
ਮੋਹਾਲੀ - ਆਰ. ਐੱਸ. ਐੱਸ. ਨੇਤਾ ਰਵਿੰਦਰ ਗੋਸਾਈਂ ਕਤਲ ਕੇਸ ਦੇ ਮੁਲਜ਼ਮਾਂ ਰਮਨਦੀਪ ਸਿੰਘ ਕੈਨੇਡੀਅਨ ਅਤੇ ਹਰਦੀਪ ਸਿੰਘ ਸ਼ੇਰਾ ਨੇ ਐੱਨ. ਆਈ. ਏ. ਵਲੋਂ ਕੀਤੀ ਗਈ ਪੁੱਛਗਿਛ ਵਿਚ ਵੱਡੇ ਅਹਿਮ ਖੁਲਾਸੇ ਕੀਤੇ ਹਨ। ਸੂਤਰਾਂ ਦੀ ਮੰਨੀਏ ਤਾਂ ਦੋਵਾਂ ਮੁਲਜ਼ਮਾਂ ਨੇ ਪੰਜਾਬ ਵਿਚ 8 ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਜਿਨ੍ਹਾਂ ਵਿਚ ਲੁਧਿਆਣਾ ਦੇ ਈਸਾਈ ਪਾਦਰੀ ਸੁਲਤਾਨ ਮਸੀਹ ਵੀ ਸ਼ਾਮਲ ਹਨ।
ਮੁਲਜ਼ਮਾਂ ਨੇ ਮੰਨਿਆ ਕਿ ਉਨ੍ਹਾਂ ਦੇ ਨਿਸ਼ਾਨੇ 'ਤੇ ਆਰ. ਐੱਸ. ਐੱਸ. ਨੇਤਾ ਅਤੇ ਹਿੰਦੂ ਸੰਸਥਾਵਾਂ ਦੇ ਨੇਤਾ ਸਨ ।
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ. ਆਈ. ਏ.) ਵਲੋਂ ਉੱਤਰ ਪ੍ਰਦੇਸ਼ (ਯੂ. ਪੀ.) ਨਿਵਾਸੀ ਪਹਾੜ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਪਹਾੜ ਸਿੰਘ ਦੋਵਾਂ ਮੁਲਜ਼ਮਾਂ ਕੈਨੇਡੀਅਨ ਅਤੇ ਸ਼ੇਰਾ ਨੂੰ ਹਥਿਆਰ ਸਪਲਾਈ ਕਰਦਾ ਸੀ। ਸੂਤਰਾਂ ਮੁਤਾਬਕ ਮੁਲਜ਼ਮ ਹਰਦੀਪ ਸਿੰਘ ਯੂ. ਪੀ. ਨਿਵਾਸੀ ਪਹਾੜ ਸਿੰਘ ਦੇ ਸੰਪਰਕ ਵਿਚ ਸੀ।
ਉਹ ਹਥਿਆਰ ਲੈਣ ਲਈ 3 ਵਾਰ ਯੂ. ਪੀ. ਗਿਆ ਸੀ, ਜਿਥੋਂ ਉਹ ਕੰਟਰੀ ਮੇਡ 315 ਬੋਰ ਪਿਸਟਲ ਪਹਾੜ ਸਿੰਘ ਤੋਂ ਖਰੀਦ ਕੇ ਲਿਆਇਆ ਸੀ। ਐੱਨ. ਆਈ. ਏ. ਵਲੋਂ ਮੁਲਜ਼ਮਾਂ ਰਮਨਦੀਪ ਸਿੰਘ ਉਰਫ ਕੈਨੇਡੀਅਨ, ਹਰਦੀਪ ਸਿੰਘ ਉਰਫ ਸ਼ੇਰਾ, ਪਹਾੜ ਸਿੰਘ ਅਤੇ ਧਰਮਿੰਦਰ ਸਿੰਘ ਉਰਫ ਗੁਗਨੀ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ।
ਮਾਣਯੋਗ ਅਦਾਲਤ ਨੇ ਧਰਮਿੰਦਰ ਸਿੰਘ ਉਰਫ ਗੁਗਨੀ ਨੂੰ 2 ਦਿਨ ਦੇ ਹੋਰ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਜਦੋਂਕਿ ਬਾਕੀ ਤਿੰਨਾਂ ਮੁਲਜ਼ਮਾਂ ਨੂੰ ਕਾਨੂੰਨੀ ਹਿਰਾਸਤ ਵਿਚ ਭੇਜ ਦਿੱਤਾ । ਐੱਨ. ਆਈ. ਏ. ਨੇ ਅਦਾਲਤ ਵਿਚ ਗੁਗਨੀ ਦਾ ਪੁਲਸ ਰਿਮਾਂਡ ਮੰਗਦੇ ਹੋਏ ਦਲੀਲ ਦਿੱਤੀ ਕਿ ਗੁਗਨੀ ਦੇ ਬੈਂਕ ਅਕਾਊਂਟਸ ਅਤੇ ਉਨ੍ਹਾਂ ਵਿਚ ਹੋਈ ਪੈਸੇ ਦੀ ਟਰਾਂਜੈਕਸ਼ਨ ਚੈੱਕ ਕਰਨੀ ਹੈ। ਏਜੰਸੀ ਨੂੰ ਸ਼ੱਕ ਹੈ ਕਿ ਮੁਲਜ਼ਮ ਦੇ ਬੈਂਕ ਅਕਾਊਂਟਸ ਵਿਚ ਵਿਦੇਸ਼ਾਂ ਤੋਂ ਪੈਸਾ ਆਇਆ ਹੈ।
ਖੰਨਾ ਪੁਲਿਸ ਨੇ ਕੈਨੇਡੀਅਨ ਅਤੇ ਸ਼ੇਰਾ ਨੂੰ ਲਿਆ ਪ੍ਰੋਡਕਸ਼ਨ ਵਾਰੰਟ 'ਤੇ
ਜਿਵੇਂ ਹੀ ਮੋਹਾਲੀ ਸਥਿਤ ਐੱਨ. ਆਈ. ਏ. ਦੀ ਅਦਾਲਤ ਨੇ ਰਮਨਦੀਪ ਸਿੰਘ ਉਰਫ ਕੈਨੇਡੀਅਨ, ਹਰਦੀਪ ਸਿੰਘ ਉਰਫ ਸ਼ੇਰਾ ਨੂੰ ਕਾਨੂੰਨੀ ਹਿਰਾਸਤ ਵਿਚ ਭੇਜਣ ਦੇ ਹੁਕਮ ਦਿੱਤੇ ਤਾਂ ਅਦਾਲਤ ਵਿਚ ਪਹੁੰਚੀ ਖੰਨਾ ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲੈਣ ਦੀ ਮੰਗ ਕੀਤੀ।
ਖੰਨਾ ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਦੋਵਾਂ ਮੁਲਜ਼ਮਾਂ ਤੋਂ ਖੰਨਾ ਦੇ ਪਿੰਡ ਜਗੇੜਾ ਵਿਚ ਡੇਰਾ ਸੱਚਾ ਸੌਦਾ ਦੇ ਨਾਮ ਚਰਚਾ ਘਰ ਦੀ ਕੰਟੀਨ ਕੋਲ ਡੇਰਾ ਪ੍ਰੇਮੀ ਪਿਤਾ ਅਤੇ ਪੁੱਤਰ ਦੇ ਕਤਲ ਕੇਸ ਅਤੇ ਆਰ. ਆਰ. ਐੱਸ. ਨੇਤਾ ਦੁਰਗਾਦਾਸ ਦੀ ਹੱਤਿਆ ਸਬੰਧੀ ਪੁੱਛਗਿਛ ਕਰਨੀ ਹੈ। ਮਾਣਯੋਗ ਅਦਾਲਤ ਨੇ ਦੋਵਾਂ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਭੇਜ ਦਿੱਤਾ ।
ਜ਼ਿਕਰਯੋਗ ਹੈ ਕਿ 26 ਫਰਵਰੀ ਨੂੰ ਕਰੀਬ 65 ਸਾਲ ਦੇ ਸੱਤਪਾਲ ਕੁਮਾਰ ਅਤੇ ਉਸ ਦੇ ਪੁੱਤਰ ਰਮੇਸ਼ ਦੀ ਉਸ ਸਮੇਂ ਹੱਤਿਆ ਕਰ ਦਿੱਤੀ ਗਈ ਸੀ ਜਦੋਂ ਉਹ ਨਾਮ ਚਰਚਾ ਘਰ ਦੀ ਕੰਟੀਨ ਕੋਲ ਖੜ੍ਹੇ ਸਨ। ਇਹ ਕੇਸ ਅਜੇ ਤਕ ਹੱਲ ਨਹੀਂ ਹੋਇਆ ਹੈ।