
ਚੰਡੀਗੜ : 9 ਫ਼ਰਵਰੀ, (ਨੀਲ ਭਲਿੰਦਰ ਸਿਂੰਘ) ਕਿਸੇ ਸਮੇਂ ਆਮ ਆਦਮੀ ਪਾਰਟੀ (ਆਪ) ਦੇ ਮੋਹਰੀ ਤੇ ਸਿਰਕੱਢ ਆਗੂਆਂ ਚ ਸ਼ੁਮਾਰ ਰਹੇ ਸੁੱਚਾ ਸਿਂੰਘ ਛੋਟੇਪੁਰ ਨੂੰ ਅੱਜ ਇੱਕ ਹੋਰ ਸਿਆਸੀ ਝੱਟਕਾ ਲੱਗਾ ਹੈ। ਆਪ ਦੇ ਭਾਰਤ ਵਿਚ ਮੁਢਲੇ ਕਾਡਰ ਤੋਂ ਹੀ ਛੋਟੇਪੁਰ ਧੜੇ ਦੇ ਅਹਿਮ ਮੈਂਬਰ ਮੰਨੇ ਜਾਂਦੇ ਹਰਦੀਪ ਸਿਂੰਘ ਕਿੰਗਰਾ ਵਲੋਂ ਛੋਟੇਪੁਰ ਦੁਆਰਾ ਖੜੀ ਕੀਤੀ ਗਈ।
ਆਪਣਾ ਪੰਜਾਬ ਪਾਰਟੀ (ਏਪੀਪੀ) ਦੇ ਸਕੱਤਰ ਜਨਰਲ ਦੇ ਅਹੁਦੇ ਸਣੇ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਸਾਬਕਾ ਆਈਐਫਐਸ ਅਧਿਕਾਰੀ ਕਿੰਗਰਾ ਨੇ ਛੋਟੇਪੁਰ ਨੂੰ ਭੇਜੇ ਅਸਤੀਫੇ ਦੀ ਨਕਲ 'ਰੋਜ਼ਾਨਾ ਸਪੋਕਸਮੈਨ' ਨਾਲ ਸਾਂਝੀ ਕਰਦੇ ਹੋਏ ਭਾਵੇਂ ਆਪਣੇ ਅਸਤੀਫੇ ਦਾ ਕਾਰਨ ਨਿਜੀ ਦੱਸਿਆ ਹੈ।
ਪਰ ਸੂਤਰਾਂ ਮੁਤਾਬਿਕ ਹਾਲੀਆ ਸਮੇ ਦੌਰਾਨ ਹੋਈ ਗੁਰਦਾਸਪੁਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਦੌਰਾਨ ਕਾਂਗਰਸ ਜਾਂ ਅਕਾਲੀ ਭਾਜਪਾ ਉਮੀਦਵਾਰ ਨੂੰ ਹਮਾਇਤ ਦੇਣ ਦੇ ਮੁਦੇ ਉਤੇ ਛੋਟੇਪੁਰ ਅਤੇ ਕਿੰਗਰਾ ਦਰਮਿਆਨ ਮਤਭੇਦ ਪ੍ਰਤਖ ਤੌਰ ਉਤੇ ਉਭਰ ਕੇ ਸਾਹਮਣੇ ਆ ਗਏ ਸਨ।