
ਚੰਡੀਗੜ੍ਹ: ਚੀਫ ਖਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੇ ਪਰਿਵਾਰ ਨੇ ਕਿਹਾ ਕਿ ਸੱਤਾ ਤੇ ਪੈਸੇ ਦੇ ਲਾਲਚੀ ਚੀਫ ਖਾਲਸਾ ਦੀਵਾਨ ਦੇ ਹੀ ਕੁਝ ਅਹੁਦੇਦਾਰਾਂ ਵੱਲੋਂ ਇਸ ਪੂਰੀ ਸਾਜਿਸ਼ ਨੂੰ ਅੰਜ਼ਾਮ ਦਿੱਤਾ ਗਿਆ ਹੈ। ਇੰਦਰਪ੍ਰੀਤ ਚੱਢਾ ਦੇ ਬੇਟੇ ਹਰਪ੍ਰੀਤ ਅਨਮੋਲ ਚੱਢਾ ਨੇ ਕਿਹਾ ਕਿ ਚੀਫ ਖਾਲਸਾ ਦੀਵਾਨ ਦਾ 100 ਕਰੋੜ ਦਾ ਕਾਰੋਬਾਰ ਹੈ।
ਜਿਸ ਨੂੰ ਹਥਿਆਉਣ ਲਈ ਹੀ ਦੀਵਾਨ ਖਾਲਸਾ ਦੇ ਕੁਝ ਵਿਅਕਤੀ ਉਨ੍ਹਾਂ ਦੇ ਪਰਿਵਾਰ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾ ਰਹੇ ਹਨ। ਹੁਣ ਉਨ੍ਹਾਂ ਦੇ ਪਿਤਾ ਸਵਰਗੀ ਇੰਦਰਪ੍ਰੀਤ ਚੱਢਾ ਵੱਲੋਂ ਚਲਾਏ ਜਾ ਰਹੇ ਲੋਕ ਸੇਵਾ ਦੇ ਕੰਮਾਂ ਨੂੰ ਜਾਰੀ ਰੱਖਣ ਵਿੱਚ ਵੀ ਅੜਿੱਕੇ ਡਾਹੇ ਜਾ ਰਹੇ ਹਨ।
ਹਰਪ੍ਰੀਤ ਚੱਢਾ ਨੇ ਕਿਹਾ ਕਿ ਉਸ ਦੇ ਦਾਦਾ ਚਰਨਜੀਤ ਚੱਢਾ ਨੂੰ ਦੀਵਾਨ ਦੇ ਹੀ ਕੁਝ ਆਗੂਆਂ ਵੱਲੋਂ ਹਨੀ ਟਰੈਪ ਵਿੱਚ ਫਸਾ ਕੇ ਬਲੈਕਮੇਲਿੰਗ ਦੀ ਕੋਸ਼ਿਸ਼ ਕੀਤੀ ਗਈ, ਜਿਸ ਬਾਬਤ ਉਨ੍ਹਾਂ ਜਲੰਧਰ ਵਿੱਚ ਕੁਝ ਵਿਅਕਤੀਆਂ ਖਿਲਾਫ ਮਾਮਲਾ ਵੀ ਦਰਜ ਕਰਵਾਇਆ ਸੀ।
ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਬਲੈਕਮੇਲਿੰਗ ਸਬੰਧੀ ਸਾਰੇ ਸਬੂਤ, ਫੋਨ ਕਾਲਾਂ ਤੇ ਚੈਟ ਮੌਜੂਦ ਹੈ ਜੋ ਉਨ੍ਹਾਂ ਨੇ ਐਸਆਈਟੀ ਨੂੰ ਮੁਹੱਈਆ ਕਰਵਾਈ ਹੈ ਤੇ ਐਸਆਈਟੀ ਦੀ ਇਜਾਜ਼ਤ ਨਾਲ ਉਹ ਅਗਲੇ ਦਿਨਾਂ ਵਿੱਚ ਮੀਡੀਆ ਨੂੰ ਵੀ ਜਾਰੀ ਕਰਨਗੇ।
ਉਨ੍ਹਾਂ ਸਾਫ ਕਿਹਾ ਕਿ ਉਸ ਔਰਤ ਦੀ ਬਲੈਕਮੇਲਿੰਗ ਵਿੱਚ ਪੂਰੀ ਭੂਮਿਕਾ ਹੈ ਜਿਸ ਬਾਰੇ ਇੰਦਰਪ੍ਰੀਤ ਚੱਢਾ ਆਪਣੇ ਖੁਦਕੁਸ਼ੀ ਨੋਟ ਵਿੱਚ ਵੀ ਲਿਖ ਕੇ ਗਏ ਹਨ।