
ਚੰਡੀਗੜ੍ਹ : ਸੈਕਟਰ-29 'ਚ 5 ਸਾਲ ਦੀ ਬੱਚੀ ਨੂੰ ਬੋਰੀ 'ਚ ਬੰਨ੍ਹ ਕੇ ਉਸ ਦੀ ਕੁੱਟਮਾਰ ਕਰਨ ਵਾਲੀ ਫਰਾਰ ਮਤਰੇਈ ਮਾਂ ਜਸਪ੍ਰੀਤ ਕੌਰ ਨੂੰ ਇੰਡਸਟ੍ਰੀਅਲ ਏਰੀਆ ਥਾਣਾ ਪੁਲਿਸ ਨੇ ਵੀਰਵਾਰ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਉਸ ਨੂੰ ਅਦਾਲਤ 'ਚ ਪੇਸ਼ ਕੀਤਾ, ਜਿਥੋਂ ਉਸ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ। ਜਸਪ੍ਰੀਤ 'ਤੇ ਉਸ ਦੇ ਪਤੀ ਮੋਹਨ ਸਿੰਘ ਨੇ ਬੱਚੀ ਨੂੰ ਕੁੱਟਣ ਦਾ ਕੇਸ ਦਰਜ ਕਰਵਾਇਆ ਸੀ।
ਸੈਕਟਰ-29 ਵਾਸੀ ਮਨਮੋਹਨ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦੀ ਪਹਿਲੀ ਪਤਨੀ ਦੀ ਮੌਤ ਤੋਂ ਬਾਅਦ ਉਸ ਨੇ ਆਪਣੇ ਬੇਟੇ ਤੇ ਬੇਟੀ ਦੀ ਦੇਖਭਾਲ ਲਈ ਸੈਕਟਰ-27 ਵਾਸੀ ਜਸਪ੍ਰੀਤ ਕੌਰ ਨਾਲ ਦੂਜਾ ਵਿਆਹ ਕੀਤਾ ਸੀ ਤੇ ਜਸਪ੍ਰੀਤ ਦੀ ਪਹਿਲਾਂ ਤੋਂ ਹੀ ਇਕ ਬੇਟੀ ਹੈ।
ਬੇਟੇ ਨੇ ਪਿਤਾ ਨੂੰ ਦਿਖਾਉਣ ਲਈ ਬਣਾਈ ਸੀ ਵੀਡੀਓ
ਮਨਮੋਹਨ ਨੇ ਦੱਸਿਆ ਕਿ ਜਦੋਂ ਉਹ ਕੰਮ 'ਤੇ ਚਲਾ ਜਾਂਦਾ ਹੈ ਤਾਂ ਜਸਪ੍ਰੀਤ ਉਸ ਦੀ ਪਹਿਲੀ ਪਤਨੀ ਦੀ ਪੰਜ ਸਾਲ ਦੀ ਬੇਟੀ ਨੂੰ ਬੋਰੀ 'ਚ ਪਾ ਕੇ ਕੁੱਟਦੀ ਸੀ। ਬੇਟੇ ਨੇ ਇਸ ਬਾਰੇ ਉਸ ਨੂੰ ਦੱਸਿਆ ਪਰ ਉਸ ਨੂੰ ਯਕੀਨ ਨਹੀਂ ਹੋਇਆ। ਫਿਰ ਬੇਟੇ ਨੇ ਕੁੱਟਮਾਰ ਦੀ ਵੀਡੀਓ ਮੋਬਾਇਲ 'ਚ ਬਣਾ ਕੇ ਪਿਤਾ ਨੂੰ ਦਿਖਾਈ। ਪਹਿਲੀ ਵੀਡੀਓ 'ਚ ਜਸਪ੍ਰੀਤ ਬੱਚੀ ਨੂੰ ਬੋਰੀ 'ਚ ਬੰਦ ਕਰ ਕੇ ਕੁੱਟ ਰਹੀ ਸੀ, ਉਥੇ ਹੀ ਦੂਜੀ ਵੀਡੀਓ 'ਚ ਜਸਪ੍ਰੀਤ ਬੱਚੀ ਨੂੰ ਬੈੱਡ 'ਤੇ ਬਿਠਾ ਕੇ ਥੱਪੜ ਮਾਰ ਰਹੀ ਸੀ।
ਉਦੋਂ ਬੱਚੀ ਦੇ ਪੈਰ 'ਚ ਫਰੈਕਚਰ ਆਇਆ ਸੀ। ਕੁੱਟਮਾਰ ਦੀ ਵੀਡੀਓ ਵੇਖ ਕੇ ਮਨਮੋਹਨ ਸਿੰਘ ਨੇ ਸੈਕਟਰ-19 ਸਥਿਤ ਚਾਈਲਡ ਹੈਲਪਲਾਈਨ ਨਾਲ ਸੰਪਰਕ ਕੀਤਾ ਸੀ। ਹੈਲਪਲਾਈਨ ਮੈਂਬਰਾਂ ਨੇ ਵੀਡੀਓ ਵੇਖ ਕੇ ਸ਼ਿਕਾਇਤ ਇੰਡਸਟ੍ਰੀਅਲ ਏਰੀਆ ਥਾਣੇ 'ਚ ਦਿੱਤੀ। ਪੁਲਿਸ ਨੇ ਸ਼ਿਕਾਇਤ 'ਤੇ 4 ਦਸੰਬਰ ਨੂੰ ਜਸਪ੍ਰੀਤ ਖਿਲਾਫ ਕੇਸ ਦਰਜ ਕੀਤਾ ਸੀ। ਇੰਡਸਟ੍ਰੀਅਲ ਏਰੀਆ ਥਾਣਾ ਮੁਖੀ ਦਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ 'ਚ ਫਰਾਰ ਜਸਪ੍ਰੀਤ ਨੂੰ ਕਾਬੂ ਕਰ ਕੇ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ।