
ਮੇਰਠ : ਦੇਸ਼ ਦੀ ਸੁਰੱਖਿਆ ਵਿੱਚ ਤਾਇਨਾਤ ਰਹਿਣ ਵਾਲੇ ਜਵਾਨ ਵੀ ਅੱਜਕੱਲ੍ਹ ਭੂ-ਮਾਫ਼ੀਆ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਿਚਕਾਰ ਮਿਲੀਭੁਗਤ ਦੇ ਸ਼ਿਕਾਰ ਬਣ ਰਹੇ ਹਨ। ਮਾਮਲਾ ਮੇਰਠ ਦਾ ਹੈ। ਇਲਜ਼ਾਮ ਹੈ ਕਿ ਇੱਥੇ ਇੱਕ ਬੀਐਸਐਫ ਦੇ ਸੂਬੇਦਾਰ ਦੀ ਜ਼ਮੀਨ 'ਤੇ ਕੁੱਝ ਲੋਕਾਂ ਨੇ ਸਰਕਾਰੀ ਤੰਤਰ ਨਾਲ ਕਥਿਤ ਤੌਰ 'ਤੇ ਮਿਲੀਭੁਗਤ ਕਰਕੇ ਕਬਜ਼ਾ ਕਰ ਲਿਆ ਹੈ।
ਹੁਣ ਪੀੜਿਤ ਅਫਸਰਾਂ ਦੇ ਦਫ਼ਤਰਾਂ ਦੇ ਚੱਕਰ ਲਗਾ ਰਿਹਾ ਹੈ। ਸਰਹੱਦ 'ਤੇ ਦੇਸ਼ ਦੇ ਦੁਸ਼ਮਣਾਂ ਖਿ਼ਲਾਫ਼ ਸੀਨਾ ਤਾਣ ਕੇ ਖੜ੍ਹਨ ਵਾਲਾ ਫ਼ੌਜੀ ਇਸ ਮਾਮਲੇ ਵਿਚ ਲਾਚਾਰ ਨਜ਼ਰ ਆ ਰਿਹਾ ਹੈ। ਇਹੀ ਨਹੀਂ ਫ਼ੌਜੀ ਨੇ ਇਨਸਾਫ਼ ਨਾ ਮਿਲਣ 'ਤੇ ਆਤਮਹੱਤਿਆ ਕਰਨ ਤੱਕ ਦੀ ਚਿਤਾਵਨੀ ਦਿੱਤੀ ਹੈ। ਫ਼ੌਜੀ ਜਗਵੀਰ ਸਿੰਘ ਬਾਰਡਰ ਸਕਿਓਰਟੀ ਫੋਰਸ (BSF) ਵਿੱਚ ਨਾਇਬ ਸੂਬੇਦਾਰ ਦੇ ਅਹੁਦੇ 'ਤੇ ਤਾਇਨਾਤ ਹੈ।
ਜਗਵੀਰ ਦਾ ਇਲਜ਼ਾਮ ਹੈ ਕਿ ਪਿੰਡ ਦੇ ਹੀ ਕੁੱਝ ਲੋਕਾਂ ਨੇ ਤਹਿਸੀਲਦਾਰ ਅਤੇ ਐਸਡੀਐਮ ਨਾਲ ਕਥਿਤ ਤੌਰ 'ਤੇ ਮਿਲੀਭਗੁਤ ਕਰਕੇ ਜ਼ਮੀਨ ਦਾ ਖਸਰਾ ਨੰਬਰ ਬਦਲ ਦਿੱਤਾ। ਇਸਦੇ ਬਾਅਦ ਖੇਤ ਵਿੱਚ ਖੜ੍ਹੀ ਉਸ ਦੀ ਕਣਕ ਦੀ ਸਾਰੀ ਫ਼ਸਲ ਟਰੈਕਟਰ ਨਾਲ ਵਾਹ ਦਿੱਤੀ ਗਈ।
ਫ਼ੌਜੀ ਨੇ ਕਿਹਾ ਕਿ ਹੁਣ ਉਸ ਦੇ ਕੋਲ ਕੁਝ ਨਹੀਂ ਬਚਿਆ ਹੈ। ਇਸਦੀ ਸ਼ਿਕਾਇਤ ਉਸ ਨੇ ਤਹਿਸੀਲਦਾਰ ਅਤੇ ਸੰਬੰਧਿਤ ਐਸਡੀਐਮ ਨੂੰ ਵੀ ਕੀਤੀ, ਪਰ ਕੋਈ ਸੁਣਵਾਈ ਨਹੀਂ ਹੋਈ। ਇੱਥੇ ਤੱਕ ਕਿ ਐਸਡੀਐਮ ਨੇ ਵੀ ਉਸ ਨੂੰ ਖਦੇੜ ਦਿੱਤਾ। ਉਸ ਨੇ ਭਰੇ ਮਨ ਨਾਲ ਕਿਹਾ ਕਿ ਹੁਣ ਉਸ ਦੇ ਕੋਲ ਸੁਸਾਇਡ ਕਰਨ ਦੇ ਇਲਾਵਾ ਕੋਈ ਰਸਤਾ ਨਹੀਂ ਬਚਿਆ ਹੈ।
ਪੀੜਤ ਫ਼ੌਜੀ ਨੇ ਦੱਸਿਆ ਕਿ ਉਹ ਪਾਕਿਸਤਾਨ ਸਰਹੱਦ 'ਤੇ ਤਾਇਨਾਤ ਹੈ। ਉਸ ਨੇ ਕਾਰਗਿਲ ਦੀ ਲੜਾਈ ਵੀ ਲੜੀ ਹੈ। ਉਸ ਨੇ ਕਿਹਾ ਕਿ ਅਸੀਂ ਤਾਂ ਇੱਕ ਨਾ ਇੱਕ ਦਿਨ ਸ਼ਹੀਦ ਹੀ ਹੋਣਾ ਹੈ, ਇਸ ਲਈ ਮੈਂ ਇੱਥੇ ਸ਼ਹੀਦ ਹੋ ਜਾਵਾਂਗਾ। ਉਸ ਨੇ ਅਧਿਕਾਰੀਆਂ 'ਤੇ ਰਿਸ਼ਵਤ ਲੈ ਕੇ ਕੰਮ ਕਰਨ ਦਾ ਦੋਸ਼ ਲਗਾਇਆ।
ਉਸ ਨੇ ਕਿਹਾ ਕਿ ਮੈਨੂੰ ਨੌਕਰੀ ਤੋਂ ਜੋ ਪੈਸੇ ਮਿਲਦੇ ਹਨ ਉਹ ਬੱਚਿਆਂ 'ਤੇ ਹੀ ਖਰਚ ਹੋ ਜਾਂਦੇ ਹਨ। ਉਸ ਨੇ ਆਖਿਆ ਕਿ 10 ਲੱਖ ਰੁਪਏ ਲੋਨ ਲੈ ਕੇ ਮੈਂ ਜ਼ਮੀਨ ਖਰੀਦੀ ਸੀ। ਹੁਣ ਮੇਰੇ ਕੋਲ ਕੁਝ ਨਹੀਂ ਬਚਿਆ ਹੈ। ਮੈਨੂੰ ਇਨਸਾਫ ਚਾਹੀਦਾ । ਉਸ ਨੈ ਕਿਹਾ ਕਿ ਜਦੋਂ ਮੈਨੂੰ ਸੂਚਨਾ ਮਿਲੀ ਤਾਂ ਛੁੱਟੀ ਲੈ ਕੇ ਘਰ ਆਇਆ। ਇੱਥੇ ਸਭ ਅਧਿਕਾਰੀ ਭ੍ਰਿਸ਼ਟ ਹਨ, ਇਨ੍ਹਾਂ ਨੇ ਮੈਨੂੰ ਬਰਬਾਦ ਕਰ ਦਿੱਤਾ ਹੈ।
ਕੀ ਕਹਿੰਦੇ ਹਨ ਪੁਲਿਸ ਅਧਿਕਾਰੀ
ਅਪਰ ਨਗਰ ਮੈਜਿਸਟ੍ਰੇਟ ਅਮਿਤਾਭ ਭਾਰਦਵਾਜ ਨੇ ਦੱਸਿਆ ਕਿ ਪੀੜਿਤ ਫੌਜੀ ਦੀ ਸ਼ਿਕਾਇਤ ਲੈ ਲਈ ਗਈ ਹੈ ਅਤੇ ਐਸਡੀਐਮ ਸਰਦਨਾ ਨੂੰ ਭੇਜ ਦਿੱਤੀ ਗਈ ਹੈ, ਕਾਨੂੰਨ ਮੁਤਾਬਕ ਜੋ ਵੀ ਕਾੱਰਵਾਈ ਹੋਵੇਗੀ ਕੀਤੀ ਜਾਵੇਗੀ। ਇਲਜ਼ਾਮ ਤਾਂ ਕੋਈ ਲਗਾ ਸਕਦਾ ਹੈ। ਜਾਂਚ - ਪੜਤਾਲ ਦੇ ਬਾਅਦ ਹੀ ਠੀਕ ਮਾਮਲਾ ਸਾਹਮਣੇ ਆਵੇਗਾ।