
ਦੇਸ਼ ਦੇ ਕੁਝ ਰਾਜਾਂ 'ਚ ਸ਼ਰਾਬ ਉੱਤੇ ਬੈਨ ਪਰ ਫਿਰ ਵੀ ਇਸਦੀ ਵਰਤੋਂ ਕੀਤੀ ਜਾ ਰਹੀ ਹੈ। ਚੰਡੀਗੜ੍ਹ ਪੁਲਿਸ ਨੇ ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲੇ ਲੋਕਾਂ ਲਈ ਸਾਰੇ ਰਸਤੇ ਬੰਦ ਕਰਨ ਦਾ ਨਵਾਂ ਤਰੀਕਾ ਲੱਭ ਲਿਆ ਹੈ। ਇਸ ਲਈ ਹੁਣ ਸ਼ਰਾਬੀ ਕਿਸੇ ਵੀ ਤਰ੍ਹਾਂ ਪੁਲਿਸ ਦੀ ਅੱਖ ਤੋਂ ਬਚ ਨਹੀਂ ਸਕਣਗੇ। ਚੰਡੀਗੜ੍ਹ ਦੇ ਐੱਸ. ਐੱਸ. ਪੀ. ਟ੍ਰੈਫਿਕ ਸੁਸ਼ਾਂਕ ਆਨੰਦ ਦੇ ਸ਼ਰਾਬੀ ਡਰਾਈਵਰਾਂ 'ਤੇ ਨੱਥ ਪਾਉਣ ਲਈ ਐਂਟੀ-ਡਰੰਕਨ ਡਰਾਈਵਿੰਗ (ਚੱਲਦੇ-ਫਿਰਦੇ) ਨਾਕੇ ਲਾਉਣ ਦਾ ਫੈਸਲਾ ਕੀਤਾ ਹੈ।
ਦੱਸਣਯੋਗ ਹੈ ਕਿ ਨਵੇਂ ਐੱਸ. ਐੱਸ. ਪੀ. ਟ੍ਰੈਫਿਕ ਵਲੋਂ ਪਹਿਲਾਂ ਰਾਤਾਂ ਨੂੰ ਬਦਲਵੇਂ ਨਾਕੇ ਲਾਉਣ ਦੀ ਪ੍ਰਕਿਰਿਆ ਚਲਾ ਕੇ ਸ਼ਰਾਬੀ ਡਰਾਈਵਰਾਂ ਦੇ ਨੱਕ 'ਚ ਦਮ ਕੀਤਾ ਗਿਆ ਸੀ। ਐੱਸ. ਐੱਸ. ਪੀ. ਸ਼ਰਮਾ ਨੇ ਦੱਸਿਆ ਕਿ ਹੁਣ ਉਨ੍ਹਾਂ ਨੇ ਮੋਬਾਇਲ ਐਂਟੀ-ਡਰੰਕਨ ਡਰਾਈਵਿੰਗ ਨਾਕੇ ਲਾਉਣ ਦਾ ਫੈਸਲਾ ਕੀਤਾ ਹੈ। ਇਸ ਤਹਿਤ ਟ੍ਰੈਫਿਕ ਪੁਲਿਸ ਦੀ ਪੂਰੀ ਟੀਮ ਮਿੰਨੀ ਬੱਸ ਰਾਹੀਂ ਰਾਤ ਨੂੰ ਸੜਕਾਂ 'ਤੇ ਉਤਰੇਗੀ।
ਇਹ ਟੀਮ ਅਚਨਚੇਤ ਵੱਖ-ਵੱਖ ਥਾਵਾਂ 'ਤੇ ਥੋੜ੍ਹੇ-ਥੋੜ੍ਹੇ ਸਮੇਂ ਲਈ ਐਂਟੀ-ਡਰੰਕਨ ਡਰਾਈਵਿੰਗ ਨਾਕੇ ਲਾ ਕੇ ਸ਼ਰਾਬੀ ਡਰਾਈਵਰਾਂ ਨੂੰ ਦਬੋਚੇਗੀ। ਉਨ੍ਹਾਂ ਦੱਸਿਆ ਕਿ ਇਹ ਮੋਬਾਇਲ ਟੀਮ ਨਾਕੇ ਲਾਉਣ ਵਾਲੇ ਕਿਸੇ ਤਰ੍ਹਾਂ ਦੇ ਬੈਰੀਕੇਡ ਨਹੀਂ ਲਾਵੇਗੀ, ਜਿਸ ਕਾਰਨ ਸ਼ਰਾਬੀ ਡਰਾਈਵਰਾਂ ਨੂੰ ਦੂਰੋਂ ਨਾਕਾ ਲੱਗਿਆ ਨਜ਼ਰ ਨਹੀਂ ਆਵੇਗਾ। ਉਨ੍ਹਾਂ ਦੱਸਿਆ ਕਿ ਰਾਤਾਂ ਨੂੰ ਲੱਗਦੇ ਪੱਕੇ ਐਂਟੀ-ਡਰੰਕਨ ਡਰਾਈਵਿੰਗ ਨਾਕੇ ਵੱਖਰੇ ਤੌਰ 'ਤੇ ਨਿਰੰਤਰ ਜਾਰੀ ਰਹਿਣਗੇ।
ਐੱਸ. ਐੱਸ. ਪੀ. ਮੁਤਾਬਕ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਟ੍ਰੈਫਿਕ ਪੁਲਿਸ ਵਲੋਂ ਵੱਖ-ਵੱਖ ਥਾਵਾਂ 'ਤੇ ਲਾਏ ਜਾਂਦੇ ਪੱਕੇ ਨਾਕਿਆਂ ਦੀ ਜਾਣਕਾਰੀ ਲੋਕ ਸੜਕਾਂ 'ਤੇ ਘੁੰਮਦੇ-ਫਿਰਦੇ ਆਪਣੇ ਜਾਣਕਾਰਾਂ ਨੂੰ ਫੋਨ ਰਾਹੀਂ ਦੇ ਦਿੰਦੇ ਹਨ। ਜਿਸ ਕਾਰਨ ਸ਼ਰਾਬੀ ਡਰਾਈਵਰ ਰਸਤਾ ਬਦਲ ਕੇ ਆਪਣਾ ਬਚਾਅ ਕਰ ਲੈਂਦੇ ਹਨ ਪਰ ਮੋਬਾਇਲ ਐਂਟੀ-ਡਰੰਕਨ ਡਰਾਈਵਿੰਗ ਨਾਕੇ ਅਚਨਚੇਤ ਬਿਨਾਂ ਬੈਰੀਕੇਡਾਂ ਦੇ ਲਾਉਣ ਕਾਰਨ ਇਸ ਦੀ ਕਿਸੇ ਨੂੰ ਜਾਣਕਾਰੀ ਨਹੀਂ ਲੱਗੇਗੀ।
ਉਨ੍ਹਾਂ ਦੱਸਿਆ ਕਿ ਇਹ ਨਾਕੇ ਸ਼ਹਿਰ ਨੂੰ ਜ਼ੋਨਾਂ 'ਚ ਵੰਡ ਕੇ ਲਾਏ ਜਾਣਗੇ। ਉਨ੍ਹਾਂ ਅੱਗੇ ਦੱਸਿਆ ਕਿ ਇਨ੍ਹਾਂ ਨਾਕਿਆਂ ਦੌਰਾਨ ਜਾਮ ਲੱਗਣ ਤੋਂ ਰੋਕਣ ਲਈ ਪੁਲਸ ਟੀਮਾਂ ਨੂੰ 2-2 ਐਲਕੋਮੀਟਰ ਮੁਹੱਈਆ ਕਰਾਏ ਜਾਣਗੇ। ਜੇਕਰ ਐਲਕੋਮੀਟਰ 'ਚ ਫੂਕ ਮਾਰਨ ਮੌਕੇ ਸ਼ਰਾਬ ਪੀਣ ਦੀ ਪੁਸ਼ਟੀ ਹੋਣ ਦੇ ਬਾਵਜੂਦ ਵਾਹਨ ਚਾਲਕ ਬਿਲਕੁਲ ਹੀ ਸ਼ਰਾਬ ਨਾ ਪੀਣ ਦਾ ਦਾਅਵਾ ਕਰੇਗਾ ਤਾਂ ਉਸ ਦਾ ਮੁੜ ਦੂਜੇ ਐਲਕੋਮੀਟਰ 'ਤੇ ਟੈਸਟ ਲਿਆ ਜਾ ਸਕਦਾ ਹੈ।
ਉਨ੍ਹਾਂ ਹੋਰ ਦੱਸਿਆ ਕਿ ਜੇਕਰ ਕਿਸੇ ਡਰਾਈਵਰ ਦਾ ਇਕ ਐਲਕੋਮੀਟਰ ਦੇ ਟੈਸਟ ਕਰਨ 'ਤੇ ਅਲਕੋਹਲ ਦੀ ਮਾਤਰਾ 30 ਐੱਮ. ਐੱਲ. ਤੋਂ ਵੱਧ ਅਤੇ ਦੂਜੇ ਐਲਕੋਮੀਟਰ 'ਤੇ ਟੈਸਟ ਕਰਨ 'ਤੇ ਮਾਤਰਾ 30 ਐੱਮ. ਐੱਲ. ਤੋਂ ਘੱਟ ਆਵੇਗੀ ਤਾਂ ਉਸ ਨੂੰ ਕਿਸੇ ਸਰਕਾਰੀ ਹਸਪਤਾਲ ਤੋਂ ਮੈਡੀਕਲ ਟੈਸਟ ਕਰਾਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜਿਹੜੇ ਡਰਾਈਵਰ ਆਪਣੇ ਪਰਿਵਾਰ ਨਾਲ ਕਾਰ 'ਚ ਚੱਲਦਿਆਂ ਸ਼ਰਾਬੀ ਹਾਲਤ 'ਚ ਫੜ੍ਹੇ ਜਾਣਗੇ, ਉਨ੍ਹਾਂ ਖਿਲਾਫ ਹੋਰ ਸਖਤ ਕਾਰਵਾਈ ਕੀਤੀ ਜਾਵੇਗੀ।