
ਚੋਣਾਂ ਦੇ ਮੌਸਮ ‘ਚ ਕੋਈ ਪਾਰਟੀ ਵੀ ਹਲਕੇ ‘ਚ ਨਹੀਂ ਲੈਣਾ ਚਾਹੁੰਦੀ ਇਸ ਲਈ ਈਵੀਐੱਮ ਦੇ ਪ੍ਰਯੋਗ ਨੂੰ ਲੈ ਕੇ ਟ੍ਰੈਨਿੰਗ ਦਿੱਤੀ ਜਾ ਰਹੀ ਹੈ। ਕਾਂਗਰਸ ਆਪਣੇ ਉਮੀਦਵਾਰਾਂ ਦੇ ਪ੍ਰਤੀਨਿਧੀਆਂ ਨੂੰ ਈਵੀਐੱਮ ਦੀ ਹਰ ਬਰੀਕੀ ਨੂੰ ਸਮਝਾਉਣ ਦੇ ਲਈ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਕਾਂਗਰਸ ਨੇ ਜੈਮਰ ਦੀ ਮੰਗ ਕੀਤੀ ਹੈ ਤੇ ਬੀਜੇਪੀ ਨੇ ਹੈਲੀਕਾਪਟਰ ਪੈਡ ਦੀ ਮੰਗ ਕੀਤੀ ਹੈ।
ਗਾਂਧੀ ਨਗਰ ਚੋਣ ਅਯੋਗ ਦਫਤਰ ‘ਚ ਹਰ ਰੋਜ਼ ਨਵੀਂ ਮੰਗ ਪੁੱਜ ਰਹੀ ਹੈ। ਹਿਮਾਚਲ ਪ੍ਰਦੇਸ਼ ‘ਚ ਵਿਧਾਨ ਸਭਾ ਚੋਣਾਂ ਹੋ ਚੁੱਕੀਆਂ ਹਨ ਅਤੇ ਹੁਣ ਗੁਜਰਾਤ ‘ਚ ਚੋਣਾਂ ਦੀ ਤਿਆਰੀ ਜ਼ੋਰਾਂ ‘ਤੇ ਹੈ, ਜਿਥੇ ਕੇਂਦਰ ਦੀ ਸੱਤਾਧਾਰੀ ਭਾਜਪਾ ਦੀ ਸਾਖ ਦਾਅ ‘ਤੇ ਲੱਗੀ ਹੋਈ ਹੈ। ਇਸੇ ਕਾਰਨ ਗੁਜਰਾਤ ਦੀਆਂ ਚੋਣਾਂ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦਾ ਗ੍ਰਹਿ ਸੂਬਾ ਹੋਣ ਕਰਕੇ ਗੁਜਰਾਤ ਵਿਧਾਨ ਸਭਾ ਦੀਆਂ ਚੋਣਾਂ ਵਿਸ਼ੇਸ਼ ਰੂਪ ਅਖਤਿਆਰ ਕਰ ਚੁੱਕੀਆਂ ਹਨ, ਜਿਨ੍ਹਾਂ ‘ਤੇ ਪੂਰੇ ਦੇਸ਼ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਨੋਟਬੰਦੀ, ਵਧਦੀ ਬੇਰੁਜ਼ਗਾਰੀ ਅਤੇ ਜੀ. ਐੱਸ. ਟੀ. ਕਾਰਨ ਅੱਜ ਹਾਲਾਤ ਭਾਜਪਾ ਦੇ ਪੱਖ ‘ਚ ਦਿਖਾਈ ਨਹੀਂ ਦੇ ਰਹੇ।
ਇਨ੍ਹਾਂ ਗੱਲਾਂ ਦਾ ਗੁਜਰਾਤ ਦੀਆਂ ਚੋਣਾਂ ‘ਤੇ ਉਲਟਾ ਅਸਰ ਪੈ ਸਕਦਾ ਹੈ ਅਤੇ ਇਹ ਗੱਲ ਭਾਜਪਾ ਵੀ ਸਮਝ ਰਹੀ ਹੈ। ਇਸੇ ਕਾਰਨ ਉਸ ਨੇ ਆਪਣੀ ਪੂਰੀ ਤਾਕਤ ਗੁਜਰਾਤ ‘ਚ ਲਾ ਦਿੱਤੀ ਹੈ। ਗੁਜਰਾਤ ਦੀਆਂ ਚੋਣਾਂ ਨੂੰ ਮੋਦੀ ਦੀ ਸਾਖ ਨਾਲ ਜੋੜ ਕੇ ਹਮਦਰਦੀ ਬਟੋਰਨ ਦੀ ਕੋਸ਼ਿਸ਼ ਵੀ ਨਜ਼ਰ ਆਉਣ ਲੱਗੀ ਹੈ, ਤਾਂ ਹੀ ਇਸ ਗੱਲ ਦੇ ਸੰਕੇਤ ਮੁੱਖ ਤੌਰ ‘ਤੇ ਉੱਭਰ ਕੇ ਸਾਹਮਣੇ ਆਉਣ ਲੱਗੇ ਹਨ, ਜਿਥੇ ਕਿਹਾ ਜਾ ਰਿਹਾ ਹੈ ਕਿ ਕੀ ਗੁਜਰਾਤ ਦੇ ਲੋਕ ਆਪਣੇ ਪ੍ਰਧਾਨ ਮੰਤਰੀ ਨੂੰ ਹਰਾਉਣਾ ਚਾਹੁਣਗੇ?
ਜਦਕਿ ਇਨ੍ਹਾਂ ਚੋਣਾਂ ਨਾਲ ਪ੍ਰਧਾਨ ਮੰਤਰੀ ਦੀ ਕੋਈ ਸਾਖ ਨਹੀਂ ਜੁੜੀ ਹੋਈ ਪਰ ਮੋਦੀ ਦਾ ਗ੍ਰਹਿ ਸੂਬਾ ਗੁਜਰਾਤ ਹੋਣ ਕਾਰਨ ਇਨ੍ਹਾਂ ਚੋਣਾਂ ਨੂੰ ਸੰਵੇਦਨਸ਼ੀਲ ਬਣਾਉਣ ਦੇ ਯਤਨ ਜਾਰੀ ਹਨ। ਗੁਜਰਾਤ ਦੀਆਂ ਚੋਣਾਂ ਦੇ ਨਤੀਜੇ ਅਗਲੀਆਂ ਚੋਣਾਂ ਨੂੰ ਵੀ ਪ੍ਰਭਾਵਿਤ ਕਰਨਗੇ। ਇਸੇ ਕਾਰਨ ਭਾਜਪਾ ਜਿਵੇਂ-ਕਿਵੇਂ ਕਰ ਕੇ ਗੁਜਰਾਤ ਦੇ ਚੋਣ ਨਤੀਜੇ ਆਪਣੇ ਪੱਖ ‘ਚ ਚਾਹੁੰਦੀ ਹੈ।
ਗੁਜਰਾਤ ‘ਚ ਪਿਛਲੇ 20 ਸਾਲਾਂ ਤੋਂ ਭਾਜਪਾ ਦਾ ਰਾਜ ਹੈ ਤੇ ਸਭ ਤੋਂ ਵੱਧ ਸਮਾਂ ਨਰਿੰਦਰ ਮੋਦੀ ਇਥੇ ਮੁੱਖ ਮੰਤਰੀ ਰਹੇ। ਮੋਦੀ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤਕ ਪਹੁੰਚਾਉਣ ‘ਚ ਗੁਜਰਾਤ ਸੂਬੇ ਦੇ ਵਿਕਾਸ ਦੇ ਨਾਲ-ਨਾਲ ਉਥੋਂ ਦੇ ਲੋਕਾਂ ਦੀ ਭਾਵਨਾ ਵੀ ਸਭ ਤੋਂ ਉਪਰ ਰਹੀ ਹੈ ਪਰ ਮੌਜੂਦਾ ਹਾਲਾਤ ਪਹਿਲਾਂ ਵਰਗੇ ਨਜ਼ਰ ਨਹੀਂ ਆ ਰਹੇ। ਦੂਜੇ ਪਾਸੇ ਗੁਜਰਾਤ ਵਿਚ ਤਕੜੀ ਵਿਰੋਧੀ ਧਿਰ ਵੀ ਨਜ਼ਰ ਨਹੀਂ ਆ ਰਹੀ।
ਭਾਜਪਾ ਤੋਂ ਪਹਿਲਾਂ ਕਾਂਗਰਸ ਵੀ ਉਥੇ ਕਈ ਸਾਲ ਰਾਜ ਕਰ ਚੁੱਕੀ ਹੈ। ਭਾਜਪਾ ਵਿਰੋਧੀ ਤਾਕਤਾਂ ਨੂੰ ਆਪਣੇ ਨਾਲ ਜੋੜ ਕੇ ਆਪਣਾ ਵਜੂਦ ਕਾਇਮ ਕਰਨ ਦੀ ਕੋਸ਼ਿਸ਼ ‘ਚ ਕਾਂਗਰਸ ਸਰਗਰਮ ਨਜ਼ਰ ਆਉਂਦੀ ਹੈ। ਕਾਂਗਰਸ ਨਾਲ ਖੜ੍ਹੇ ਹਾਰਦਿਕ ਪਟੇਲ ਦੇ ਵਿਰੋਧੀ ਤੇਵਰ ਭਾਜਪਾ ਨੂੰ ਨੁਕਸਾਨ ਪਹੁੰਚਾ ਸਕਦੇ ਹਨ।