ਅੰਮ੍ਰਿਤਸਰ : ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਦੀ ਚੋਣ ਨੂੰ ਲੈ ਕੇ ਸਰਗਰਮੀਆਂ ਵੱਧਦੀਆਂ ਜਾ ਰਹੀਆਂ ਹਨ। ਅੱਜ ਜਿਥੇ ਚੋਣ ਕਮਿਸ਼ਨਰਾਂ ਨੇ ਮੀਟਿੰਗ ਕਰ ਕੇ ਚੋਣ ਰਣਨੀਤੀ ਬਣਾਈ, ਉਥੇ ਦੀਵਾਨ ਦੇ ਲੰਮਾ ਸਮਾਂ ਸੇਵਾ ਕਰ ਚੁੱਕੇ ਭਾਗ ਸਿੰਘ ਅਣਖੀ ਦੇ ਕਰੀਬ 5 ਦਰਜਨ ਮੈਂਬਰਾਂ ਦੀ ਭਾਈ ਸੁਰਿੰਦਰ ਸਿੰਘ ਰੁਮਾਲੇ ਵਾਲਿਆਂ ਦੇ ਘਰ ਮੀਟਿੰਗ ਹੋਈ, ਜਿਸ ਵਿਚ ਸਾਰਿਆਂ ਨੇ ਆਪਣੇ ਵਿਚਾਰ ਰੱਖਣ ਉਪਰੰਤ ਪ੍ਰਧਾਨਗੀ ਅਹੁਦੇ ਲਈ ਰਾਜਮਹਿੰਦਰ ਸਿੰਘ ਮਜੀਠੀਆ, ਵਾਈਸ ਪ੍ਰਧਾਨ ਲਈ ਨਿਰਮਲ ਸਿੰਘ ਠੇਕੇਦਾਰ ਤੇ ਆਨਰੇਰੀ ਸਕੱਤਰ ਦੇ ਅਹੁਦੇ ਲਈ ਸੁਰਿੰਦਰ ਸਿੰਘ ਰੁਮਾਲੇ ਵਾਲਿਆਂ ਨੂੰ ਉਮੀਦਵਾਰ ਬਣਾਇਆ, ਜਦਕਿ ਉਹ ਸਿੰਘ ਸਭਾ ਅੰਮ੍ਰਿਤਸਰ ਦੇ ਵੀ ਜਨਰਲ ਸਕੱਤਰ ਹਨ।
ਮੀਟਿੰਗ ਨੂੰ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਚਰਨਜੀਤ ਸਿੰਘ ਚੱਢਾ ਦੀ ਵਾਇਰਲ ਹੋਈ ਅਸ਼ਲੀਲ ਵੀਡੀਓ ਦੀ ਨਿਖੇਧੀ ਕਰਦਿਆਂ ਕਿਹਾ ਕਿ ਜਦੋਂ ਕਿਸੇ ਵਿਅਕਤੀ ਨੂੰ ਰੱਬ ਭੁੱਲ ਜਾਵੇ ਤਾਂ ਕੁਦਰਤ ਅਜਿਹਾ ਕੌਤਕ ਰਚਾਉਂਦੀ ਹੈ ਜਿਸ ਦਾ ਕੋਈ ਹੱਲ ਨਾ ਹੋਵੇ। ਚੱਢਾ ਗੁਰੂ ਸਾਹਿਬ ਦੀ ਹਜ਼ੂਰੀ 'ਚ ਵਾਰ-ਵਾਰ ਵਚਨ ਕਰ ਕੇ ਕੀਤੀਆਂ ਅਰਦਾਸਾਂ ਭੰਗ ਕਰਦਾ ਰਿਹਾ ਤੇ ਗੁਰੂ ਸਾਹਿਬ ਬਾਰੇ ਇਹ ਵੀ ਕਹਿੰਦਾ ਰਿਹਾ ਹੈ ਕਿ ਇਸ ਪੁਰਾਣੇ ਵਕਤ ਨੂੰ ਹੁਣ ਭੁੱਲ ਜਾਣਾ ਚਾਹੀਦਾ ਹੈ।
ਮੀਟਿੰਗ 'ਚ ਜਸਵਿੰਦਰ ਸਿੰਘ ਐਡਵੋਕੇਟ ਧੜੇ ਨਾਲ ਪੱਕੇ ਤੌਰ 'ਤੇ ਜੁੜੇ ਜਸਵਿੰਦਰ ਸਿੰਘ ਜੱਸੀ ਸੂਚਨਾ ਅਧਿਕਾਰੀ ਦਰਬਾਰ ਸਾਹਿਬ ਅੱਜ ਉਸ ਧੜੇ ਨਾਲੋਂ ਟੁੱਟ ਕੇ ਅਣਖੀ ਧੜੇ ਨਾਲ ਆ ਜੁੜੇ ਤੇ ਉਨ੍ਹਾਂ ਰਾਜਮਹਿੰਦਰ ਸਿੰਘ ਮਜੀਠੀਆ ਨਾਲ ਇਹ ਵੀ ਵਾਅਦਾ ਕੀਤਾ ਕਿ ਉਹ 5 ਹੋਰ ਮੈਂਬਰਾਂ ਨੂੰ ਨਾਲ ਲੈ ਕੇ ਆਵੇਗਾ। ਇਸੇ ਤਰ੍ਹਾਂ ਮੀਟਿੰਗ ਨੂੰ ਨਿਰਮਲ ਸਿੰਘ ਠੇਕੇਦਾਰ, ਰਾਜਮਹਿੰਦਰ ਸਿੰਘ ਮਜੀਠੀਆ, ਭਾਗ ਸਿੰਘ ਅਣਖੀ, ਵਰਿਆਮ ਸਿੰਘ ਸਾਬਕਾ ਸਕੱਤਰ ਸ਼੍ਰੋਮਣੀ ਕਮੇਟੀ, ਮਨਜੀਤ ਸਿੰਘ ਤਰਨਤਾਰਨੀ, ਤੇਜਿੰਦਰ ਸਿੰਘ ਸਰਦਾਰ ਪਗੜੀ ਹਾਊਸ, ਪ੍ਰਿੰ. ਸੂਬਾ ਸਿੰਘ, ਸੁਰਿੰਦਰ ਸਿੰਘ ਰੁਮਾਲਿਆਂ ਵਾਲੇ, ਪ੍ਰੋ. ਹਰੀ ਸਿੰਘ, ਅਜੀਤ ਸਿੰਘ, ਸਵਿੰਦਰ ਸਿੰਘ ਕੱਥੂਨੰਗਲ, ਫੋਰ ਐੱਸ ਸੰਸਥਾਵਾਂ ਦੇ ਡਾਇਰੈਕਟਰ ਜਗਦੀਸ਼ ਸਿੰਘ, ਜਸਪਾਲ ਸਿੰਘ ਢਿੱਲੋਂ ਆਦਿ ਨੇ ਵੀ ਸੰਬੋਧਨ ਕੀਤਾ।

ਚੀਫ ਖਾਲਸਾ ਦੀਵਾਨ ਚੈਰੀਟੇਬਲ ਸੋਸਾਇਟੀ ਦੇ ਪ੍ਰਧਾਨ, ਮੀਤ ਪ੍ਰਧਾਨ, ਆਨਰੇਰੀ ਸਕੱਤਰ (2) ਦੀ 25 ਮਾਰਚ ਨੂੰ ਹੋਣ ਵਾਲੀ ਚੋਣ ਲਈ ਨਿਯਤ ਕੀਤੇ ਗਏ ਰਿਟਰਨਿੰਗ ਅਫਸਰ ਡਾ. ਐੱਸ. ਸੀ. ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਇਕਬਾਲ ਸਿੰਘ ਲਾਲਪੁਰਾ ਤੇ ਪ੍ਰਿੰ. ਬਲਜਿੰਦਰ ਸਿੰਘ ਦੀ ਮੀਟਿੰਗ ਹੋਈ, ਜਿਸ ਵਿਚ ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਚੋਣ ਦਫਤਰ ਸ੍ਰੀ ਗੁਰੂ ਹਰਕ੍ਰਿਸ਼ਨ ਸੀ. ਸੈ. ਪਬਲਿਕ ਸਕੂਲ ਜੀ. ਟੀ. ਰੋਡ ਅੰਮ੍ਰਿਤਸਰ ਦੇ ਮੀਟਿੰਗ ਰੂਮ 'ਚ ਸਥਾਪਤ ਕਰ ਦਿੱਤਾ ਗਿਆ ਹੈ, ਜਿਥੇ ਪ੍ਰਿੰ. ਬਲਜਿੰਦਰ ਸਿੰਘ ਚੋਣ ਸਬੰਧੀ ਦਫਤਰੀ ਕਾਰਵਾਈ ਲਈ ਜ਼ਿੰਮੇਵਾਰੀ ਸੰਭਾਲਣਗੇ।

ਉਮੀਦਵਾਰਾਂ ਲਈ ਨਾਮਜ਼ਦਗੀਆਂ (ਨਵੇਂ ਫਾਰਮ ਅਨੁਸਾਰ) ਭਰਨ ਦੀ ਪ੍ਰਕਿਰਿਆ ਅੱਜ ਤੋਂ ਬਾਅਦ ਦੁਪਹਿਰ 3 ਤੋਂ ਸ਼ਾਮ 5 ਵਜੇ ਤੱਕ ਹੋਈ ਤੇ ਹਰ ਰੋਜ਼ ਕੰਮ ਵਾਲੇ ਦਿਨ ਦਿੱਤੇ ਸਮੇਂ ਅਨੁਸਾਰ ਜਾਰੀ ਰਹੇਗੀ। ਇਹ ਨਾਮਜ਼ਦਗੀਆਂ ਚੋਣ ਦਫਤਰ ਵਿਖੇ ਹੀ ਦਾਖਲ ਕੀਤੀਆਂ ਜਾਣਗੀਆਂ। ਨਾਮਜ਼ਦਗੀਆਂ ਦਾਖਲ ਕਰਨ ਦੀ ਅੰਤਿਮ 13 ਮਾਰਚ ਨੂੰ 5 ਤੱਕ ਹੋਵੇਗੀ ਤੇ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਮਿਤੀ 16 ਮਾਰਚ 2018 ਸ਼ਾਮ 5 ਵਜੇ ਤੱਕ ਹੋਵੇਗੀ। ਚੋਣ 25 ਮਾਰਚ ਨੂੰ ਦੁਪਹਿਰ 1.30 ਵਜੇ ਤੱਕ ਚੀਫ ਖਾਲਸਾ ਦੀਵਾਨ ਦੇ ਵਿਹੜੇ ਵਿਚ ਹੋਵੇਗੀ ਤੇ ਚੋਣ ਗੁਪਤ ਬੈਲੇਟ ਪੇਪਰ ਰਾਹੀਂ ਹੋਵੇਗੀ।
end-of