
ਬਠਿੰਡਾ: ਬੀਤੀ 5 ਦਸੰਬਰ ਨੂੰ ਬਠਿੰਡਾ ਦੀ ਪ੍ਰਯੋਗਸ਼ਾਲਾ ਯਾਨੀ ਡਾਇਗਨੋਸਟਿਕ ਸੈਂਟਰ ਵਿੱਚ ਲੱਗੀ ਅੱਗ ‘ਚ ਝੁਲਸੀ ਡਾ. ਦੀਪਸ਼ਿਖਾ ਦੀ ਮੌਤ ਮਗਰੋਂ ਉਸ ਦੇ ਪੇਕੇ ਪਰਿਵਾਰ ਨੇ ਉਸ ਦੀ ਮੌਤ ‘ਤੇ ਸਵਾਲ ਖੜ੍ਹੇ ਕੀਤੇ ਹਨ। ਡਾ. ਦੀਪਸ਼ਿਖਾ ਦੇ ਪਰਿਵਾਰ ਨੇ ਬਠਿੰਡਾ ਵਿੱਚ ਪ੍ਰੈੱਸ ਕਾਨਫ਼ਰੰਸ ਕਰਦਿਆਂ ਡਾਕਟਰ ਦੀਪਸ਼ਿਖਾ ਦੇ ਪਤੀ ‘ਤੇ ਸ਼ੱਕ ਜ਼ਾਹਰ ਕਰਦਿਆਂ ਸਵਾਲ ਕੀਤਾ ਹੈ ਸਿਰਫ 10 ਮਿੰਟਾਂ ਵਿੱਚ ਤਿੰਨ ਚਾਰ ਕਮਰਿਆਂ ਵਿੱਚ ਅੱਗ ਕਿਵੇਂ ਫੈਲ ਗਈ।
ਉਨ੍ਹਾਂ ਇਹ ਵੀ ਕਿਹਾ ਕਿ ਏਡਾ ਵੱਡਾ ਹਾਦਸਾ ਹੋਣ ਦੇ ਬਾਵਜੂਦ ਘਰ ਵਿੱਚ ਕਿਸੇ ਨੂੰ ਪਤਾ ਕਿਉਂ ਨਹੀਂ ਲੱਗਾ। ਇਸ ਮਾਮਲੇ ਵਿੱਚ ਉਨ੍ਹਾਂ ਨੇ ਥਾਣਾ ਸਿਵਲ ਲਾਈਨ ਵਿੱਚ ਐਫ.ਆਈ.ਆਰ. ਵੀ ਦਰਜ ਕਰਵਾਈ ਹੈ ਜਿਸ ਵਿੱਚ ਉਨ੍ਹਾਂ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਡਾਕਟਰ ਦੇ ਪਰਿਵਾਰ ਮੁਤਾਬਕ ਦੀਪਸ਼ਿਖਾ ਤੇ ਉਸ ਦੇ ਪਤੀ ਵਿਚਕਾਰ ਅਕਸਰ ਝਗੜਾ ਰਹਿੰਦਾ ਸੀ ਤੇ ਉਹ ਉਸ ਤੋਂ ਬੁਰੀ ਤਰ੍ਹਾਂ ਅੱਕ ਚੁੱਕੀ ਸੀ।
ਉਨ੍ਹਾਂ ਦੱਸਿਆ ਕਿ ਹੁਣ ਉਸ ਨੇ ਕਿਧਰੇ ਹੋਰ ਨੌਕਰੀ ਕਰਨ ਦਾ ਮਨ ਵੀ ਬਣਾ ਲਿਆ ਸੀ ਤੇ ਰੈਜ਼ਿਊਮੇ ਵਗੈਰਾ ਵੀ ਤਿਆਰ ਕਰ ਦਿੱਤੇ ਗਏ ਸਨ।ਉਨ੍ਹਾਂ ਸ਼ੱਕ ਜਤਾਇਆ ਕਿ ਹੋ ਸਕਦਾ ਹੈ ਕਿ ਡਾ. ਦੀਪਸ਼ਿਖਾ ਦੇ ਪਤੀ ਗਜੇਂਦਰ ਸ਼ੇਖਾਵਤ ਨੂੰ ਉਸ ਦੇ ਇੱਥੋਂ ਜਾਣ ਦਾ ਪਤਾ ਲੱਗਿਆ ਹੋਵੇ ਤੇ ਉਸ ਨੇ ਸਾਰੀ ਜਾਇਦਾਦ ਹੱਥੋਂ ਜਾਂਦਿਆਂ ਦੇਖ ਉਸ ਨੂੰ ਰਸਤੇ ਵਿੱਚੋਂ ਹੀ ਪਾਸੇ ਕਰ ਦਿੱਤਾ ਹੋਵੇ।
ਉਨ੍ਹਾਂ ਇਸ ਗੱਲ ਤੇ ਵੀ ਸਵਾਲ ਖੜ੍ਹੇ ਕੀਤੇ ਕਿ ਨਵੀਂ ਬਣੀ ਬਿਲਡਿੰਗ ਵਿੱਚ ਲੱਗੇ ਸੈਂਸਰ ਇੰਨੀ ਅੱਗ ਲੱਗਣ ਦੇ ਬਾਵਜੂਦ ਕਿਉਂ ਨਹੀਂ ਚੱਲੇ। ਉਨ੍ਹਾਂ ਇਸ ਗੱਲ ਤੇ ਵੀ ਸ਼ੱਕ ਜਤਾਇਆ ਕਿ ਹੋ ਸਕਦਾ ਹੈ ਕਿ ਡਾਕਟਰ ਦੀਪਸ਼ਿਖਾ ਦਾ ਪਹਿਲਾਂ ਹੀ ਕਤਲ ਕਰ ਦਿੱਤਾ ਹੋਵੇ ਤੇ ਬਾਅਦ ਵਿੱਚ ਘਰ ਨੂੰ ਅੱਗ ਲਗਾਈ ਗਈ ਹੋਵੇ।