
ਬਠਿੰਡਾ, 8 ਨਵੰਬਰ (ਸੁਖਜਿੰਦਰ ਮਾਨ/ਦੀਪਕ ਸ਼ਰਮਾ, ਜਸਪਾਲ ਸਿੰਘ ਸਿੱਧੂ/ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ): ਧੁੰਦ ਅਤੇ ਧੂੰਏ ਕਾਰਨ ਅੱਜ ਸਵੇਰੇ ਕਰੀਬ ਪੌਣੇ 9 ਵਜੇ ਬਠਿੰਡਾ ਛਾਉਣੀ 'ਚ ਸਥਿਤ ਚੇਤਕ ਪਾਰਕ ਦੇ ਨਜ਼ਦੀਕੀ ਓਵਰਬ੍ਰਿਜ ਉਪਰ ਵਾਪਰੇ ਦੋ ਭਿਆਨਕ ਸੜਕ ਹਾਦਸਿਆਂ ਵਿਚ 10 ਮਨੁੱਖੀ ਜਾਨਾਂ ਖ਼ਤਮ ਹੋ ਗਈਆਂ। ਇਨ੍ਹਾਂ ਦਸਾਂ ਵਿਚੋਂ ਸੜਕ 'ਤੇ ਖੜੇ 9 ਨੌਜਵਾਨ ਵਿਦਿਆਰਥੀਆਂ ਨੂੰ ਇਕ ਤੇਜ਼ ਰਫ਼ਤਾਰ ਟਿੱਪਰ ਚਾਲਕ ਨੇ ਕਾਲ ਦਾ ਗਰਾਸ ਬਣਾ ਦਿਤਾ ਜਦਕਿ ਇਨ੍ਹਾਂ ਹਾਦਸਿਆਂ ਵਿਚ ਇਕ ਦਰਜਨ ਦੇ ਕਰੀਬ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਇਨ੍ਹਾਂ ਨੂੰ ਇਲਾਜ ਲਈ ਭੁੱਚੋ ਰੋਡ 'ਤੇ ਸਥਿਤ ਇਕ ਨਿਜੀ ਅਤੇ ਬਠਿੰਡਾ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਮਰਨ ਵਾਲਿਆਂ ਵਿਚੋਂ ਜ਼ਿਆਦਾਤਰ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀ ਸਨ, ਜਦਕਿ ਇਕ ਖ਼ੁਰਾਕ ਤੇ ਸਪਲਾਈ ਦੀ ਨਵਨਿਯੁਕਤ ਕਲਰਕ ਅਤੇ ਇਕ ਮਹਿਲਾ ਅਧਿਆਪਕ ਵੀ ਸ਼ਾਮਲ ਹੈ। ਇਸ ਹਾਦਸੇ ਸਬੰਧੀ ਥਾਣਾ ਕੈਂਟ ਦੀ ਪੁਲਿਸ ਨੇ ਦੋ ਮੁਕੱਦਮੇ ਨੰਬਰ 107 ਅਤੇ 108 ਅਧੀਨ ਧਾਰਾ 279, 304 ਆਦਿ ਤਹਿਤ ਟਿੱਪਰ ਚਾਲਕ ਅਤੇ ਲਿਬੜਾ ਬੱਸ ਚਾਲਕ ਵਿਰੁਧ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਹਰਕਤ ਵਿਚ ਆਉਂਦੇ ਹੋਏ ਘਟਨਾ ਸਥਾਨ ਅਤੇ ਸਥਾਨਕ ਸਰਕਾਰੀ ਹਸਤਪਾਲ ਵਿਚ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿਤੇ। ਪੁਲਿਸ ਪ੍ਰਸ਼ਾਸ਼ਨ ਨੇ ਮੌਕੇ ਦੀ ਨਜਾਕਤ ਨੂੰ ਦੇਖਦਿਆ ਹੋਇਆ ਮ੍ਰਿਤਕਾਂ ਦੀ ਸ਼ਿਨਾਖ਼ਤ ਅਤੇ ਪੋਸਟ ਮਾਰਟਮ ਦੀ ਕਾਰਵਾਈ ਨੂੰ ਨੇਪਰੇ ਚਾੜ੍ਹਨ ਲਈ ਪੰਜ ਟੀਮਾਂ ਤਿਆਰ ਕੀਤੀਆਂ। ਮਹਿਲਾ ਆਈ.ਏ.ਐਸ. ਅਧਿਕਾਰੀ ਐਸ.ਡੀ. ਐਮ. ਸਾਕਸ਼ੀ ਸਾਹਨੀ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਦੇਖ-ਰੇਖ ਹੇਠ ਮ੍ਰਿਤਕਾਂ ਦਾ ਪੋਸਟ ਮਾਰਟਮ ਕਰਵਾ ਕੇ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿਤੀਆਂ। ਹਾਦਸੇ ਦੀ ਖ਼ਬਰ ਮਿਲਦਿਆ ਹੀ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਮੇਅਰ ਬਲਵੰਤ ਰਾਏ ਨਾਥ ਵੀ ਹਸਪਤਾਲ ਵਿਚ ਪਹੁੰਚੇ ਅਤੇ ਮ੍ਰਿਤਕਾਂ ਦੇ ਪਰਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕੀਤੀ। ਇਸ ਦੁੱਖ ਦੀ ਘੜੀ ਵਿਚ ਇਨਸਾਨੀ ਫ਼ਰਜ਼ ਨਿਭਾਉਂਦਿਆਂ ਪ੍ਰਾਈਵੇਟ ਐਬੂਲੈਂਸ ਵਾਲਿਆਂ ਨੇ ਮੁਫ਼ਤ ਵਿਚ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚੋਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਘਰੋ-ਘਰੀ ਪਹੁੰਚਾਇਆ। ਜਾਣਕਾਰੀ ਅਨੁਸਾਰ ਪਹਿਲੇ ਹਾਦਸੇ ਵਿਚ ਸਵੇਰੇ ਸਵਾ ਅੱਠ 8 ਵਜੇ ਬਠਿੰਡਾ ਤੋਂ ਦੇਹਰਾਦੂਨ ਜਾਣ ਵਾਲੀ ਪੀ.ਆਰ.ਟੀ.ਸੀ. ਦੀ ਬੱਸ ਪੀ.ਬੀ.03ਏ.ਜੇ-4619 ਦੇ ਅੱਗੇ ਫ਼ੌਜੀ ਛਾਉਣੀ ਕੋਲ ਸਥਿਤ ਚੇਤਕ ਪਾਰਕ ਦੇ ਨਜ਼ਦੀਕ ਓਵਰਬ੍ਰਿਜ ਉਪਰ ਅਚਾਨਕ ਇਕ ਸਬਜ਼ੀਆਂ ਨਾਲ ਭਰੀ ਛੋਟੀ ਗੱਡੀ ਹੋਲੀ ਹੋ ਜਾਣ
ਕਾਰਨ ਬੱਸ ਡਰਾਈਵਰਾਂ ਨੇ ਬਰੇਕਾਂ ਲਗਾ ਦਿਤੀਆਂ। ਇਸ ਸਰਕਾਰੀ ਬੱਸ ਦੇ ਮਗਰ ਤੇਜ਼ ਰਫ਼ਤਾਰ ਆ ਰਹੀ ਲਿਬੜਾ ਬੱਸ ਕੰਪਨੀ ਦੀ ਬੱਸ ਨੰਬਰ 3249 ਰੁਕ ਨਾ ਸਕੀ ਤੇ ਪੀ.ਟਾਰ.ਟੀ.ਸੀ. ਦੀ ਬੱਸ ਵਿਚ ਪਿੱਛੇ ਜਾ ਵੱਜੀ। ਇਸ ਕਾਰਨ ਲਿਬੜਾ ਬੱਸ ਦਾ ਡਰਾਈਵਰ ਗੁਰਪ੍ਰੀਤ ਸਿੰਘ ਪੁੱਤਰ ਜੁਗਰਾਜ ਸਿੰਘ ਵਾਸੀ ਭੁੱਚੋਂ ਕਲਾਂ ਸਹਿਤ ਇਕ ਦਰਜਨ ਦੇ ਕਰੀਬ ਸਵਾਰੀਆਂ ਜ਼ਖ਼ਮੀ ਹੋ ਗਈਆਂ। ਜਿਨ੍ਹਾਂ ਨੂੰ ਸਹਾਰਾ ਵਰਕਰਾਂ ਦੁਆਰਾ ਲੋਕਾਂ ਦੀ ਸਹਾਇਤਾਂ ਨਾਲ ਆਦੇਸ਼ ਮੈਡੀਕਲ ਹਸਪਤਾਲ ਵਿਚ ਭਰਤੀ ਕਰਵਾਇਆ। ਕੁੱਝ ਸਮੇਂ ਬਾਅਦ ਇਨ੍ਹਾਂ ਜ਼ਖ਼ਮੀਆਂ ਵਿਚ ਸ਼ਾਮਲ ਬਠਿੰਡਾ ਦੇ ਬਾਬਾ ਫ਼ਰੀਦ ਨਗਰ ਦੀ ਰਹਿਣ ਵਾਲੀ ਇਕ ਮਹਿਲਾ ਅਧਿਆਪਕ ਮਨਦੀਪ ਕੌਰ(32) ਪਤਨੀ ਅਸ਼ੋਕ ਕੁਮਾਰ ਜੋ ਲਿਬੜਾ ਬੱਸ 'ਚ ਸਵਾਰ ਹੋ ਕੇ ਪਿੱਥੋ ਸਰਕਾਰੀ ਸਕੂਲ ਜਾ ਰਹੀ ਸੀ, ਦੀ ਮੌਤ ਹੋ ਗਈ। ਇਸ ਦੌਰਾਨ ਦੂਜੀ ਸਾਈਡ ਰਾਮਪੁਰਾ ਤੋਂ ਬਠਿੰਡਾ ਵੱਲ ਨੂੰ ਆ ਰਹੀ ਸੜਕ ਉਪਰ ਇਸੇ ਓਵਰਬ੍ਰਿਜ ਉਪਰ ਦੋ ਕਾਰਾਂ ਆਪਸ ਵਿਚ ਟਕਰਾ ਗਈਆਂ। ਇਨ੍ਹਾਂ ਕਾਰਾਂ ਨੂੰ ਬਚਾਉਂਦੇ ਹੋਏ ਬਠਿੰਡਾ ਨੂੰ ਆ ਰਹੀ ਪੇਂਡੂ ਬੱਸ (ਪੀ.ਬੀ. 13 ਡਬਲਿਊ-6374) ਦੇ ਡਰਾਈਵਰ ਨੇ ਬਰੇਕਾਂ ਲਗਾ ਦਿਤੀਆਂ, ਪ੍ਰੰਤੂ ਇਸ ਬੱਸ ਵਿਚ ਪਿੱਛੇ ਤੋਂ ਬਠਿੰਡਾ ਬੱਸ ਕੰਪਨੀ (ਪੀ.ਬੀ. 03 ਵਾਈ-9055) ਆ ਵੱਜੀ। ਹਾਦਸਿਆਂ ਦੀ ਲੜੀ ਰੁਕੀ ਨਹੀਂ ਤੇ ਇਸ ਬੱਸ 'ਚ ਆ ਕੇ ਇਕ ਸੂਮੋ ਕਾਰ ਪੀ.ਬੀ.31 ਸੀ-3138 ਆ ਵੱਜੀ। ਇਸ ਤਰ੍ਹਾਂ ਇਕ ਪਿੱਕ ਗੱਡੀ ਸਣੇ ਇਸ ਮੌਕੇ ਕਈ ਕਾਰਾਂ ਇਕ ਦੂਜੇ ਨਾਲ ਟਕਰਾਉਂਦੀਆਂ ਗਈਆਂ। ਇਸ ਹਾਦਸਿਆਂ ਦੌਰਾਨ ਸਵਾਰੀਆਂ ਪੇਂਡੂ ਬੱਸ ਅਤੇ ਬਠਿੰਡਾ ਬੱਸ ਸਰਵਿਸ ਵਿਚੋਂ ਉਤਰ ਕੇ ਪਿਛਲੇ ਪਾਸੇ ਅਪਣੀ ਸਾਈਡ ਪੁਲ ਦੇ ਨਾਲ ਲੱਗ ਕੇ ਖੜ ਗਈਆਂ ਜਿਨ੍ਹਾਂ ਵਿਚ ਜ਼ਿਆਦਾਤਰ ਵਿਦਿਆਰਥੀ ਹੀ ਸਨ। ਇਸ ਦੌਰਾਨ ਪਿੱਛੋਂ ਇਕ ਤੇਜ਼ ਰਫ਼ਤਾਰ ਬਜਰੀ ਤੇ ਸੀਮਿੰਟ ਦੇ ਘੋਲ ਨਾਲ ਭਰਿਆ ਮਿਕਸਚਰ ਟਿੱਪਰ (ਐਚ.ਆਰ. 63 ਏ-5404) ਆ ਗਿਆ ਜਿਸ ਨੂੰ ਪਿੱਛੇ ਹਾਦਸੇ ਹੋਣ ਕਾਰਨ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਡਰਾਈਵਰ ਨੇ ਲਾਪਰਵਾਹੀ ਵਰਤਿਆਂ ਪਹਿਲਾਂ ਅਪਣੇ ਟਿੱਪਰ ਨੂੰ ਇਕ ਕਾਰ ਤੇ ਫ਼ਿਰ ਸੂਮੋ ਵਿਚ ਮਾਰਿਆਂ ਜਿਸ ਨਾਲ ਸੂਮੋ ਪੁਲ ਵਿਚਕਾਰ ਡਿਵਾਈਡਰ 'ਤੇ ਪਲਟ ਗਈ ਤੇ ਇਹ ਟਿੱਪਰ ਤੇਜ਼ ਰਫ਼ਤਾਰ ਨਾਲ ਹੀ ਪੁਲ ਦੀ ਇਕ ਸਾਈਡ ਖੜੀਆਂ ਸਵਾਰੀਆਂ ਉਪਰ ਚੜ੍ਹ ਗਿਆ ਤੇ ਦੂਰ ਤਕ ਘੜੀਸਦਾ ਗਿਆ ਜਿਸ ਨਾਲ 9 ਜਣਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਇਨ੍ਹਾਂ ਦੀਆਂ ਲਾਸ਼ਾਂ ਬੁਰੀ ਤਰ੍ਹਾਂ ਖਿੰਡ-ਪੁੰਡ ਗਈਆਂ। ਟਿੱਪਰ ਚਾਲਕ ਮੌਕੇ ਤੋਂ ਫ਼ਰਾਰ ਹੋਣ ਵਿਚ ਸਫ਼ਲ ਰਿਹਾ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸਮਾਜ ਸੇਵੀ ਸੰਸਥਾਵਾਂ ਅਤੇ ਪੁਲਿਸ ਨੇ ਮ੍ਰਿਤਕਾਂ ਦੀ ਲਾਸ਼ਾਂ ਨੂੰ ਸਥਾਨਕ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ।
ਡੱਬੀ
ਸੜਕ ਹਾਦਸੇ ਨੇ ਬੁਝਾਏ ਕਈ ਘਰਾਂ ਦੇ ਚਿਰਾਗ ਤੇ ਕਈਆਂ ਦੀਆਂ ਸੱਧਰਾਂ ਰੋਲੀਆਂ
ਅੱਜ ਵਾਪਰੇ ਇਸ ਸੜਕ ਹਾਦਸੇ ਨੇ ਕਈ ਘਰਾਂ ਦੇ ਚਿਰਾਗ ਬੁਝਾ ਦਿਤੇ ਤੇ ਕਈਆਂ ਦੀਆਂ ਸੱਧਰਾਂ ਰੋਲ ਦਿਤੀਆਂ। ਭੁੱਚੋ ਮੰਡੀ ਦਾ ਈਸ਼ਵਰ ਦਾਸ (19) ਪੁੱਤਰ ਗੋਪਾਲ ਕ੍ਰਿਸ਼ਨ ਅਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸ ਦੇ ਘਰ ਦੀ ਆਰਥਕ ਹਾਲਾਤ ਕੋਈ ਬਹੁਤੀ ਚੰਗੀ ਨਹੀਂ ਸੀ ਤੇ ਉਸ ਦਾ ਪਿਤਾ ਅਪਣੇ ਰਿਸ਼ਤੇਦਾਰ ਨਾਲ ਮਿਲ ਕੇ ਬਠਿੰਡਾ 'ਚ ਇਕ ਪ੍ਰਾਈਵੇਟ ਹਸਪਤਾਲ ਵਿਚ ਦਵਾਈਆਂ ਦਾ ਕੰਮ ਕਰਦਾ ਸੀ। ਈਸ਼ਵਰ ਦਾਸ ਬਠਿੰਡਾ 'ਚ ਅਪਣੀ ਬਾਰ੍ਹਵੀਂ ਦੀ ਕੋਚਿੰਗ ਲੈਣ ਆਉਂਦਾ ਸੀ। ਇਸੇ ਤਰ੍ਹਾਂ ਪਿੰਡ ਦਿਆਲਪੁਰਾ ਦਾ ਰਫ਼ੀ ਖ਼ਾਨ ਸਥਾਨਕ ਰਜਿੰਦਰ ਕਾਲਜ ਦਾ ਬੀ.ਏ. ਫ਼ਾਈਨਲ ਦਾ ਵਿਦਿਆਰਥੀ ਸੀ ਜਿਸ ਦੇ ਪਿਤਾ ਦੀ ਕੁੱਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ ਤੇ ਮਾਤਾ ਤੇ ਭਰਾ ਪੂਰੀ ਮਿਹਨਤ ਤੇ ਮਜ਼ਦੂਰੀ ਕਰ ਕੇ ਉਸ ਨੂੰ ਅੱਗੇ ਪੜਾ ਰਹੇ ਸਨ। ਰਫ਼ੀ ਦੀ ਲਾਸ਼ ਲੈਣ ਆਏ ਉਸ ਦੇ ਵੱਡੇ ਭਰਾ ਨੇ ਰੋਂਦੇ ਹੋਏ ਦਸਿਆ ਕਿ ਉਨ੍ਹਾਂ ਦੀ ਇੱਛਾ ਸੀ ਕਿ ਪਰਵਾਰ ਵਿਚੋਂ ਇਕ ਪੜ੍ਹ ਲਿਖ ਕੇ ਅੱਗੇ ਵਧ ਜਾਵੇ। ਉਧਰ ਬਠਿੰਡਾ ਦੇ ਬਾਬਾ ਫ਼ਰੀਦ ਨਗਰ ਦੀ ਗਲੀ ਨੰਬਰ 1/11 ਦੀ ਅਧਿਆਪਕਾ ਮਨਦੀਪ ਕੌਰ ਅਪਣੇ ਪਿੱਛੇ ਤਿੰਨ ਸਾਲਾਂ ਦੇ ਇਕਲੌਤੇ ਪੁੱਤਰ ਨੂੰ ਛੱਡ ਕੇ ਚਲੀ ਗਈ। ਕਰੀਬ ਚਾਰ ਪਹਿਲਾਂ ਅਧਿਆਪਕ ਕਿੱਤੇ ਵਿਚ ਲੱਗੇ ਅਸ਼ੋਕ ਕੁਮਾਰ ਨਾਲ ਵਿਆਹੀ ਸਮਾਜਕ ਸਿਖਿਆ ਅਧਿਆਪਕ ਮਨਦੀਪ ਕੌਰ ਹਰ ਰੋਜ਼ ਦੀ ਤਰ੍ਹਾਂ ਪ੍ਰਾਈਵੇਟ ਬੱਸ 'ਤੇ ਸਵਾਰ ਹੋ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੱਥੋ ਜਾ ਰਹੀ ਸੀ। ਅਚਾਨਕ ਅੱਗਿਉਂ ਸਰਕਾਰੀ ਬੱਸ ਨੂੰ ਬਰੇਕਾਂ ਲੱਗ ਜਾਣ ਕਾਰਨ ਉਸ ਵਾਲੀ ਬੱਸ ਬੇਕਾਬੂ ਹੋ ਕੇ ਉਸ ਵਿਚ ਜਾ ਵੱਜੀ ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਈ ਤੇ ਆਦੇਸ਼ ਹਸਪਤਾਲ ਵਿਚ ਦਮ ਤੋੜ ਗਈ।
ਡੱਬੀ
ਹਾਦਸੇ ਦੇ ਗਵਾਹਾਂ ਦੇ ਵੀ ਉਡੇ ਹੋਸ਼
ਪਹਿਲਾਂ ਹੋਏ ਹਾਦਸੇ ਵਿਚ ਜ਼ਖਮੀ ਹੋਏ ਵਿਅਕਤੀਆਂ ਨੂੰ ਮੁਢਲੀ ਸਹਾਇਤਾ ਪਹੁੰਚਾ ਕੇ ਹਸਪਤਾਲ ਪਹੁੰਚਾਉਣ ਵਾਲੇ ਇਨ੍ਹਾਂ ਵਿਦਿਆਰਥੀਆਂ ਨੂੰ ਕੁੱਝ ਮਿੰਟਾਂ ਬਾਅਦ ਹੀ ਮੌਤ ਨੇ ਅਪਣੇ ਅਗੋਸ਼ ਵਿਚ ਲੈ ਲਿਆ। ਸਥਾਨਕ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਅਪਣੇ ਦੋਸਤਾਂ ਦੀਆਂ ਲਾਸ਼ਾਂ ਲੈਣ ਆਏ ਚਰਨਜੀਤ ਸਿੰਘ ਪਿੰਡ ਬਾਂਲਿਆਵਾਲੀ ਵਿਦਿਆਰਥੀ ਸਥਾਨਕ ਰਾਜਿੰਦਰਾ ਕਾਲਜ ਨੇ ਦਸਿਆ ਉਹ ਅਪਣੇ ਦੋਸਤਾਂ ਨਾਲ ਰਾਮਪੁਰੇ ਤੋਂ ਬਠਿੰਡੇ ਆਉਣ ਲਈ ਨਿਜੀ ਬੱਸ ਵਿਚ ਚੜ੍ਹਿਆ ਸੀ, ਜਦੋਂ ਉਨ੍ਹਾਂ ਦੀ ਬੱਸ ਸਥਾਨਕ ਚੇਤਕ ਪਾਰਕ ਕੋਲ ਪਹੁੰਚੀ ਤਾਂ ਪਹਿਲਾਂ ਤੋਂ ਹੀ ਹਾਦਸੇ ਦਾ ਸ਼ਿਕਾਰ ਹੋਈ ਬੱਸ ਨਾਲ ਟਕਰਾ ਗਈ ਜਿਸ ਕਾਰਨ ਕੁੱਝ ਸਵਾਰੀਆਂ ਦੇ ਸੱਟਾਂ ਵੱਜ ਗਈਆਂ। ਉਸ ਨੇ ਅਤੇ ਉਸ ਦੇ ਦੋਸਤਾਂ ਨੇ ਜ਼ਖ਼ਮੀ ਹੋਈਆਂ ਸਵਾਰੀਆਂ ਨੂੰ ਮੁਢਲੀ ਸਹਾਇਤਾ ਦੇਣ ਤੋਂ ਬਾਅਦ ਐਬੂਲੈਂਸ ਰਾਹੀਂ ਹਸਪਤਾਲ ਵਿਚ ਪਹੁੰਚਾਇਆ ਅਤੇ ਬਾਅਦ ਵਿਚ ਦੂਸਰੀ ਬੱਸ ਦੀ ਉਡੀਕ ਕਰਨ ਲੱਗ ਪਏ। ਚਰਨਜੀਤ ਸਿੰਘ ਨੇ ਰੋਦੇ ਹੋਏ ਦਸਿਆ ਕਿ ਹਾਦਸੇ ਸਮੇਂ ਉਸ ਨੇ ਭੱਜ ਕੇ ਅਪਣੀ ਜਾਨ ਬਚਾਈ ਅਤੇ ਅਪਣੀ ਇਕ ਦੋਸਤ ਦੀ ਬਾਂਹ ਖਿੱਚ ਕੇ ਉਸ ਨੂੰ ਪਰਾ ਕੀਤਾ ਪਰ ਉਹ ਅਪਣੇ ਬਾਕੀ ਦੋਸਤਾਂ ਦੀ ਜਾਨ ਨਹੀਂ ਬਚਾ ਸਕਿਆ। ਉਸ ਦੇ ਦਸਣ ਅਨੁਸਾਰ ਕੁੱਝ ਮਿੰਟਾਂ ਬਾਅਦ ਹੀ ਹੱਸਦੇ ਖੇਡਦੇ ਉਸ ਦੇ ਦੋਸਤ ਮਾਸ ਦੇ ਲੋਥੜਿਆਂ ਦੀ ਸ਼ਕਲ ਵਿਚ ਸੜਕ 'ਤੇ ਖਿੱਲਰੇ ਪਏ ਸਨ।
ਡੱਬੀ:
ਜ਼ਖ਼ਮੀਆਂ ਦੀ ਸੂਚੀ
ਆਦੇਸ਼ ਹਸਪਤਾਲ ਵਿਚ ਦਾਖ਼ਲ ਜ਼ਖ਼ਮੀਆਂ ਵਿਚ ਅਮਨਪ੍ਰੀਤ ਕੌਰ (25) ਵਾਸੀ ਪਿੱਥੋ, ਰਮਨਦੀਪ ਕੌਰ (28) ਵਾਸੀ ਜੇਠੂਕੇ, ਜਗਵਿੰਦਰ ਕੌਰ (34) ਵਾਸੀ ਢਪਾਲੀ, ਅਮ੍ਰਿਤਪਾਲ ਕੌਰ (30) ਵਾਸੀ ਬਠਿੰਡਾ, ਗੁਰਪ੍ਰੀਤ ਸਿੰਘ (29) ਲਿਬੜਾ ਬੱਸ ਡਰਾਈਵਰ ਅਤੇ ਵਾਸੀ ਭੁੱਚੋ ਕਲਾਂ, ਹਰਪ੍ਰੀਤ ਕੌਰ (19) ਵਾਸੀ ਭੁੱਚੋ ਕਲਾਂ, ਪ੍ਰਿਯਾ ਗਰਗ (19) ਵਾਸੀ ਰਾਮਪੁਰਾ ਫੂਲ, ਤਾਨੀਆ ਬਾਂਸਲ (18) ਵਾਸੀ ਰਾਮਪੁਰਾ ਫੂਲ, ਸਤਿਆ ਰਾਣੀ (74) ਵਾਸੀ ਬਠਿੰਡਾ, ਮਨਥਨ (21) ਵਾਸੀ ਰਾਮਪੁਰਾ ਫੂਲ ਅਤੇ ਹਰਪ੍ਰੀਤ ਸਿੰਘ ਸ਼ਾਮਲ ਹੈ। ਇਸੇ ਤਰ੍ਹਾਂ ਸਿਵਲ ਹਸਪਤਾਲ ਬਠਿੰਡਾ ਪੁੱਜੇ ਜਗਮੋਹਨ ਸਿੰਘ ਪੁੱਤਰ ਮਲਕੀਤ ਸਿੰਘ ਲਹਿਰਾਮੁਹੱਬਤ, ਮਨਦੀਪ ਸਿੰਘ ਪੁੱਤਰ ਕੁਲਵਿੰਦਰ ਸਿੰਘ ਵਾਸੀ ਦਿਆਲਪੁਰਾ, ਰਮਨਦੀਪਕ ਕੌਰ ਪੁੱਤਰੀ ਸੇਵਕ ਸਿੰਘ ਵਾਸੀ ਰਈਆ, ਹਰਸਿਮਰ ਕੌਰ ਪੁੱਤਰੀ ਹਰਪਾਲ ਸਿੰਘ ਵਾਸੀ ਮਾਨਸਾ, ਮਨਦੀਪ ਸਿੰਘ ਪੁੱਤਰ ਲਾਭ ਸਿੰਘ ਵਾਸੀ ਪਿੰਡ ਭੂੰਦੜ ਵਜੋਂ ਹੋਈ ਹੈ।
ਡੱਬੀ
ਪੁਲਿਸ ਤੇ ਸਿਵਲ ਪ੍ਰਸ਼ਾਸਨ ਦੀ ਭੂਮਿਕਾ ਰਹੀ ਸ਼ਲਾਘਾਯੋਗ
ਹਾਦਸੇ ਤੋਂ ਬਾਅਦ ਜ਼ਿਲ੍ਹੇ ਦਾ ਪੂਰਾ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਦੀਪਾਰਵਾ ਲਾਕੜਾ ਅਤੇ ਐਸ.ਐਸ.ਪੀ. ਨਵੀਨ ਸਿੰਗਲਾ ਸਹਿਤ ਸਾਰੇ ਅਧਿਕਾਰੀ ਹਰਕਤ ਵਿਚ ਆ ਗਏ। ਨੌਜਵਾਨ ਐਸ.ਡੀ.ਐਮ. ਸਾਕਸ਼ੀ ਸਾਹਨੀ ਅਤੇ ਪੁਲਿਸ ਦੇ ਐਸ.ਪੀ ਗੁਰਮੀਤ ਸਿੰਘ ਤੋਂ ਇਲਾਵਾ ਡੀ.ਐਸ.ਪੀ. ਦਵਿੰਦਰ ਸਿੰਘ ਤੇ ਡੀ.ਐਸ.ਪੀ. ਗੁਰਪ੍ਰੀਤ ਸਿੰਘ ਤੋਂ ਇਲਾਵਾ ਸਿਵਲ ਹਸਪਤਾਲ ਦੇ ਡਾਕਟਰ ਐਸ.ਐਸ. ਰੋਮਾਣਾ ਅਤੇ ਡਾ ਗੁਰਮੇਲ ਸਿੰਘ ਆਦਿ ਦੀ ਟੀਮ ਨੇ ਬਿਨਾਂ ਰੁਕੇ ਸਮਾਜ ਸੇਵੀ ਸੰਸਥਾਵਾਂ ਦੀ ਮਦਦ ਨਾਲ ਸੇਵਾ ਸੰਭਾਲ ਸ਼ੁਰੂ ਕਰ ਦਿਤੀ। ਹਾਲਾਂਕਿ ਇਸ ਮੌਕੇ ਮ੍ਰਿਤਕਾਂ ਦੀਆਂ ਲਾਸ਼ਾਂ ਦੇ ਮੁਰਦਾਘਰ ਵਿਚ ਪਹੁੰਚਣ ਤੋਂ ਲਗਭਗ ਇਕ ਘੰਟਾ ਬਾਅਦ ਸਿਵਲ ਸਰਜਨ ਮੁਰਦਾਘਰ ਵਿਚ ਪਹੁੰਚੇ। ਦੂਜੇ ਪਾਸੇ ਹਾਦਸਾ ਹੋਣ ਦੀ ਖ਼ਬਰ ਮਿਲਣ ਤੋਂ ਬਾਅਦ ਵੀ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿਚ ਸਿਰਫ਼ ਇਕ ਡਾਕਟਰ ਅਪਣੀ ਡਿਊਟੀ ਨਿਭਾ ਰਿਹਾ ਸੀ, ਬਾਅਦ ਵਿਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਦਬਾਅ ਪਾਉਣ 'ਤੇ ਹੋਰ ਡਾਕਟਰਾਂ ਨੂੰ ਐਮਰਜੈਂਸੀ ਡਿਊਟੀ ਉਪਰ ਸੱਦਿਆ ਗਿਆ। ਇਸ ਤੋਂ ਇਲਾਵਾ ਜਦ ਵਿਨੋਦ ਕੁਮਾਰ ਦੀ ਲਾਸ਼ ਐਂਬੂਲੈਂਸ ਵਿਚ ਰੱਖੀ ਜਾਣ ਲੱਗੀ ਤਾਂ ਸਹੀ ਤਰੀਕੇ ਨਾਲ ਨਾ ਬੰਨੀ ਹੋਣ ਕਾਰਨ ਲਾਸ਼ ਦੇ ਚੀਥੜੇ ਇਧਰ-ਉਧਰ ਖਿਲਰਨ ਲੱਗੇ ਜਿਸ ਕਾਰਨ ਵਾਰਸਾਂ ਨੇ ਕਾਫ਼ੀ ਰੋਸ ਪ੍ਰਗਟਾਇਆ।