੇ ਕਤਲ ਦੀ ਪ੍ਰੇਰਨਾ ਇੱਥੋਂ ਹੀ ਲਈ ਸੀ ।