
ਐਸ.ਏ.ਐਸ. ਨਗਰ, 6 ਜਨਵਰੀ (ਵਿਸ਼ੇਸ਼ ਪ੍ਰਤੀਨਿਧ) : ਦੁਬਈ ਵਿਚ ਪਿਛਲੇ ਤਿੰਨ ਮਹੀਨਿਆਂ ਤੋਂ ਫਸੇ ਪੰਜਾਬ ਤੇ ਹਰਿਆਣਾ ਦੇ ਛੇ ਨੌਜਵਾਨ ਅਮਨਦੀਪ, ਪਵਨ ਕੁਮਾਰ, ਸਤਨਾਮ ਸਿੰਘ, ਰੋਸ਼ਨ ਲਾਲ ਤੇ ਕਰਨਬੀਰ ਹੈਲਪਿੰਗ ਹੈਪਲੈਸ ਸੰਸਥਾ ਦੀ ਮਦਦ ਨਾਲ ਵਾਪਸ ਭਾਰਤ ਪਰਤ ਆਏ ਹਨ। ਸੰਸਥਾ ਦੀ ਸੰਚਾਲਕ ਅਮਨਜੋਤ ਕੌਰ ਰਾਮੂੰਵਾਲੀਆ ਨੇ ਦਸਿਆ ਕਿ ਇਹ ਨੌਜਵਾਨ ਅਕਤੂਬਰ ਮਹੀਨੇ ਵਿਚ ਦੁਬਈ ਵਿਖੇ ਕੰਮ ਕਰਨ ਲਈ ਗਏ ਸਨ ਜਿਥੇ ਇਨ੍ਹਾਂ ਨਾਲ ਮਾੜਾ ਵਤੀਰਾ ਹੋਣ ਲੱਗਾ ਤਾਂ ਇਨ੍ਹਾਂ ਨੇ ਸੰਸਥਾ ਨਾਲ ਸੰਪਰਕ ਕੀਤਾ। ਉਕਤ ਨੌਜਵਾਨਾਂ ਨੇ ਦਸਿਆ ਕਿ ਏਜੰਟਾਂ ਨੇ ਉਨ੍ਹਾਂ ਨੂੰ ਦੁਬਈ ਭੇਜਣ ਲਈ 2-2 ਲੱਖ ਰੁਪਏ ਲਏ ਸਨ ਅਤੇ ਉਨ੍ਹਾਂ ਨੂੰ ਕਾਰਪੇਂਟਰ ਦਾ ਕੰਮ ਕਰਨ ਲਈ ਭੇਜਿਆ ਗਿਆ ਸੀ। ਦੁਬਈ ਪਹੁੰਚਦੇ ਹੀ ਉਨ੍ਹਾਂ ਤੋਂ ਪਾਸਪੋਰਟ ਲੈ ਲਏ ਗਏ। ਉਪਰੰਤ ਉਨ੍ਹਾਂ ਨੂੰ ਇਕ ਕਮਰੇ ਵਿਚ ਰਖਿਆ ਗਿਆ ਜਿਥੇ 15 ਬੰਦੇ ਰਹਿੰਦੇ ਸਨ। ਫਿਰ ਉਨ੍ਹਾਂ ਤੋਂ ਕਾਰਪੈਂਟਰ ਦੀ ਥਾਂ 'ਤੇ ਰੇਤੇ ਵਿਚ ਲੇਬਰ ਦਾ ਕੰਮ ਕਰਵਾਇਆ ਗਿਆ।ਉਨ੍ਹਾਂ ਦਸਿਆ ਕਿ ਜਦੋਂ ਉਨ੍ਹਾਂ ਨੇ ਪੈਸੇ ਦੀ ਮੰਗ ਕੀਤੀ ਤਾਂ ਉਹਨਾਂ ਨੂੰ ਖਾਣਾ ਦੇਣਾ ਵੀ ਬੰਦ ਕਰ ਦਿਤਾ ਗਿਆ ਤੇ ਉਹਨਾਂ ਨੂੰ ਰਹਿਣ ਵਾਲੀ ਥਾਂ ਤੋਂ ਵੀ ਬਾਹਰ ਕਢ ਦਿਤਾ।
ਉਥੇ ਹੀ ਚੀਨੀ ਬੰਦੇ ਵੀ ਕੰਮ ਕਰਦੇ ਸਨ, ਉਨ੍ਹਾਂ ਨੂੰ ਖਾਣਾ ਵੀ ਸਹੀ ਮਿਲਦਾ ਸੀ ਤੇ ਕੰਮ ਦੇ ਪੈਸੇ ਵੀ ਪੂਰੇ ਟਾਈਮ 'ਤੇ ਮਿਲਦੇ ਸਨ। ਉਨ੍ਹਾਂ ਕਿਹਾ ਕਿ ਉਹ ਅਪਣੇ ਘਰਾਂ ਤੋਂ ਪੈਸੇ ਮੰਗਵਾ ਕੇ ਖਾਣਾ ਖਾ ਰਹੇ ਸਨ। ਜਦੋਂ ਉਨ੍ਹਾਂ ਨੇ ਏਜੰਟ ਨਾਲ ਸੰਪਰਕ ਕੀਤਾ ਤਾਂ ਉਸ ਨੇ ਕਿਹਾ ਕਿ ਹੁਣ ਤੁਹਾਨੂੰ ਇਥੇ ਹੀ ਰਹਿਣਾ ਪਵੇਗਾ। ਉਨ੍ਹਾਂ ਨੇ ਬੀਬੀ ਰਾਮੂੰਵਾਲੀਆ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਦੀ ਮਦਦ ਸਦਕਾ ਕੰਪਨੀ ਨੇ ਉਨ੍ਹਾਂ ਦੇ ਪਾਸਪੋਰਟ ਵਾਪਸ ਕੀਤੇ ਤਾਂ ਹੀ ਉਹ 28 ਦਸੰਬਰ ਨੂੰ ਅਪਣੇ ਘਰ ਵਾਪਸ ਆ ਸਕੇ। ਇਸ ਮੌਕੇ ਬੀਬੀ ਰਾਮੂੰਵਾਲੀਆ ਨੇ ਕਿਹਾ ਕਿ ਇਨ੍ਹਾਂ ਨੌਜਵਾਨਾਂ ਨੂੰ ਦੁਬਈ ਭੇਜਣ ਦਾ ਲਾਲਚ ਦੇ ਕਿ ਏਜੰਟਾਂ ਨੇ ਇਨ੍ਹਾਂ ਨਾਲ ਠੱਗੀ ਮਾਰੀ ਹੈ। ਉਨ੍ਹਾਂ ਭਾਰਤੀ ਅੰਬੈਸੀ ਦੀ ਮਦਦ ਨਾਲ ਇਨ੍ਹਾਂ ਨੌਜਵਾਨਾਂ ਨੂੰ ਵਾਪਸ ਲੈ ਕੇ ਆਉਣ ਵਿਚ ਸਫ਼ਲ ਹੋਏ ਹਨ। ਹੁਣ ਉਹ ਉੱਚ ਅਧਿਕਾਰੀਆਂ ਨੂੰ ਮਿਲ ਕਿ ਏਜੰਟਾਂ ਤੋਂ ਇਹਨਾਂ ਦੇ ਪੈਸੇ ਵਾਪਸ ਕਰਵਾਉਣ ਵਿਚ ਵੀ ਮਦਦ ਕਰਨਗੇ। ਇਸ ਮੌਕੇ ਅਰਵਿੰਦਰ ਸਿੰਘ ਭੁੱਲਰ, ਕੁਲਦੀਪ ਸਿੰਘ ਬੈਰੋਪੁਰ ਸਕੱਤਰ, ਸ਼ਿਵ ਕੁਮਾਰ ਸਲਾਹਕਾਰ, ਤਨਵੀਰ ਸਿੰਘ ਹਾਜ਼ਰ ਸਨ।