
ਨਵੀਂ ਦਿੱਲੀ: ਚਾਰਾ ਘੁਟਾਲੇ ਦੇ ਤੀਜੇ ਕੇਸ ਵਿੱਚ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਤੇ ਆਰਜੇਡੀ ਦੇ ਮੁਖੀ ਲਾਲੂ ਯਾਦਵ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ। ਰਾਂਚੀ ਦੀ ਸੀਬੀਆਈ ਕੋਰਟ ਨੇ ਇਹ ਫ਼ੈਸਲਾ ਸੁਣਾਇਆ ਹੈ। ਇਹ ਮਾਮਲਾ ਚਾਰਾ ਘੁਟਾਲੇ ਦੇ ਤੀਜੇ ਕੇਸ ਚਾਈਬਾਸਾ ਕੋਸ਼ਾਗਾਰ ਮਾਲੇ ਨਾਲ ਜੁੜਿਆ ਹੈ।
ਦੇਵਘਰ ਕੋਸ਼ਾਗਾਰ ਮਾਮਲੇ ਵਿੱਚ ਲਾਲੂ ਪਹਿਲਾਂ ਹੀ ਸਜ਼ਾ ਕੱਟ ਰਹੇ ਹਨ। ਲਾਲੂ ਯਾਦਵ ਹੁਣ ਤੱਕ ਅਜਿਹੇ ਤਿੰਨ ਮਾਮਲਿਆਂ ਵਿੱਚ ਦੋਸ਼ੀ ਐਲਾਨੇ ਜਾ ਚੁੱਕੇ ਹਨ। ਅਜਿਹੇ ਉਨ੍ਹਾਂ ‘ਤੇ 6 ਕੇਸ ਦਰਜ ਹਨ।
ਲਾਲੂ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਜਗਨਨਾਥ ਮਿਸ਼ਰਾ ਨੂੰ ਵੀ ਦੋਸ਼ੀ ਕਰਾਰ ਦਿੱਤਾ ਗਿਆ ਹੈ। ਚਾਰਾ ਘੁਟਾਲਾ ਦੇ ਇਸ ਤੀਜੇ ਕੇਸ ਵਿੱਚ 56 ਲੋਕ ਮੁਲਜ਼ਮ ਸੀ ਜਿਨ੍ਹਾਂ ਵਿੱਚੋਂ 50 ਲੋਕਾਂ ਨੂੰ ਦੋਸੀ ਕਰਾਰ ਦਿੱਤਾ ਗਿਆ ਹੈ।
ਲਾਲੂ ਦੇ ਮੁੰਡੇ ਤੇਜਸਵੀ ਯਾਦਵ ਨੇ ਕਿਹਾ ਹੈ ਕਿ ਲਾਲੂ ਜੀ ਨੂੰ ਫਸਾਉਣ ਵਿੱਚ ਆਰਐਸਐਸ ਤੇ ਬੀਜੇਪੀ ਦੇ ਨਾਲ ਨਿਤੀਸ਼ ਕੁਮਾਰ ਨੇ ਵੀ ਵੱਡੀ ਭੂਮਿਕਾ ਅਦਾ ਕੀਤੀ ਹੈ।
ਤੇਜਸਵੀ ਨੇ ਨਿਤੀਸ਼ ‘ਤੇ ਹਮਲਾ ਕਰਦੇ ਹੋਏ ਕਿਹਾ ਕਿ ਨੈਤਿਕ ਭ੍ਰਿਸ਼ਟਾਚਾਰ ਦੇ ਪਿਤਾਮਾ ਮੰਨੇ ਜਾਂਦੇ ਨਿਤੀਸ਼ ਦੀ ਕੈਬਨਿਟ ਵਿੱਚ 75 ਫ਼ੀਸਦੀ ਲੋਕ ਭ੍ਰਿਸ਼ਟ ਹਨ। ਉਨ੍ਹਾਂ ਕਿਹਾ ਕਿ ਨਿਤੀਸ਼ ਦੇ ਰਾਜ ਵਿੱਚ ਕਾਨੂੰਨ ਵਿਵਸਥਾ ਦਾ ਬੁਰਾ ਹਾਲ ਹੈ।