
ਲੁਧਿਆਣਾ, 13 ਨਵੰਬਰ (ਗੁਰਮਿੰਦਰ ਗਰੇਵਾਲ): ਅੱਜ ਸਵੇਰੇ ਤੜਕਸਾਰ ਧੁੰਦ ਦਾ ਨਾਜਾਇਜ਼ ਫ਼ਾਇਦਾ ਚੁਕਦਿਆਂ ਫੁੱਲਾਵਾਲ ਮੇਨ ਮਾਰਕੀਟ ਸਥਿਤ ਨਾਗਰਾ ਇਲੈਕਟਰੀਕਲ ਐਡ ਇਲੈਕਟਰਾਨਿਕਸ ਦੁਕਾਨ ਤੇ ਚੋਰਾਂ ਨੇ ਸ਼ਟਰ ਦਾ ਤਾਲਾ ਭੰਨ ਕੇ ਦੁਕਾਨ ਅੰਦਰ ਪਏ ਮੋਬਾਈਲ ਫ਼ੋਨਾਂ ਤੇ ਕੈਸ਼ ਤੇ ਅਪਣਾ ਹੱਥ ਸਾਫ਼ ਕੀਤਾ।ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਤਰਲੋਚਨ ਸਿੰਘ ਨੇ ਦੱਸਿਆ ਕਿ ਉਹ ਬੀਤੀ ਰਾਤ 9 ਵਜੇ ਦੇ ਕਰੀਬ ਦੁਕਾਨ ਬੰਦ ਕਰ ਕੇ ਗਿਆ ਸੀ, ਪਰ ਅੱਜ ਜਦੋਂ ਸਵੇਰੇ ਉਹ ਦੁਕਾਨ ਤੇ ਆਇਆ ਤਾਂ ਸ਼ਟਰ ਦੇ ਤਾਲੇ ਵਾਲੀਆਂ ਕੁੰਡੀਆਂ ਟੁੱਟੀਆਂ ਹੋਈਆਂ ਸਨ ਤੇ ਦੁਕਾਨ ਅੰਦਰ ਸਾਰਾ ਸਮਾਨ ਖਿਲਰਿਆ ਪਿਆ ਸੀ। ਦੁਕਾਨ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਰੀਕਾਰਡਰ ਵੀ ਗਾਇਬ ਸੀ। ਜਦੋਂ ਉਸ ਨੇ ਦੁਕਾਨ ਦੇ ਪਿਛਲੇ ਬਣੇ ਸਟੋਰ ਨੁਮਾ ਕਮਰੇ ਵਿਚ ਜਾ ਕੇ ਵੇਖਿਆ ਤਾ ਚੋਰਾਂ ਨੇ ਦਰਾਜ ਭੰਨ ਕੇ ਉਸ ਵਿਚ ਪਿਆ ਡੇਢ ਲੱਖ ਦੇ ਕਰੀਬ ਕੈਸ਼ ਅਤੇ ਕੋਲ ਹੀ ਬੈਗ ਵਿਚ ਪਾ ਕੇ ਰੱਖੇ 27 ਮੋਬਾਈਲ ਫ਼ੋਨ, 1 ਲੈਪਟੋਪ, 1 ਟੈਬ ਤੇ ਇਕ ਹੋਮ ਥੀਏਟਰ
ਵੀ ਚੋਰੀ ਕਰ ਕੇ ਲੈ ਗਏ ਸਨ ਜਿਸ ਦੀ ਇਤਲਾਹ 100 ਨੰਬਰ ਤੇ ਦੇਣ ਤੋਂ ਕਰੀਬ ਇਕ ਘੰਟਾ ਬਾਅਦ ਪਹੁੰਚੇ ਪੀ.ਸੀ ਆਰ ਦੇ ਕਰਮਚਾਰੀਆਂ ਨੇ ਥਾਣਾ ਸਦਰ ਵਿਖੇ ਦਿਤੀ ਤੇ ਮੌਕੇ 'ਤੇ ਪਹੁੰਚੇ ਹਵਲਦਾਰ ਗੁਰਦੀਪ ਸਿੰਘ ਨੇ ਇਸ ਦੀ ਜਾਣਕਾਰੀ ਅਪਣੇ ਆਹਲਾ ਅਧਿਕਾਰੀਆਂ ਨੂੰ ਦਿਤੀ। ਮੌਕੇ 'ਤੇ ਫਿੰਗਰ ਪ੍ਰਿਟਸ ਟੀਮ ਤੇ ਡੋਗ ਸਕੂਐਡ ਟੀਮਾਂ ਨੇ ਪਹੁੰਚ ਕੇ ਚੋਰੀ ਦਾ ਸੁਰਾਗ ਲੱਭਣ ਛਾਣਬੀਨ ਸ਼ੁਰੂ ਕਰ ਦਿਤੀ। ਚੋਰਾਂ ਦੀ ਪੈੜ ਨੱਪਣ ਵਾਲਾ ਕੁੱਤਾ ਵੀ ਦੁਕਾਨ ਤੋਂ ਕੁੱਝ ਦੂਰੀ ਤੇ ਚੌਂਕ ਤਕ ਹੀ ਗਿਆ ਜਿਸ ਤੋਂ ਅਨੁਮਾਨ ਲਗਾਇਆ ਜਾ ਰਿਹਾ ਸੀ ਕਿ ਚੋਰ ਸੜਕ 'ਤੇ ਖੜੇ ਅਪਣੇ ਕਿਸੇ ਵਾਹਨ ਦਾ ਇਸਤੇਮਾਲ ਕਰਦੇ ਹੋਏ ਚੋਰੀ ਕੀਤੇ ਸਮਾਨ ਸਮੇਤ ਰਫ਼ੂ ਚੱਕਰ ਹੋ ਗਏ। ਉਕਤ ਮਾਮਲੇ ਸਬੰਧੀ ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਸੁਖਦੇਵ ਸਿੰਘ ਬਰਾੜ ਨੇ ਆਖਿਆ ਕਿ ਚੋਰੀ ਦੀ ਘਟਨਾ ਨੂੰ ਪੁਲਿਸ ਵਲੋਂ ਮਾਮਲੇ ਦੀ ਗਹਿਰਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਤੇ ਮਾਮਲਾ ਜਲਦੀ ਹੀ ਹੱਲ ਕਰ ਲਿਆ ਜਾਵੇਗਾ।