
ਨਵੀਂ ਦਿੱਲੀ, 13 ਨਵੰਬਰ (ਸੁਖਰਾਜ ਸਿੰਘ): ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ. ਮਨਜਿੰਦਰ ਸਿੰਘ ਸਿਰਸਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਉਹ ਦੇਸ਼ ਵਿਚ ਬਾਲ ਦਿਵਸ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੇ ਨਾਂਅ 'ਤੇ ਮਨਾਏ ਜਾਣ ਦੇ ਹੁਕਮ ਜਾਰੀ ਕਰਨ। ਸਿਰਸਾ ਨੇ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਭਾਵੇਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਉਨ੍ਹਾਂ ਦਾ ਮਕਸਦ ਨਹੀਂ ਪਰ ਇਹ ਢੁਕਵਾਂ ਸਮਾਂ ਹੈ ਜਦ ਦੁਨੀਆਂ ਜਾਣੇ ਕਿ ਭਾਰਤ ਦਾ ਇਤਿਹਾਸ ਕੀ ਹੈ। ਉਨ੍ਹਾਂ ਕਿਹਾ ਕਿ ਤੁਹਾਡੇ ਨਾਲੋਂ ਚੰਗੀ ਤਰ੍ਹਾਂ ਇਸ ਮਾਮਲੇ ਨੂੰ ਕੋਈ ਹੋਰ ਨਹੀਂ ਸਮਝ ਸਕਦਾ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਪੁੱਤਰਾਂ ਵਲੋਂ ਦੇਸ਼ ਦੀ ਸੁਰੱਖਿਆ ਲਈ ਕੀਤੇ ਇਸ ਬਲਿਦਾਨ ਵਰਗੀ ਉਦਾਹਰਨ ਹੋਰ ਕਿਤੇ ਨਹੀਂ ਮਿਲਦੀ।
ਸਿਰਸਾ ਨੇ ਦਸਿਆ ਕਿ ਚਮਕੌਰ ਸਾਹਿਬ ਦੀ ਲੜਾਈ ਦਸੰਬਰ 1704 ਵਿਚ ਲੜੀ ਗਈ ਜਿਸ ਵਿਚ ਸਾਹਿਬਜ਼ਾਦਾ ਅਜੀਤ ਸਿੰਘ ਜੀ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਜੋ ਕ੍ਰਮਵਾਰ 18 ਤੇ 14 ਵਰ੍ਹਿਆਂ ਦੇ ਸਨ, ਨੇ 40 ਸਿੱਖ ਯੋਧਿਆਂ ਨਾਲ ਮੁਗਲ ਫ਼ੌਜ ਨਾਲ ਚਮਕੌਰ ਸਾਹਿਬ ਵਿਖੇ ਲੜਾਈ ਲੜੀ ਤੇ ਇਸ ਲੜਾਈ ਵਿਚ ਉਨ੍ਹਾਂ ਨੂੰ ਸ਼ਹਾਦਤ ਪ੍ਰਾਪਤ ਹੋਈ। ਉਨ੍ਹਾਂ ਦਸਿਆ ਕਿ ਛੋਟੇ ਸਾਹਿਬਜ਼ਾਦੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਜੋ ਸਿਰਫ਼ 6 ਤੇ 9 ਵਰ੍ਹਿਆਂ ਦੇ ਸਨ, ਨੂੰ ਉਦੋਂ ਦੀਵਾਰ ਵਿਚ ਚਿਣਵਾ ਦਿਤਾ ਗਿਆ ਜਦ ਉਨ੍ਹਾਂ ਨੇ ਇਸਲਾਮ ਧਰਮ ਕਬੂਲਣ ਤੋਂ ਇਨਕਾਰ ਕਰ ਦਿਤਾ। ਸ. ਸਿਰਸਾ ਨੇ ਦੇਸ਼ ਭਰ ਦੀਆਂ ਸਿੰਘ ਸਭਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰਧਾਨ ਮੰਤਰੀ ਨੂੰ ਇਸ ਮਾਮਲੇ 'ਤੇ ਅਪੀਲ ਕਰਨ ਤੇ ਆਪੋ-ਅਪਣੇ ਪੱਧਰ 'ਤੇ ਪੱਤਰ ਲਿਖਣ।