
ਅੰਮ੍ਰਿਤਸਰ: ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ 'ਚ ਡੇਰਾ ਮੁਖੀ ਨੂੰ ਜੇਲ੍ਹ ਤਾਂ ਹੋ ਗਈ। ਪਰ ਹੁਣ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਂਗ ਪਹਿਰਾਵਾ ਪਾ ਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ 'ਚ ਸ੍ਰੀ ਅਕਾਲ ਤਖਤ ਸਾਹਿਬ ਤੋਂ ਰਾਮ ਰਹੀਮ ਨੂੰ ਦਿੱਤੀ ਗਈ ਮੁਆਫੀ ਦਾ ਮਾਮਲਾ ਇੱਕ ਵਾਰ ਫਿਰ ਗਰਮਾਇਆ ਹੈ। ਮੁਆਫੀ ਦੇ ਖਿਲਾਫ ਕਈ ਸਿੱਖ ਸੰਗਠਨ ਵਿਰੋਧ 'ਚ ਉਤਰ ਆਏ ਹਨ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਤੋਂ ਅਸਤੀਫੇ ਦੀ ਮੰਗ ਕੀਤੀ ਹੈ।
ਅਕਾਲੀ ਦਲ ਅੰਮ੍ਰਿਤਸਰ ਦੇ ਦਫਤਰ ਸਕੱਤਰ ਹਰਬੀਰ ਸਿੰਘ ਸੰਧੂ ਤੇ ਜਨਰਲ ਸਕੱਤਰ ਜਰਨੈਲ ਸਿੰਘ ਸਖੀਰਾ ਨੇ ਕਿਹਾ ਕਿ ਅਕਾਲੀ ਦਲ ਬਾਦਲ ਦੇ ਦਬਾਅ 'ਚ ਗਿਆਨੀ ਗੁਰਬਚਨ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਡੇਰਾ ਮੁਖੀ ਨੂੰ ਮੁਆਫ ਕਰਨ ਦਾ ਹੁਕਮਨਾਮਾ ਜਾਰੀ ਕੀਤਾ ਸੀ।
ਸਿੱਖ ਸੰਗਠਨਾਂ ਦਾ ਮੰਨਣਾ ਹੈ ਕਿ ਜੇਕਰ ਕਾਨੂੰਨ ਨੇ ਰਾਮ ਰਹੀਮ ਨੂੰ ਦੋਸ਼ੀ ਸਾਬਿਤ ਕਰ ਦਿੱਤਾ ਹੈ ਤਾਂ ਹੁਣ ਗੁਰੂ ਗੋਬਿੰਦ ਸਾਹਿਬ ਦਾ ਚੋਲਾ ਪਾਕੇ ਸਵਾਂਗ ਰਚਣ ਦੇ ਮਾਮਲੇ ਵਿੱਚ ਮੁਆਫ ਕਰਨ ਵਾਲਿਆਂ ਦੇ ਖਿਲਾਫ ਵੀ ਪੰਥਕ ਕਾਰਵਾਈ ਹੋਣੀ ਚਾਹੀਦੀ ਹੈ। ਸਿੱਖ ਸੰਗਠਨ ਦਲ ਖਾਲਸਾ ਨੇ ਵੀ ਮੰਗ ਚੁੱਕੀ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਦੋਸ਼ੀ ਪਾਏ ਗਏ ਰਾਮ ਰਹੀਮ ਨੂੰ ਮੁਆਫੀ ਦੇਣ ਦੀ ਗਲਤੀ ਨੂੰ ਸਵੀਕਾਰ ਕਰਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਤੇ ਸਿੱਖ ਪੰਥ ਤੋਂ ਮੁਆਫੀ ਮੰਗਣ।
ਉੱਧਰ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੁਅੱਤਲ ਪੰਜ ਪਿਆਰਿਆਂ ਨੇ ਵੀ ਗਿਆਨੀ ਗੁਰਬਚਨ ਸਿੰਘ ਨੂੰ ਸਿੱਖ ਪੰਥ ਤੋਂ ਮੁਆਫੀ ਮੰਗਣ ਦੀ ਮੰਗ ਕੀਤੀ ਹੈ।
ਦੂਜੇ ਪਾਸੇ ਸਰਬੱਤ ਖਾਲਸਾ ਵੱਲੋਂ ਨਿਯੁਕਤ ਕੀਤੇ ਗਏ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਖਾਲਸਾ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਧਿਆਨ ਸਿੰਘ ਮੰਡ ਵੀ ਕਹਿੰਦੇ ਹਨ ਕਿ ਰਾਮ ਰਹੀਮ ਦੇ ਅਦਾਲਤ 'ਚ ਦੋਸ਼ੀ ਸਾਬਿਤ ਹੋਣ ਤੋਂ ਬਾਅਦ ਹੁਣ ਗਿਆਨੀ ਗੁਰਬਚਨ ਸਿੰਘ ਕੋਲ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਦੇ ਅਹੁਦੇ 'ਤੇ ਬਣਿਆ ਰਹਿਣਾ ਪੰਥਕ ਸਿਧਾਤਾਂ ਦੇ ਖਿਲਾਫ ਹੈ।
ਜ਼ਿਕਰਯੋਗ ਹੈ ਕਿ ਗੁਰਮੀਤ ਰਾਮ ਰਹੀਮ ਨੇ 13 ਮਈ 2007 ਨੂੰ ਬਠਿੰਡਾ ਦੇ ਪਿੰਡ ਸਲਾਤਬਤਪੁਰਾ ਦੇ ਡੇਰੇ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਹਾ ਲਿਬਾਸ ਪਾਕੇ ਤੇ ਉਨ੍ਹਾਂ ਦੇ ਸਿਧਾਤਾਂ ਦੇ ਨਾਲ ਮਿਲਦੇ ਜੁਲਦੇ ਢੰਗ ਨਾਲ ਅੰਮ੍ਰਿਤ ਤਿਆਰ ਕੀਤਾ ਸੀ ਤੇ ਉਸ ਨੂੰ ਜਾਮ-ਏ-ਇੰਸਾ ਦਾ ਨਾਂ ਦਿੱਤਾ ਸੀ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਤਿਆਰ ਕਰਨ ਤੋਂ ਪਹਿਲਾਂ ਪੰਜ ਪਿਆਰੇ ਸਜਾਏ ਸਨ ਜਦ ਕਿ ਗੁਰਮੀਤ ਰਾਮ ਰਹੀਮ ਨੇ ਸੱਤ ਇੰਸਾ ਸਜਾਏ। ਡੇਰਾ ਮੁਖੀ ਦੇ ਇਸ ਕਾਰਨਾਮੇ ਤੋਂ ਬਾਅਦ ਪੰਜਾਬ 'ਚ ਕਾਫੀ ਵਿਰੋਧ ਹੋਇਆ ਸੀ ਤੇ ਮਾਮਲਾ ਸ੍ਰੀ ਅਕਾਲ ਤਖਤ ਸਾਹਿਬ ਤੱਕ ਪਹੁੰਚਿਆ ਸੀ।