
ਅੰਮ੍ਰਿਤਸਰ, 27 ਦਸੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਔਰਤ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਮਸਲੇ ਵਿਚ ਬੜੀ ਬੁਰੀ ਤਰ੍ਹਾਂ ਫਸੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ (80) ਮੀਤ ਪ੍ਰਧਾਨ ਖ਼ਾਲਸਾ ਕਾਲਜ ਦੇ ਅਗਿਆਤਵਾਸ ਹੋਣ ਦਾ ਸਮਾਚਾਰ ਹੈ।ਪ੍ਰਾਪਤ ਜਾਣਕਾਰੀ ਮੁਤਾਬਕ ਚਰਨਜੀਤ ਸਿੰਘ ਚੱਢਾ ਨੇ ਚੀਫ਼ ਖ਼ਾਲਸਾ ਦੀਵਾਨ ਦੇ ਸਮੂਹ ਮੈਂਬਰਾਂ ਨੂੰ ਪੱਤਰ ਲਿਖਿਆ ਹੈ ਕਿ ਉਹ ਜਿੰਨਾ ਚਿਰ ਬਾਹਰ ਹਨ ਤਦ ਤਕ ਕਿਸੇ ਹੋਰ ਨੂੰ ਕਾਰਜਕਾਰੀ ਪ੍ਰਧਾਨ ਬਣਾ ਲਿਆ ਜਾਵੇ। ਪੱਤਰ ਵਿਚ ਇਹ ਵੀ ਵਰਨਣ ਕੀਤਾ ਗਿਆ ਹੈ, ''ਜਿਸ ਔਰਤ ਨਾਲ ਮੇਰੀ ਵੀਡੀਉ ਵਾਇਰਲ ਹੋਈ ਹੈ ਉਹ ਮੇਰੀ ਭੈਣ ਤੇ ਧੀ ਸਮਾਨ ਹੈ। ਮੈਂ ਉਸ ਨਾਲ ਕੋਈ ਮਾੜਾ ਕੰਮ ਨਹੀਂ ਕੀਤਾ ਮੈਨੂੰ ਬਦਨਾਮ ਕਰਨ ਲਈ ਸਾਜ਼ਸ਼ ਘੜੀ ਗਈ ਹੈ।''
ਉਨ੍ਹਾਂ ਕਿਹਾ ਕਿ ਉਹ ਕੁਝ ਸਮਾਂ ਬਾਹਰ ਜਾ ਰਹੇ ਹਨ। ਇਹ ਜ਼ਿਕਰਯੋਗ ਹੈ ਕਿ ਚੱਢਾ ਦੀ ਅਸ਼ਲੀਲ ਵੀਡੀਉ ਵਾਇਰਲ ਹੋਣ ਬਾਅਦ ਉਸ ਨੇ ਸਬੰਧਤ ਔਰਤ ਕੋਲੋਂ ਰਖੜੀ ਵੀ ਬੰਨ੍ਹਵਾਈ ਸੀ ਅਤੇ ਉਸ ਨੂੰ 500 ਰੁਪਏ ਭਰਾ ਵਜੋਂ ਦਿਤੇ ਸਨ। ਇਹ ਤਸਵੀਰ ਵੀ ਉਸ ਸਮੇਂ ਵਾਇਰਲ ਹੋਈ ਸੀ ਜਦ ਚੱਢਾ ਸਾਹਿਬ ਰਖੜੀ ਬੰਨ੍ਹਵਾ ਰਹੇ ਸਨ। ਇਹ ਵੀ ਪਤਾ ਲੱਗਾ ਹੈ ਕਿ ਚੱਢਾ ਇਕ ਤਾਨਾਸ਼ਾਹ ਵਜੋਂ ਵਿਚਰਦੇ ਸਨ ਤੇ ਉਹ ਧਾਰਮਕ ਸੰਸਥਾ ਦੇ ਮੁਖੀ ਹੋਣ ਦੇ ਬੁਰਕੇ 'ਚ ਡਿਕਟੇਟਰ ਸਨ। ਹੋਰ ਮਿਲੀਆਂ ਕਨਸੋਆਂ ਮੁਤਾਬਕ ਚੀਫ਼ ਖ਼ਾਲਸਾ ਦੀਵਾਨ 'ਚ ਅਸਥਿਰਤਾ ਪੈਦਾ ਹੋਣ ਦਾ ਖਦਸ਼ਾ ਹੈ।